ਚੰਡੀਗੜ੍ਹ, 6 ਜਨਵਰੀ, 2017 : ਭਾਰਤ ਦੇ ਚੋਣ ਕਮਿਸ਼ਨ ਨੂੰ ਅਕਾਲੀ ਆਗੂਆਂ ਦੀ ਜੇਲ ਵਿੱਚ ਅਪਰਾਧੀਆਂ ਨਾਲ ਮੀਟਿੰਗ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਉਨਾਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਡਰਾਉਣ ਲਈ ਅਪਰਾਧੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਅਬੋਹਰ ਦੇ ਅਕਾਲੀ ਆਗੂਆਂ ਦੀ ਫਾਜਿਲਕਾ ਜੇਲ ਵਿੱਚ ਸ਼ਿਵ ਲਾਲ ਡੋਡਾ ਨਾਲ ਮੀਟਿੰਗ ਅਧਿਕਾਰੀਆਂ ਦੀ ਅੱਖਾਂ ਖੋਲਣ ਵਾਲੀ ਹੈ। ਆਪ ਆਗੂ ਨੇ ਕਿਹਾ ਕਿ ਡੋਡਾ ਵੱਲੋਂ ਜੇਲ ਵਿੱਚ ਖੁੱਲੇ ਤੌਰ ਉਤੇ ਸੰਗਤ ਦਰਸ਼ਨ ਲਗਾਇਆ ਜਾਂਦਾ ਸੀ, ਪਰ ਅਫਸਰਾਂ ਵੱਲੋਂ ਬਾਦਲਾਂ ਦੇ ਦਬਾਅ ਕਾਰਨ ਉਨਾਂ ਖਿਲਾਫ ਕੋਈ ਕਾਰਵਾਈ ਕਰਨ ਤੋਂ ਪਾਸਾ ਵੱਡਿਆ ਜਾਂਦਾ ਸੀ।
ਸੁਖਬੀਰ ਬਾਦਲ ਵੱਲੋਂ ਜਲਾਲਾਬਾਦ ਤੋਂ ਚੋਣ ਲੜਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਆਖਿਰਕਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਉਮੀਦਵਾਰੀ ਐਲਾਨ ਕੇ ਹਿੰਮਤ ਵਿਖਾਈ ਹੈ ਅਤੇ ਹੁਣ ਭਗਵੰਤ ਮਾਨ ਆਪਣੇ ਪੋਸਟਰ ਛਪਵਾਉਣ ਲਈ ਆਰਡਰ ਦੇ ਸਕਦੇ ਹਨ। ਉਨਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਇਸ ਵਾਰ ਵੋਟਰਾਂ ਵੱਲੋਂ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਸੰਜੇ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਆਪਣੀ ਲੋਕਪ੍ਰਿਅਤਾ ਦੀਆਂ ਫੜਾਂ ਮਾਰਦੇ ਰਹਿੰਦੇ ਹਨ ਅਤੇ ਇਹ ਉਨਾਂ ਲਈ ਢੁਕਵਾਂ ਸਮਾਂ ਹੈ ਕਿ ਉਹ ਜਲਾਲਾਬਾਤ ਤੋਂ ਚੋਣ ਲੜਨ ਤੇ ਆਪਣੀ ਲੋਕਪ੍ਰਿਅਤਾ ਚੈਕ ਕਰਨ। ਉਨਾਂ ਕਿਹਾ ਕਿ ਸੁਖਬੀਰ, ਮਜੀਠੀਆ ਅਤੇ ਕੈਪਟਨ ਵੱਲੋਂ ਕੇਜਰੀਵਾਲ ਨੂੰ ਉਨਾਂ ਖਿਲਾਫ ਚੋਣ ਲੜਨ ਲਈ ਕਿਹਾ ਜਾਂਦਾ ਹੈ, ਜਦਕਿ ਉਹ ਇੱਕ-ਦੂਜੇ ਖਿਲਾਫ ਚੋਣ ਲੜਨ ਦੀ ਸੋਚਦੇ ਵੀ ਨਹੀਂ।
ਸਰਵੇਖਣ ਰਿਪੋਰਟਾਂ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਸੰਜੇ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਕੋਈ ਨਹੀਂ ਗੱਲ ਨਹੀਂ ਹੈ। ਦਿੱਲੀ ਵਿੱਚ ਸਾਡੇ ਬਾਰੇ 10 ਸੀਟਾਂ ਤੋਂ ਘੱਟ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹੂੰਝਾ ਫੇਰ ਜਿੱਤ ਹਾਸਿਲ ਹੋਈ ਅਤੇ ਪਾਰਟੀ ਨੇ 70 ਵਿੱਚੋਂ 67 ਸੀਟਾਂ ਹਾਸਿਲ ਕੀਤੀਆਂ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਇਤਿਹਾਸ ਦੁਹਰਾਏਗੀ ਅਤੇ ਪੰਜਾਬ ਵਿੱਚ ਦਿੱਲੀ ਵਾਲਾ ਰਿਕਾਰਡ ਵੀ ਤੋੜਿਆ ਜਾਵੇਗਾ। ਸੰਜੇ ਸਿੰਘ ਨੇ ਕਿਹਾ ਕਿ ਪੰਜਾਬੀਆਂ ਦਾ ਸਮਰਥਨ ਅਤੇ ਰੈਲੀਆਂ ਵਿੱਚ ਭਾਰੀ ਭੀੜ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਹਾਸਿਲ ਕਰੇਗੀ।
ਜਰਨੈਲ ਸਿੰਘ ਦੀ ਉਮੀਦਵਾਰੀ ਬਾਰੇ ਗੱਲ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਉਨਾਂ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ ਅਤੇ ਪੰਜਾਬ ਵਿੱਚ ਵੋਟ ਲਈ ਅਪਲਾਈ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਰਨੈਲ ਸਿੰਘ ਹਰ ਹਾਲਤ ਵਿੱਚ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣਗੇ।
ਸੰਜੇ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਲੋਕਾਂ ਨਾਲ ਮੀਟਿੰਗ ਕਰਨ ਦੀ ਬਜਾਏ ਟਿਕਟ ਲੈਣ ਵਿੱਚ ਦਿਲਚਸਪੀ ਵਿਖਾਈ ਜਾ ਰਹੀ ਹੈ। ਕਈ ਮਹੀਨਿਆਂ ਤੋਂ ਸਾਰੇ ਕਾਂਗਰਸੀ ਆਗੂਆਂ ਨੇ ਦਿੱਲੀ ਵਿੱਚ ਡੇਰੇ ਲਗਾਏ ਹੋਏ ਹਨ ਅਤੇ ਲੋਕਾਂ ਨਾਲੋਂ ਉਨਾਂ ਦਾ ਸੰਪਰਕ ਟੁੱਟ ਚੁੱਕਿਆ ਹੈ।