ਚੰਡੀਗੜ੍ਹ, 26 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ 9 ਸੂਤਰੀ ਏਜੰਡੇ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ 2002 ਵਿੱਚ ਸਰਕਾਰ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਵੀ ਕੈਪਟਨ ਨੇ ਅਜਿਹੇ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਉਨਾਂ ਵਾਅਦਿਆਂ ਨੂੰ ਅਮਲੀਜਾਮਾ ਪਹਿਨਾਉਣ ਦੀ ਥਾਂ ਕੈਪਟਨ ਨੇ ਵਾਅਦਿਆਂ ਦੇ ਉਲਟ ਜਾ ਕੇ ਕੰਮ ਕੀਤੇ, ਜਿਸ ਕਾਰਨ ਲੋਕਾਂ ਨੇ ਉਨਾਂ ਦੀਆਂ ਗੱਲਾਂ ਉਤੇ ਯਕੀਨ ਕਰਨਾ ਬੰਦ ਕਰ ਦਿੱਤਾ ਹੈ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਰ ਘਰ ਵਿੱਚ ਇੱਕ ਨੌਜਵਾਨ ਨੂੰ ਨੌਕਰੀ ਦੇਣ ਦੀ ਗੱਲ ਕਹਿ ਰਹੇ ਹਨ। ਵੜੈਚ ਨੇ ਕਿਹਾ ਕਿ ਕੈਪਟਨ ਕਿਹੜੇ ਮੂੰਹ ਨਾਲ ਲੋਕਾਂ ਨਾਲ ਅਜਿਹਾ ਵਾਅਦਾ ਕਰ ਸਕਦੇ ਹਨ, ਜਦਕਿ ਉਨਾਂ ਨੇ ਸੱਤਾ ਵਿੱਚ ਆਉਂਦਿਆਂ ਹੀ 24 ਅਪ੍ਰੈਲ 2002 ਨੂੰ ਬਤੌਰ ਮੁੱਖ ਮੰਤਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨੌਕਰੀਆਂ ਉਤੇ ਪਾਬੰਦੀ ਲਗਾਉਣ ਅਤੇ ਖਾਲੀ ਪਈਆਂ ਅਸਾਮੀਆਂ ਖਤਮ ਕਰਨ ਵਾਲਾ ਤੁਗਲਕੀ ਫੈਸਲਾ ਲਿਆ ਸੀ। ਹੋਰ ਤਾਂ ਹੋਰ ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਕਰਮਚਾਰੀਆਂ ਦੇ ਭਵਿੱਖ ਨਾਲ ਖਿਲਵਾੜ ਵੀ ਕੈਪਟਨ ਸਰਕਾਰ ਨੇ ਹੀ ਕੀਤਾ ਸੀ।
ਨਸ਼ਿਆਂ ਨੂੰ ਚਾਰ ਹਫਤਿਆਂ ਵਿੱਚ ਬੰਦ ਕਰਨ ਦੇ ਵਾਅਦੇ ਉਤੇ ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਭਤੀਜੇ ਬਿਕਰਮ ਮਜੀਠੀਆ ਦਾ ਹਮੇਸਾਂ ਬਚਾਅ ਕਰਦੇ ਆਏ ਹਨ, ਇੱਥੋਂ ਤੱਕ ਕਿ ਉਸਦੀ ਸੀਬੀਆਈ ਜਾਂਚ ਵੀ ਨਹੀਂ ਹੋਣ ਦਿੱਤੀ, ਤਾਂ ਅਜਿਹੇ ਵਿੱਚ ਉਹ ਬਿਕਰਮ ਸਿੰਘ ਦੇ ਨਸ਼ਿਆਂ ਦੇ ਕਾਰੋਬਾਰ ਨੂੰ ਕਿਸ ਤਰਾਂ ਰੋਕਣਗੇ। ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਇਹ ਬਿਆਨ ਨਹੀਂ ਦਿੱਤਾ ਕਿ ਉਹ ਬਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਜੇਲ ਵਿੱਚ ਸੁੱਟਣਗੇ, ਜਦਕਿ ਇਹ ਦਲੇਰੀ ਸਿਰਫ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਹੈ।
ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਬਕਾ ਫੌਜੀਆਂ ਲਈ ਵੱਖਰੇ ਵਿਭਾਗ ਦੀ ਗੱਲ ਕਹਿ ਰਹੇ ਸਨ, ਪਰ ਕੇਂਦਰ ਵਿੱਚ 10 ਸਾਲ ਲਗਾਤਾਰ ਕਾਂਗਰਸ ਦੀ ਹਕੂਮਤ ਰਹੀ, ਉਹ ਸਾਬਕਾ ਫੌਜੀਆਂ ਦੀ ਵਨ ਰੈਂਕ ਵਨ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਇੱਕ ਵਾਰ ਵੀ ਨਹੀਂ ਬੋਲੇ ਅਤੇ ਹੁਣ ਵੋਟਾਂ ਨੇੜੇ ਆਉਂਦੀਆਂ ਵੇਖ ਕੇ ਸਾਬਕਾ ਫੌਜੀਆਂ ਦੇ ਹਿਤੈਸ਼ੀ ਹੋਣ ਦਾ ਢੋਂਗ ਕਰ ਰਹੇ ਹਨ।
ਵੜੈਚ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਅਜੇ ਭੁੱਲਿਆ ਨਹੀਂ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਹੈ ਜਿਸਨੇ ਸੱਤਾ ਸੰਭਾਲਣ ਮਗਰੋਂ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਦਿਆਂ ਬਿਜਲੀ ਦੇ ਮਾਫ ਕੀਤੇ ਬਿਲ ਸ਼ੁਰੂ ਕਰ ਦਿੱਤੇ ਸਨ। ਉਨਾਂ ਕਿਹਾ ਕਿ ਜਿਹੜਾ ਸਿਆਸਤਦਾਨ ਕਿਸਾਨਾਂ ਨਾਲ ਐਡਾ ਵੱਡਾ ਧੋਖਾ ਕਰ ਸਕਦਾ ਹੈ, ਉਹ ਕਦੇ ਕਿਸਾਨ ਹਿਤੈਸ਼ੀ ਨਹੀਂ ਹੋ ਸਕਦਾ।
ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਦਲਿਤ ਵਿਰੋਧੀ ਚਿਹਰਾ ਉਦੋਂ ਹੀ ਬੇਨਕਾਬ ਹੋ ਗਿਆ ਸੀ, ਜਦੋਂ ਕਿ ਬਿਕਰਮ ਮਜੀਠੀਆ ਵੱਲ ਜੁੱਤੀ ਸੁੱਟਣ ਵਾਲੇ ਆਪਣੀ ਹੀ ਪਾਰਟੀ ਦੇ ਵਿਧਾਇਕ ਤਰਲੋਚਨ ਸਿੰਘ ਸੂੰਢ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਦੇਣ ਤੋਂ ਉਨਾਂ ਨੇ ਸਾਫ ਇਨਕਾਰ ਕਰ ਦਿੱਤਾ ਸੀ। ਵੜੈਚ ਨੇ ਕਿਹਾ ਕਿ ਰਾਜਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਜਨਤਕ ਤੌਰ ਉਤੇ ਕਈ ਵਾਰ ਦਲਿਤ ਵਿਰੋਧੀ ਗਰਦਾਨਿਆ ਹੈ।
ਵੜੈਚ ਨੇ ਕਿਹਾ ਕਿ ਚੋਣਾਂ ਨੇੜੇ ਆਉਣ ਕਾਰਨ ਹੁਣ ਉਨਾਂ ਨੂੰ ਐਸਵਾਈਐਲ ਦਾ ਮੁੱਦਾ ਯਾਦ ਆ ਗਿਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਪੰਜਾਬ ਦਾ ਪਾਣੀ ਹੋਰਨਾਂ ਸੂਬਿਆਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ, ਜਦਕਿ ਐਸਵਾਈਐਲ ਦੇ ਨਿਰਮਾਣ ਕਾਂਗਰਸ ਨੇ ਹੀ ਕਰਵਾਇਆ ਸੀ ਅਤੇ ਇਸਦੇ ਨੀਂਹ ਪੱਥਰ ਮੌਕੇ ਕੈਪਟਨ ਅਮਰਿੰਦਰ ਸਿੰਘ ਹੀ ਚਾਂਦੀ ਦੀ ਕਹੀ ਲੈ ਕੇ ਪਹੁੰਚੇ ਸਨ। ਵੜੈਚ ਨੇ ਕਿਹਾ ਕਿ ਐਸਵਾਈਐਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਪਸ਼ਟ ਕਰਨ ਕਿ ਇਸ ਬਾਰੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਕੀ ਸਟੈਂਡ ਹੈ। ਵੜੈਚ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਔਰਤਾਂ ਅਤੇ ਵਪਾਰੀ ਵਰਗ ਦਾ ਵੀ ਵਿਰੋਧੀ ਕਰਾਰ ਦਿੱਤਾ।