ਅੰਮ੍ਰਿਤਸਰ, 31 ਦਸੰਬਰ, 2016 : ਦਿੱਲੀ ਦੇ ਸਿਹਤ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਕੁਮਾਰ ਜੈਨ ਨੇ ਮੋਦੀ ਸਰਕਾਰ ਉਤੇ ਸੀਬੀਆਈ ਦੀ ਦੁਰਵਰਤੋਂ ਕਰਨ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਦਫ਼ਤਰਾਂ ਉਤੇ ਛਾਪੇਮਾਰੀ ਕਰ ਝੂਠੇ ਦੋਸ਼ਾਂ ਵਿੱਚ ਫਸਾ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਡਰਾਉਣ ਦਾ ਦੋਸ਼ ਲਗਾਇਆ ਹੈ। ਅੰਮ੍ਰਿਤਸਰ 'ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨਾਂ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਵਧ ਰਹੀ ਲੋਕਪ੍ਰਿਅਤਾ ਦੇ ਕਾਰਨ ਮੋਦੀ ਅਤੇ ਉਸ ਦੀ ਜੁੰਡਲੀ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਅਤੇ ਉਹ ਲੋਕਾਂ ਦੀ ਆਵਾਜ ਨੂੰ ਦਬਾਉਣ ਵਿੱਚ ਰੁੱਝੇ ਹੋਏ ਹਨ। ਸੀਬੀਆਈ ਵੱਲੋਂ ਉਨਾਂ ਦੇ 6ਦਫਤਰ 'ਤੇ ਹਾਲ ਹੀ ਕੀਤੀ ਗਈ ਛਾਪੇਮਾਰੀ ਦਾ ਜਿਕਰ ਕਰਦਿਆਂ ਜੈਨ ਨੇ ਕਿਹਾ ਕਿ ਹਰ ਮੰਤਰੀ ਨੂੰ ਇੱਕ ਵਿਸ਼ੇਸ਼ ਅਧਿਕਾਰ ਤਹਿਤ ਉਸ ਦਾ ਓ.ਐਸ.ਡੀ. ਨਿਯੁਕਤ ਕਰਨ ਦਾ ਹੱਕ ਹੈ, ਜਿਸ ਦੇ ਤਹਿਤ ਉਨਾਂ ਨੇ ਡਾ. ਨਿਕੁੰਜ ਅਗਰਵਾਲ ਨੂੰ ਓਐਸਡੀ ਬਣਾਇਆ ਅਤੇ ਦੋ ਮਹੀਨੇ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਵੱਡੇ ਬਿਜਨਸ ਘਰਾਣਿਆਂ ਵੱਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਉਤੇ ਸਵਾਲ ਕਰਦਿਆਂ ਜੈਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਨਾਲ ਬੇਹਿਸਾਬੀ ਦੌਲਤ ਇਕੱਠੀ ਕਰਨ ਵਾਲੇ ਇਨਾਂ ਕਾਰੋਬਾਰੀਆਂ ਦੇ ਖਿਲਾਫ ਪ੍ਰਧਾਨ ਮੰਤਰੀ ਵੱਲੋਂ ਸੀਬੀਆਈ ਜਾਂਚ ਕਿਓਂ ਨਹੀਂ ਕੀਤੀ ਜਾਂਦੀ।
ਸਤਿੰਦਰ ਜੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਬਾਦਲ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੰਜਾਬ ਵਿੱਚ ਕਿਸਾਨ ਬਹੁਤ ਦੁਖੀ ਹਨ। ਉਨਾਂ ਕਿਹਾ ਕਿ ਖਰਾਬ ਹੋਈਆਂ ਫਸਲਾਂ ਦੇ ਮੁਆਵਜੇ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਗਈ, ਜਦਕਿ ਦਿੱਲੀ ਸਰਕਾਰ ਵੱਲੋਂ ਖਰਾਬ ਹੋਈਆਂ ਫਸਲਾਂ ਦੇ 50 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਂਦਾ ਹੈ।
ਉਨਾਂ ਦੋਸ਼ ਲਗਾਇਆ ਕਿ ਅਕਾਲੀਆਂ ਅਤੇ ਕਾਂਗਰਸ ਨੇ ਇੱਕ ਦੂਜੇ ਦੇ ਵਪਾਰਿਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਸ ਵਿੱਚ ਗੁਪਤ ਸਮਝੌਤਾ ਕਰ ਲਿਆ ਹੈ। ਉਨਾਂ ਕਿਹਾ ਕਿ ਅਕਾਲੀਆਂ ਨੇ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬਚਾਅ ਕੀਤਾ ਹੈ, ਜਦਕਿ ਕੈਪਟਨ ਕਾਂਗਰਸ ਨੇ ਨਸ਼ਾ ਤਸਕਰੀ ਅਤੇ ਹੋਰ ਗੈਰਕਾਨੂੰਨੀ ਧੰਦਿਆਂ ਵਿੱਚ ਅਕਾਲੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਮਿਲੇ ਹਨ ਅਤੇ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਨਾਂ ਕਿਹਾ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟ ਅਕਾਲੀ ਅਤੇ ਕਾਂਗਰਸੀ ਆਗੂਆਂ ਨੂੰ ਨਿਸ਼ਾਨੇ ਉਤੇ ਲਿਆ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਜੋਨ ਦੇ ਇੰਚਾਰਜ ਸਰਬਜੋਤ ਸਿੰਘ ਅਤੇ ਮੀਡੀਆ ਇੰਚਾਰਜ ਗੁਰਭੇਜ ਸਿੰਘ ਵੀ ਮੌਜੂਦ ਸਨ।