ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਸਿੱਖ ਵਿਦਵਾਨ ਡਾ. ਪਰਮਵੀਰ ਸਿੰਘ ਦੀ ਪੁੱਸਤਕ ਨੂੰ ਰਿਲੀਜ਼ ਕਰਦੇ ਹੋਏ
ਪਟਿਆਲਾ, 30 ਦਸੰਬਰ, 2016 : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮੌਕੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਵਿਰਾਸਤ ਬਾਰੇ ਜਾਣਕਾਰੀ ਮੁਹਈਆ ਕਰਵਾਉਣੀ ਸ਼ਲਾਘਾਯੋਗ ਕਾਰਜ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਤਾ। ਉਹ ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਦੇ ਮੁੱਖੀ ਡਾ. ਪਰਮਵੀਰ ਸਿੰਘ ਦੀ ਲਿਖੀ ਪੁੱਸਤਕ "ਗੁਰੂ ਗੋਬਿੰਦ ਸਿੰਘ ਜੀ ਅਤੇ ਬਿਹਾਰ ਦੀ ਸਿੱਖ ਵਿਰਾਸਤ" ਲੋਕ ਅਰਪਿਤ ਕਰ ਰਹੇ ਸਨ। ਪ੍ਰੋ. ਬਡੂੰਗਰ ਨੇ ਪੁੱਸਤਕ ਰਿਲੀਜ਼ ਕਰਨ ਮੌਕੇ ਦੱਸਿਆ ਕਿ ਡਾ. ਪਰਮਵੀਰ ਸਿੰਘ ਨੇ ਪਹਿਲਾਂ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਿੰਤਨ ਅਤੇ ਵਿਚਾਰਧਾਰਾ, ਸਿੱਖ ਅਧਿਐਨ, ਭਾਈ ਰੂਪ ਚੰਦ: ਵਿਰਾਸਤ ਅਤੇ ਵੰਸ਼ ਪਰੰਪਰਾ, ਮਾਤਾ ਸੁੰਦਰੀ ਜੀ: ਸੰਘਰਸ਼ ਅਤੇ ਸਖਸ਼ੀਅਤ" ਸੰਗਤਾਂ ਨੂੰ ਅਰਪਨ ਕਰ ਚੁੱਕੇ ਹਨ। ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਵਿਰਾਸਤ ਬਾਰੇ ਸੰਗਤਾਂ ਨੂੰ ਜਾਣਕਾਰੀ ਪਹੁੰਚਾਉਣ ਲਈ ਖੋਜ ਕਰਨ ਵਿਚ ਯਤਨਸ਼ੀਲ ਹਨ। ਉਹਨਾਂ ਕਿਹਾ ਕਿ ਇਸ ਪੁੱਸਤਕ ਰਾਹੀਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਅਤੇ ਜੀਵਨ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਦਸਮ ਪਿਤਾ ਜੀ ਦੇ ਜੀਵਨ ਨਾਲ ਹਰ ਪਹਿਲੂ ਨੂੰ ਲਿਖਤਾਂ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਜਿਸ ਵਿਚ ਬਿਹਾਰ ਦੀ ਸਿੱਖ ਵਿਰਾਸਤ ਇਤਿਹਾਸਕ ਗੁਰਧਾਮ ਅਤੇ ਹੁਕਮਨਾਮੇ ਮੂਲ ਸਰੂਪ ਗੁਰੂ ਜੀ ਦੀਆਂ ਵਿਰਾਸਤੀ ਨਿਸ਼ਾਨੀਆਂ ਸਹਿਤ ਸਿਰਜਨਾ ਦੇ ਕੁੱਝ ਪ੍ਰਮੁੱਖ ਬੰਧ ਲਿਖੇ ਗਏ ਹਨ। ਪੁੱਸਤਕ ਰਲੀਜ ਕਰਨ ਮੌਕੇ ਪ੍ਰੋ. ਬਡੂੰਗਰ ਤੋਂ ਇਲਾਵਾ ਪੁੱਸਤਕ ਦੇ ਲੇਖਕ ਡਾ. ਪਰਮਵੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਵਿੰਦਰ ਸਿੰਘ ਸਭਰਵਾਲ, ਡਾ. ਪਰਮਜੀਤ ਸਿੰਘ ਸਰੋਆ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਭਾਈ ਭੁਪਿੰਦਰ ਸਿੰਘ ਆਦਿ ਹਾਜਰ ਸਨ।