ਸ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ
ਸ਼੍ਰੀਮਾਨ ਜੀ,
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ॥
ਤੁਹਾਡੀ ਤਰਫ਼ੋਂ ਅਕਾਲ ਬੁੰਗਾ ਦੇ ਮੁਖ ਸੇਵਾਦਾਰ (ਪੁਜਾਰੀ) ਸ. ਗੁਰਬਚਨ ਸਿੰਘ ਨੂੰ ਲਿਖੇ ਖ਼ਤ ਬਾਰੇ ਸ਼੍ਰੋਮਣੀ ਕਮੇਟੀ ਦੇ ਵੈਬਸਾਈਟ ਤੋਂ ਪੜ੍ਹਿਆ ਹੈ, ਜਿਸ ਵਿਚ ਤੁਸੀਂ ਉਸ ਨੂੰ, ਮੇਰੀ ‘ਨਿੱਕੇ ਸਾਹਿਬਜ਼ਾਦਿਆਂ ਸਬੰਧੀ’ ਯੂ ਟਿਊਬ ’ਤੇ ਪਾਈ ਹੋਈ ਵੀਡੀਓ ਵਿਚਲੇ ਨੁਕਤਿਆਂ ਨੂੰ ਮੱਦੇ-ਨਜ਼ਰ ਰਖਦਿਆਂ, “ਐਕਸ਼ਨ” ਲੈਣ ਵਾਸਤੇ ਕਿਹਾ ਹੈ।
ਮਜ਼ੇਦਾਰ ਗੱਲ ਇਹ ਹੈ ਕਿ ਜਿਹੜੇ ਨੁਕਤਿਆਂ ਦੀ ਤੁਸੀਂ ਗੱਲ ਕਰ ਰਹੇ ਹਨ ਉਹ ਸਿਰਫ਼ ਇਸ ਵੀਡੀਓ ਵਿਚ ਹੀ ਨਹੀਂ ਹਨ, ਉਹ ਤਾਂ ਹੂ-ਬ-ਹੂ, 2003 ਵਿਚ (13 ਸਾਲ ਪਹਿਲਾਂ) ਛਪੀ ਮੇਰੀ ਕਿਤਾਬ "ਮਾਤਾ ਗੁਜਰੀ ਚਾਰ ਸਾਹਿਬਜ਼ਾਦੇ ਚਾਲ੍ਹੀ ਮੁਕਤੇ" (ਜਿਸ ਦਾ ਦੂਜਾ ਐਡੀਸ਼ਨ ਪਿੱਛੇ ਜਿਹੇ ਛਪਿਆ ਸੀ) ਵਿਚ ਵੀ ਹਨ; ਅਤੇ 2008 ਵਿਚ (8 ਸਾਲ ਪਹਿਲਾਂ) ਛਪੀ "ਸਿੱਖ ਤਵਾਰੀਖ਼" (ਜਿਸ ਦੀਆਂ 2000 ਪਹਿਲੀ ਐਡੀਸ਼ਨ ਦੀਆਂ ਤੇ 500 ਦੂਜੀ 2015 ਦੀ ਐਡੀਸ਼ਨ ਦੀਆਂ ਕਾਪੀਆਂ ਵਿਚ ਚੁਕੀਆਂ ਹਨ) ਵਿਚ ਵੀ ਆ ਚੁਕੇ ਹਨ। ਉਨ੍ਹਾਂ ਵਿਚ ਤਾਂ ਸਗੋਂ ਵਧੇਰੇ ਤਫ਼ਸੀਲ ਨਾਲ ਲਿਖਿਆ ਹੈ।
ਇਹ ਸਾਰੀਆਂ ਗੱਲਾਂ ਮੇਰੀ ਵੀਡੀਓ ਜਾਂ ਕਿਤਾਬਾਂ ਤੋਂ ਸਿਵਾ ਹੋਰ ਕਿੰਨੀਆਂ ਕਿਤਾਬਾਂ ਵਿਚ ਵੀ ਹਨ। ਪਰ ਮੈਂ ਉਨ੍ਹਾਂ ਲੇਖਕਾਂ/ਸੰਪਾਦਕਾਂ ਦੇ ਨਾਂ ਨਹੀਂ ਦਸਣੇ, ਵਰਨਾ ਤੁਸੀਂ ਉਨ੍ਹਾਂ ਵਿਚਾਰਿਆਂ ’ਤੇ ਵੀ “ਐਕਸ਼ਨ” ਲਓਗੇ। ਹਾਲਾਂਕਿ ਉਨ੍ਹਾਂ ਵਿਚੋਂ ਬਹੁਤੇ ਚੜ੍ਹਾਈ ਕਰ ਚੁਕੇ ਹਨ।
ਹਾਂ! ਅਫ਼ਸੋਸ ਇਸ ਗੱਲ ਦਾ ਹੈ ਕਿ ਤੁਸੀਂ 13 ਸਾਲ ਤਕ ਮੇਰੀ ਇਤਿਹਾਸਕ ਖੋਜ ਬਾਰੇ ਕੋਈ ਐਕਸ਼ਨ ਨਹੀਂ ਲਿਆ। ਹਾਂ ਇਕ ਵਾਰ ਮੇਰੇ ਇਕ ਨਿਜੀ ਵਿਰੋਧੀ ਨੇ ਗੁਰਬਚਨ ਸਿੰਘ ਹੋਰਾਂ ਤਕ ਪਹੁੰਚ ਕੀਤੀ ਸੀ ਤੇ ਗੁਰਬਚਨ ਸਿੰਘ ਜੀ ਨੇ ਕਿਹਾ ਸੀ ਕਿ “ਦਿਲਗੀਰ ਤਾਂ ਸਾਡਾ ਅਹੁਦਾ ਹੀ ਨਹੀਂ ਮੰਨਦਾ ਤੇ ਉਸ ਨੇ ਪੇਸ਼ ਨਹੀਂ ਹੋਣ। ਸੋ ਉਸ ਨੂੰ ਤਲਬ ਕਰ ਕੇ ਅਸੀਂ ਆਪਣੀ ਬੇਇਜ਼ਤੀ ਕਿਉਂ ਕਰਵਾਈਏ।” ਸੋ ਉਨ੍ਹਾਂ ਨੇ ਉਸ ਵਿਚਾਰੇ ਦੀ ਚਿੱਠੀ ਨੂੰ ‘ਫ਼ਾਈਲ’ ਕਰ ਦਿੱਤਾ ਸੀ।
ਖ਼ੈਰ ਤੁਸੀਂ ਚੰਗਾ ਕੀਤਾ ਹੈ ਕਿ ਤੁਸੀਂ ਹੁਣ ਐਕਸ਼ਨ ਲੈ ਰਹੇ ਹੋ।
ਉਂਞ ਤਾਂ ਤੁਸੀਂ ਸ਼ਾਇਦ ਇਹ ਜਾਣਗੇ ਹੋ ਕਿ ਮੈਂ 1988 ਤੋਂ (28 ਸਾਲ ਤੋਂ) ਇਹ ਕਹਿ ਰਿਹਾ ਹਾਂ ਕਿ ਅਕਾਲ ਤਖ਼ਤ ਸਾਹਿਬ ਦਾ ਕੋਈ ਜਥੇਦਾਰ ਨਹੀਂ ਹੁੰਦਾ ਪਰ ਹੁਣ ਮੈਂ ਇਹ ਹਲਫ਼ੀਆ ਬਿਆਨ ਦੇ ਰਿਹਾ ਹਾਂ ਕਿ ਮੈਂ ਕਿਸੇ ਅਖੌਤੀ ਜਥੇਦਾਰ ਦਾ ਅਹੁਦਾ ਨਹੀਂ ਮੰਨਦਾ ਤੇ ਜੇ ਮੈਨੂੰ ਸੱਦਿਆ ਤਾਂ ਮੈਂ ਪੇਸ਼ ਨਹੀਂ ਹੋਣਾ। ਸੋ ਸਮਾਂ ਨਾ ਗੁਆਉਣਾ ਜੀ। ਗੁਰਬਚਨ ਸਿੰਘ ਹੋਰਾਂ ਨੂੰ ਕਹਿਣਾ ਕਿ ਜਲਦੀ ਜਲਦੀ ਪੰਜ ਪੁਜਾਰੀਆਂ ਦੀ ਮੀਟਿੰਗ ਬੁਲਾ ਲਵੇ ਤੇ ਤੁਹਾਡੇ ਹੈ¤ਡ ਆਫ਼ਿਸ ਤੋਂ ਜਾਂ ਤੁਹਾਡੇ ਕਿਸੇ ਲੇਖਕ ਜਾਂ ਕਿਸੇ ਐਡਵਾਈਜ਼ਰ ਵੱਲੋਂ ਲਿਖ ਕੇ ਭੇਜਿਆ ਅਖੌਤੀ ਹੁਕਮਨਾਮਾ ਜਾਰੀ ਕਰ ਕੇ ਮੈਨੂੰ ਤੁਹਾਡੇ ਪੰਥ ਵਿਚੋਂ ਅਖੌਤੀ ਤੌਰ ’ਤੇ ਖਾਰਿਜ ਕਰ ਦੇਵੇ।
ਪਲੀਜ਼ ਮੈਨੂੰ ਜਲਦੀ “ਆਜ਼ਾਦ” ਕਰ ਦਿਓ।
ਸੰਗਤਾਂ ਵਾਸਤੇ ਸੰਦੇਸ਼:
ਪੰਥਕ ਵਿਦਵਾਨਾਂ ਤੇ ਸੰਗਤਾਂ ਨੂੰ ਮੇਰੀ ਅਰਜ਼ ਹੈ ਕਿ ਉਹ ਮੈਨੂੰ ਆਜ਼ਾਦੀ ਦੀਆਂ ਮੁਬਾਰਕਾਂ ਦੇਣ ਵਾਸਤੇ ਤਿਆਰ ਹੋ ਜਾਣ।ਹੁਣ ਜਲਦੀ ਹੀ ਮੇਰਾ ਨਾਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ, ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਦੇ ਨਾਲ ਲਿਖਿਆ ਜਾਣ ਵਾਲਾ ਹੈ। ਵੇਖੋ ਮੈਂ ਕਿਸ ਦਿਨ ਖ਼ੁਸ਼ਕਿਸਮਤ ਬਣਦਾ ਹਾਂ!
ਪੁਜਾਰੀਆਂ ਵੱਲੋਂ 'ਖਾਰਜ' ਕੀਤੇ ਜਾਣ ਮਗਰੋਂ ਮੈਂ (ਉਨ੍ਹਾਂ ਦੀ ਬੋਲੀ ਵਿਚ) 'ਸਿੱਖ' ਤਾਂ ਰਹਿਣਾ ਨਹੀਂ। ਉਸ ਹਾਲਤ ਵਿਚ ਮੈਂ ਆਜ਼ਾਦ ਹੋਵਾਂਗਾ ਤੇ ਪੰਥਕ ਮਸਲਿਆਂ ਦਾ ਹੱਲ ਕਰਨ ਵਿਚ ਰੋਲ ਅਦਾ ਕਰ ਸਕਾਂਗਾ। ਸਭ ਤੋਂ ਪਹਿਲਾ ਕੰਮ ਗੁਰੂ ਗਰੰਥ ਸਾਹਿਬ ਦਾ ਅਸਲ ਰੂਪ (ਬਿਨਾ ਰਾਗ ਮਾਲਾ ਤੋਂ) ਛਾਪ ਕੇ ਸੰਗਤਾਂ ਨੂੰ ਮੁਫ਼ਤ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ। ਗੁਰੂ ਗ੍ਰੰਥ ਸਾਹਿਬ ਦੇ ਪਾਠ-ਭੇਦਾਂ ਦੇ ਅਧਾਰ 'ਤੇ ਵਿਦਵਾਨਾਂ ਦੀ ਸਲਾਹ ਨਾਲ ਗ਼ਲਤੀਆਂ ਵੀ ਦੂਰ ਕਰਾਂਗਾ। ਫਿਰ ਅਸਲ ਰਹਿਤ ਮਰਿਆਦਾ, ਪਾਹੁਲ ਦੀਆਂ ਬਾਣੀਆਂ, ਨਿਤਨੇਮ ਸਭ ਨੂੰ ਸਹੀ ਰੂਪ ਵਿਚ ਛਾਪ ਕੇ ਸੰਗਤਾਂ ਤਕ ਮੁਫ਼ਤ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ।
ਜਿਨ੍ਹਾਂ ਦੀ ਗੁਰਬਚਨ ਸਿੰਘ ਨਾਲ "ਹੈਲੋ" ਹੈ ਉਹ ਉਸ ਨੂੰ ਕਹਿਣ "ਪਲੀਜ਼, ਜਲਦੀ ਕਰੋ" ਤਾਂ ਜੋ ਮੈਂ ਜਸ਼ਨ ਮਨਾ ਸਕਾਂ।
ਨਿਰੋਲ ਸਿੱਖੀ (ਨਿਰਮਲਿਆਂ ਦਾ ਨਹੀਂ) ਦਾ ਅਲੰਬਰਦਾਰ ਤੇ ਗੁਰੂ ਦੇ ਪੰਥ ਦਾ (ਬ੍ਰਾਹਮਣੀ ਪੰਥ ਦਾ ਨਹੀਂ) ਪਹਿਰੇਦਾਰ
ਡਾ. ਹਰਜਿੰਦਰ ਸਿੰਘ ਦਿਲਗੀਰ
ਬ੍ਰਿਮਿੰਘਮ (ਇੰਗਲੈਂਡ), 30 ਦਸੰਬਰ 2016
hsdilgeer@yahoo.com