ਚੰਡੀਗੜ੍ਹ, 1 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਰਸਾ ਨੇ ਵਲਟੋਹਾ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਅਕਾਲੀ ਦਲ ਅਤੇ ਕਾਂਗਰਸ ਨੂੰ ਪਤੀ-ਪਤਨੀ ਕਹਿਣ ਵਾਲੀ ਟਿੱਪਣੀ ਨੂੰ ਬੇਬੁਨਿਆਦ ਅਤੇ ਕੋਰੀ ਕਲਪਨਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਦੂਜੀਆਂ ਪਾਰਟੀਆਂ ਉੱਤੇ ਝੂਠੇ ਦੋਸ਼ ਲਾਉਣ ਤੋਂ ਪਹਿਲਾਂ ਆਪ ਨੂੰ ਖੁਦ ਦੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ।
ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸ਼ਵਲਟੋਹਾ ਨੇ ਕਿਹਾ ਕਿ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਜੈਨ ਨੂੰ ਆਪਣੇ ਗਿਰੇਬਾਨ ਵਿਚ ਝਾਤੀ ਮਾਰ ਲੈਣੀ ਚਾਹੀਦੀ ਹੈ। ਉਹਨਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਦਿੱਲੀ ਵਿਚ ਲੰਗੜੀ ਸਰਕਾਰ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਪਤਨੀ ਹੋਣ ਦੀ ਭੂਮਿਕਾ ਨਿਭਾਈ ਸੀ। ਪਰੰਤੂ ਇਹ ਰਿਸ਼ਤਾ ਜ਼ਿਆਦਾ ਦੇਰ ਤਕ ਨਿਭ ਨਹੀ ਸਕਿਆ, ਕਿਉਂਕਿ ਝਗੜਾਲੂ ਪਤਨੀ ਨਾਲ ਲੰਬੀ ਦੇਰ ਤਕ ਨਿਭਾਉਣਾ ਔਖਾ ਹੁੰਦਾ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਤਲਾਕ ਹੋਣ ਤੋਂ ਬਾਅਦ ਆਪ ਅਤੇ ਕਾਂਗਰਸ ਪੰਜਾਬ ਅੰਦਰ ਦੁਬਾਰਾ ਤੋਂ ਰਲ ਕੇ ਘਰ ਵਸਾਉਣ ਦੀ ਤਿਆਰੀ ਵਿਚ ਹਨ। ਪਰ ਪੰਜਾਬ ਦੇ ਲੋਕ ਇਸ ਧੋਖੇਬਾਜ਼ ਜੋੜੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦਾ ਰਿਸ਼ਤਾ ਦਿਨ ਅਤੇ ਰਾਤ ਵਾਂਗ ਵੱਖਰਾ ਹੈ। ਕਾਂਗਰਸ ਨੇ ਹਮੇਸ਼ਾਂ ਪੰਜਾਬ ਅਤੇ ਸਿੱਖਾਂ ਨਾਲ ਦੁਸ਼ਮਣੀ ਨਿਭਾਈ ਹੈ ਜਦਕਿ ਅਕਾਲੀ ਦਲ ਇਹਨਾਂ ਦੋਹਾਂ ਦੀ ਰਾਖੀ ਲਈ ਲੜਦਾ ਆਇਆ ਹੈ। ਇਹਨਾਂ ਦੋਹਾਂ ਵਿਚਕਾਰ ਨਾ ਕਦੀ ਮੇਲ ਹੋਇਆ ਹੈ ਅਤੇ ਨਾ ਹੀ ਕਦੀ ਹੋਣਾ ਹੈ।
ਸ਼ ਵਲਟੋਹਾ ਨੇ ਕਿਹਾ ਕਿ ਇਹ ਜੈਨ ਉਹੀ ਵਿਅਕਤੀ ਹੈ,ਜਿਹੜਾ ਦਿੱਲੀ ਵਾਸੀਆਂ ਨੂੰ ਚਿਕਨਗੁਣੀਆ ਅਤੇ ਡੇਂਗੂ ਨਾਲ ਤੜਫਦੇ ਛੱਡ ਕੇ ਛੁੱਟੀਆਂ ਮਨਾਉਣ ਗੋਆ ਚਲਿਆ ਗਿਆ ਸੀ। ਇੱਕ ਪਾਸੇ ਦਿੱਲੀ ਕੂੜੇ ਦੇ ਢੇਰ ਵਿਚ ਤਬਦੀਲ ਹੋ ਰਹੀ ਸੀ ਅਤੇ ਸਤੇਂਦਰ ਜੈਨ ਸਮੁੰਦਰ ਕਿਨਾਰੇ ਮੌਜ ਮਸਤੀ ਕਰਦੇ ਫਿਰ ਰਹੇ ਸਨ। ਉਸ ਮੌਕੇ ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ ਨੇ ਵਿਸ਼ੇਸ਼ ਹੁਕਮ ਦੇ ਕੇ ਜੈਨ ਨੂੰ ਵਾਪਸ ਬੁਲਾਇਆ ਸੀ। ਉਹਨਾਂ ਕਿਹਾ ਕਿ ਦਿੱਲੀ ਵਿਚ ਦੀਵਾਲੀ ਮੌਕੇ ਖਤਰਨਾਕ ਹੱਦ ਤਕ ਪਹੁੰਚੇ ਪ੍ਰਦੂਸ਼ਣ ਨੂੰ ਕਾਬੂ ਕਰਨ ਵਿਚ ਜੈਨ ਅਸਫਲ ਰਹੇ ਸਨ ਅਤੇ ਦਿੱਲੀ ਹਾਈਕੋਰਟ ਵੱਲੋਂ ਖਿਚਾਈ ਕੀਤੇ ਜਾਣ ਮਗਰੋਂ ਉਹਨਾਂ ਨੂੰ ਜੈਨ ਨੂੰ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਦਾ ਖਿਆਲ ਆਇਆ ਸੀ।