ਅੰਮ੍ਰਿਤਸਰ, 1 ਜਨਵਰੀ, 2017 : ਗੁਰੂ ਨਗਰੀ ਅੰਮ੍ਰਿਤਸਰ ਦੀ ਸਮੁੱਚੀ ਵਾਲਡ ਸਿਟੀ (ਅੰਦਰੂਨੀ ਸ਼ਹਿਰ) ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ ਅਤੇ ਆਉਂਦੇ ਤਿੰਨ ਸਾਲਾਂ 'ਚ ਇਸ ਨੂੰ ਭਾਰਤ ਦੀ ਸੈਰ ਸਪਾਟਾ ਸਨਅੱਤ ਦੀ ਹੱਬ ਬਣਾ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਨਵੇਂ ਸਾਲ ਮੌਕੇ ਦਰਬਾਰ ਸਾਹਿਬ ਪਲਾਜ਼ਾ ਦੀ ਬੇਸਮੈਂਟ ਵਿਚ ਪੰਜਾਬ ਸਰਕਾਰ ਵੱਲੋਂ 223 ਕਰੋੜ ਦੀ ਲਾਗਤ ਨਾਲ ਤਿਆਰ ਕਰਵਾਇਆ ਕਥਾ ਆਧਾਰਿਤ ਮਲਟੀ-ਮੀਡੀਆ ਵਿਆਖਿਆ ਕੇਂਦਰ ਮਾਨਵਤਾ ਨੂੰ ਸਮਰਪਿਤ ਕਰਨ ਮੌਕੇ ਕੀਤਾ। ਦੇਸ਼ ਵਿਚ ਆਪਣੀ ਤਰ੍ਹਾਂ ਦੇ ਪਹਿਲੇ ਇਸ ਕੇਂਦਰ ਵਿਚ ਚਾਰ ਹਾਈ-ਟੈੱਕ ਗੈਲਰੀਆਂ ਰਾਹੀਂ ਸਿੱਖ ਇਤਿਹਾਸ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਦੀ ਬਾਖੂਬੀ ਪੇਸ਼ਕਾਰੀ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਸਾਰੀਆਂ ਗੈਲਰੀਆਂ ਵਿਚ ਜਾ ਕੇ ਸ਼ੋਅ ਦੇਖੇ ਅਤੇ ਇਸ ਕੇਂਦਰ ਦੇ ਡਿਜ਼ਾਈਨਰ ਅਤੇ ਬਾਕੀ ਸਟਾਫ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਸ ਮਲਟੀ-ਮੀਡੀਆ ਕੇਂਦਰ ਦੇ ਚਾਰਾਂ ਸਟੂਡੀਓ ਵਿਚ 45 ਮਿੰਟਾਂ ਵਿਚ ਚਾਰ ਸ਼ੋਅ ਚੱਲਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਸ਼ੋਅ ਰੋਜ਼ਾਨਾ 10 ਘੰਟੇ ਚਲਾਏ ਜਾਣਗੇ ਅਤੇ ਬਾਅਦ ਵਿਚ ਇਨ੍ਹਾਂ ਦਾ ਸਮਾਂ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਅਤੇ ਦੇਸ਼-ਵਿਦੇਸ਼ 'ਚੋਂ ਆਉਂਦੇ ਸੈਲਾਨੀਆਂ ਨੂੰ ਇਹ ਕੇਂਦਰ ਸਿੱਖ ਇਤਿਹਾਸ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਏਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਅਤਿ-ਆਧੁਨਿਕ ਵਿਦੇਸ਼ੀ ਤਕਨਾਲੋਜੀ ਰਾਹੀਂ ਕੰਪਿਊਟਰੀਕ੍ਰਿਤ ਲਾਈਟਿੰਗ ਇਫੈਕਟ ਦਾ ਕੰਮ ਵੀ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਜੋ ਕਿ ਆਉਂਦੇ 10 ਦਿਨਾਂ ਵਿਚ ਮੁਕੰਮਲ ਕਰ ਲਿਆ ਜਾਵੇਗਾ ਅਤੇ ਮਾਘੀ ਤੱਕ ਇਹ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਰਮਨੀ, ਇਟਲੀ ਅਤੇ ਹੋਰਨਾਂ ਯੂਰਪੀਅਨ ਮੁਲਕਾਂ ਦੀ ਅਤਿ-ਆਧੁਨਿਕ ਤਕਨਾਲੋਜੀ ਰਾਹੀਂ ਕੀਤੀ ਜਾਣ ਵਾਲੀ ਦੀਪਮਾਲਾ ਨਾਲ ਵੱਖ-ਵੱਖ ਸਮੇਂ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅਨੂਠੀ ਝਲਕ ਪੇਸ਼ ਹੋਵੇਗੀ ਅਤੇ ਇਹ ਨਜ਼ਾਰਾ ਅਲੌਕਿਕ ਹੋਵੇਗਾ।
ਸ. ਬਾਦਲ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਕੀਤੇ ਗਏ ਰਿਕਾਰਡ ਤੋੜ ਵਿਕਾਸ ਕਾਰਨ ਇਥੋਂ ਦੀ ਸੈਰ ਸਪਾਟਾ ਸਨਅੱਤ ਵਿਚ ਪਿਛਲੇ ਤਿੰਨ ਮਹੀਨਿਆਂ ਦੌਰਾਨ 60 ਫੀਸਦੀ ਦਾ ਉਛਾਲ ਆਇਆ ਹੈ ਅਤੇ ਸੈਲਾਨੀ ਵੱਡੀ ਗਿਣਤੀ ਵਿਚ ਇਥੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦਾ ਵਿਕਾਸ ਕਰਨਾ ਉਨ੍ਹਾਂ ਦੀ ਦਿਲੀ ਭਾਵਨਾ ਹੈ ਜਦਕਿ ਵਿਰੋਧੀ ਪਾਰਟੀਆਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਵਿਚ ਕਰਵਾਇਆ ਗਿਆ ਵਿਕਾਸ ਮੂੰਹੋਂ ਬੋਲਦਾ ਹੈ ਅਤੇ ਪੰਜ ਸਾਲਾਂ ਬਾਅਦ ਮੁਲਕ ਦਾ ਕੋਈ ਵੀ ਸੂਬਾ ਅਜਿਹਾ ਨਹੀਂ ਹੋਵੇਗਾ, ਜੋ ਕਿ ਵਿਕਾਸ ਪੱਖੋਂ ਪੰਜਾਬ ਦਾ ਮੁਕਾਬਲਾ ਕਰ ਸਕੇ।
ਵਿਰੋਧੀ ਪਾਰਟੀਆਂ ਵੱਲੋਂ ਗੱਲ-ਗੱਲ 'ਤੇ ਸਰਕਾਰ ਦੀ ਨੁਕਤਾਚੀਨੀ ਕਰਨ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਵਿਰੋਧੀ ਆਗੂਆਂ ਦੇ ਚਰਿੱਤਰ, ਇਤਿਹਾਸ ਅਤੇ ਪਿਛੋਕੜ ਬਾਰੇ ਸਾਰੇ ਜਾਣਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਕੋਈ ਕੰਮ ਦੀ ਗੱਲ ਨਹੀਂ ਕਰ ਸਕਦੇ ਅਤੇ ਉਨ੍ਹਾਂ ਦਾ ਕੰਮ ਤਾਂ ਨਕਤਾਚੀਨੀ ਕਰਨਾ ਅਤੇ ਝੂਠ ਬੋਲਣਾ ਹੀ ਹੈ ਜਦਕਿ ਸਾਡਾ ਕੰਮ ਵਿਕਾਸ ਕਰਨਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਵਿਕਾਸ ਦੀ ਗੱਲ ਕਿਉਂ ਨਹੀਂ ਕਰਦੇ? ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਆਰਥਿਕਤਾ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਘਰ ਬਣਾਉਣ ਲਈ ਕਰਜ਼ੇ ਦੀ ਵਿਆਜ਼ ਦਰ ਘਟਾ ਕੇ ਗ਼ਰੀਬਾਂ ਲਈ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹਾਲੇ ਟ੍ਰੇਲਰ ਹੈ, ਫ਼ਿਲਮ ਤਾਂ ਅਜੇ ਬਾਕੀ ਹੈ ਜੋ ਆਗਾਮੀ ਬੱਜਟ ਵਿਚ ਦਿਸੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਵਿਚ ਜ਼ੀਰੋ ਫੀਸਦੀ ਵਿਆਜ਼ ਦਰ 'ਤੇ ਫ਼ਸਲ ਲਈ ਕਰਜ਼ਾ ਦਿੰਦੀ ਹੈ। ਅੰਮ੍ਰਿਤਸਰ ਸ਼ਹਿਰ ਵਿਚ ਸਫ਼ਾਈ ਦੀ ਸਮੱਸਿਆ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਸਫ਼ਾਈ ਦਾ ਕੰਮ ਕੇਵਲ ਸਰਕਾਰ ਦਾ ਨਹੀਂ, ਸਗੋਂ ਲੋਕਾਂ ਨੂੰ ਵੀ ਇਸ ਲਈ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਉਹ ਸੇਵਾ ਸਮਝ ਕੇ ਗੁਰੂ ਨਗਰੀ ਨੂੰ ਸਾਫ਼ ਰੱਖਣ।
ਅਜੇ ਤੱਕ ਆਪਣਾ ਚੋਣ ਹਲਕਾ ਨਾ ਐਲਾਨੇ ਜਾਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਉਨ੍ਹਾਂ ਨੇ ਕਿਥੋਂ ਚੋਣ ਲੜਨੀ ਹੈ ਅਤੇ ਉਥੇ ਉਨ੍ਹਾਂ ਦੇ ਚੋਣ ਦਫ਼ਤਰ ਵੀ ਖੁੱਲ੍ਹ ਗਏ ਹਨ, ਇਸ ਲਈ ਇਹ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇਕ ਰਵਾਇਤ ਰਹੀ ਹੈ ਕਿ ਉਨ੍ਹਾਂ ਦੇ ਚੋਣ ਹਲਕੇ ਦਾ ਐਲਾਨ ਬਾਅਦ ਵਿਚ ਹੀ ਹੁੰਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਸਾਬਕਾ ਕੈਬਨਿਟ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਵਿਧਾਇਕ ਸ. ਰਵਿੰਦਰ ਸਿੰਘ ਬ੍ਰਹਮਪੁਰਾ, ਭਾਜਪਾ ਦੇ ਕੌਮੀ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਨਵਦੀਪ ਸਿੰਘ ਗੋਲਡੀ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਸ. ਅਵਤਾਰ ਸਿੰਘ ਟਰੱਕਾਂਵਾਲਾ, ਡਿਪਟੀ ਕਮਿਸ਼ਨਰ ਡਾ ਬਸੰਤ ਗਰਗ, ਕਮਿਸ਼ਨਰ ਪੁਲਿਸ ਸ੍ਰੀ ਲੋਕ ਨਾਥ ਆਂਗਰਾ, ਡੀ. ਸੀ. ਪੀ ਸ੍ਰੀ ਜੇ ਐਲਨਚੇਜ਼ੀਅਨ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਵਿਆਖਿਆ ਕੇਂਦਰ ਦੇ ਮੁੱਖ ਡਿਜ਼ਾਈਨਰ ਸ੍ਰੀ ਅਮਰ ਬਹਿਲ, ਐਕਸੀਅਨ ਸ. ਜੀ ਐਸ ਸੋਢੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।