ਰੂਪਨਗਰ, 4 ਜਨਵਰੀ, 2017 : ਰੂਪਨਗਰ ਜਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ 49 -ਸ਼੍ਰੀ ਆਨੰਦਪੁਰ ਸਾਹਿਬ, 50-ਰੋਪੜ ਅਤੇ 51- ਸ਼੍ਰੀ ਚਮਕੌਰ ਸਾਹਿਬ ਵਿੱਚ 4 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ ਸ਼ਰਮਾ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦਿਆਂ ਦਿਤੀ। ਉਨਾਂ ਦਸਿਆ ਕਿ 11 ਜਨਵਰੀ ਨੂੰ ਨਾਮਜ਼ਦਗੀ ਪੱਤਰ ਲੈਣੇ ਸ਼ੁਰੂ ਹੋਣਗੇ ਅਤੇ 18 ਜਨਵਰੀ ਤੱਕ ਨਾਮਜ਼ਦਗੀ ਪੱਤਰ ਦਿਤੇ ਜਾ ਸਕਦੇ ਹਨ। ਉਨਾਂ ਇਹ ਵੀ ਦਸਿਆ ਕਿ 19 ਜਨਵਰੀ ਨੂੰ ਇੰਨਾਂ ਦੀ ਪੜਤਾਲ ਕੀਤੀ ਜਾਵੇਗੀ ਜਦਕਿ 21 ਜਨਵਰੀ ਤੱਕ ਨਾਮ ਵਾਪਿਸ ਲਏ ਜਾ ਸਕਣਗੇ ਅਤੇ 4 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਦਾ ਕੰਮ 11 ਮਾਰਚ ਨੂੰ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਚੋਣਾਂ ਦੀ ਘੋਸ਼ਣਾ ਹੋਣ ਦੇ ਨਾਲ ਹੀ ਜ਼ਿਲ੍ਹੇ ਵਿਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ। ਜ਼ਿਲ੍ਹੇ ਵਿਚ 5,26,713 ਵੋਟਰ ਹਨ ਜਿੰਨਾਂ ਵਿਚੋਂ 2,77,712 ਮਰਦ, 248990 ਔਰਤਾਂ ਜਦਕਿ ਤੀਜੇ ਲਿੰਗ ਦੀਆਂ 11 ਵੋਟਾਂ ਹਨ। ਜ਼ਿਲ੍ਹੇ ਵਿਚ ਵੋਟਰਾਂ ਦੀ ਸਹੂਲਤ ਅਨੁਸਾਰ 613 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿੰਨਾਂ ਵਿਚੋਂ 518 ਪੇਂਡੂ ਅਤੇ 95 ਸ਼ਹਿਰੀ ਇਲਾਕਿਆਂ ਵਿਚ ਹਨ ਅਤੇ ਸਾਰੇ ਪੋਲਿੰਗ ਲੋਕੇਸ਼ਨਾ ਤੇ ਮਾਈਕਰੋ ਆਬਜਰਵਰ ,ਜੋ ਕਿ ਕੇਂਦਰ ਸਰਕਾਰ ਦੇ ਕਰਮਚਾਰੀ ਹਨ ,ਲਗਾਏ ਜਾਣਗੇ। ਇੰਨਾਂ ਚੋਣਾਂ ਲਈ 3065 ਸਿਵਲ ਪ੍ਰਸ਼ਾਸਨ ਦੇ, 1405 ਪੰਜਾਬ ਪੁਲਿਸ ਦੇ ਅਤੇ 5 ਕੰਪਨੀਆਂ ਅਰਧ ਸੈਨਿਕ ਬਲਾਂ ਦੀਆਂ ਲਗਾਈਆਂ ਜਾਣਗੀਆਂ। ਚੋਣਾਂ ਲਈ 10 ਫਲਾਇੰਗ ਸਕੁਏਡ ਅਤੇ 10 ਸਟੈਟਿਕ ਸਰਵਲੈਂਸ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ।
ਇੰਨਾਂ ਚੋਣਾਂ ਲਈ 133 ਪੋਲਿੰਗ ਸਟੇਸ਼ਨਾਂ ਨੂੰ ਵਲਨਰਏਬਲ ਐਲਾਨਿਆ ਗਿਆ ਹੈ ਜਿੰਨਾਂ ਵਿਚੋਂ 29 ਸ਼੍ਰੀ ਅਨੰਦਪੁਰ ਸਾਹਿਬ, 46 ਰੂਪਨਗਰ ਅਤੇ 58 ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਹਨ। ਇੰਨਾਂ ਚੋਣਾਂ ਲਈ 613 ਬੀ.ਐਲ.ਓੁਜ਼ ਅਤੇ 63 ਸੁਪਰਵਾਈਜਰ ਲਗਾਏ ਜਾਣਗੇ। ਇੰਨਾਂ ਚੋਣਾਂ ਦੌਰਾਨ ਬਿਜਲਈ ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦਾ ਕੰਮ ਕੀਤਾ ਜਾਵੇਗਾ ਜਿਸਲਈ ਲੋੜੀਦੀ ਮਾਤਰਾ ਵਿੱਚ ਬੈਲਟ ਅਤੇ ਕੰਟਰੋਲ ਯੂਨੀਟ ਉਪਲਬਧ ਹਨ। ਇਸ ਦੇ ਨਾਲ ਨਾਲ ਰੋਪੜ ਅਤੇ ਸ਼ੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਵੀ.ਵੀ.ਪੈਡ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ) ਦਾ ਇਸਤੇਮਾਲ ਵੀ ਕੀਤਾ ਜਾਵੇਗਾ। ਜਦਕਿ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਦੀਆ ਚੋਣਾਂ ਦੌਰਾਨ ਕੇਵਲ ਬਿਜਲਈ ਵੋਟਿੰਗ ਮਸ਼ੀਨਾਂ ਦੀ ਵਰਤੋਂ ਹੀ ਕੀਤੀ ਜਾਵੇਗੀ। ਵੀ.ਵੀ.ਪੈਡ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦਸਿਆ ਕਿ ਇਹ ਪੈਡ ਬਿਜਲਈ ਵੋਟਿੰਗ ਮਸ਼ੀਨ ਦੇ ਬੈਲਟ ਯੂਨਿਟ ਨਾਲ ਹੀ ਲਗਾਇਆ ਜਾਵੇਗਾ ਅਤੇ ਵੋਟਰ ਨੇ ਜਿਸ ਵੀ ਉਮੀਦਵਾਰ ਨੂੰ ਵੋਟ ਪਾਈ ਹੈ ਉਹ 07 ਸੈਕਿੰਡ ਲਈ ਸਕਰੀਨ ਤੇ ਦਿਖੇਗੀ ਜਿਸ ਰਾਹੀਂ ਉਸ ਨੂੰ ਪਤਾ ਲਗ ਸਕੇਗਾ ਕਿ ਉਸ ਨੇ ਕਿਸ ਉਮੀਦਵਾਰ ਨੂੰ ਵੋਟ ਪਾਈ ਹੈ। ਬਿਜਲਈ ਵੋਟਿੰਗ ਮ਼ਸ਼ੀਨ ਦੇ ਨਾਲ ਨਾਲ ਟੈਂਡਰ ਬੈਲਟ ਪੇਪਰ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।ਇੰਨਾ ਬਿਜਲਈ ਮਸ਼ੀਨਾਂ ਵਿਚ ਇਕ ਬਟਨ ਨੋਟਾ ਦਾ ਵੀ ਲਗਾਇਆ ਜਾਵੇਗਾ। ਇੰਨਾ ਚੋਣਾਂ ਦੌਰਾਨ ਕੋਈ ਵੀ ਉਮੀਦਵਾਰ 28 ਲਖ ਰੁਪਏ ਤਕ ਖਰਚ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਇਹ ਵੀ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਲਈ ਵੋਟਾਂ ਪਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜਿਲ੍ਹੇ ਵਿੱਚ ਲਗਭਗ 450 ਅਜਿਹੇ ਵੋਟਰਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਜਿਹਨਾਂ ਲਈ ਟਰਾਂਸਪੋਰਟੇਸ਼ਨ ਅਤੇ ਵ੍ਹੀਲ ਚੇਅਰ ਦਾ ਪ੍ਰਬੰਧ ਵੀ ਕਰ ਲਿਆ ਗਿਆ ਉਹਨਾਂ ਇਹ ਵੀ ਦੱਸਿਆ ਕਿ ਜਿਲ੍ਹੇ ਵਿੱਚ ਲਗਭਗ 5900 ਸਰਵਿਸ ਵੋਟਰ ਹਨ ਅਤੇ ਡਿਊਟੀ ਤੇ ਤਾਹਿਨਾਤ ਕਰਮਚਾਰੀਆਂ ਨੂੰ ਪੋਸਟਲ ਬੈਲਟ ਦਿੱਤੇ ਜਾਣਗੇ।
ਸ਼੍ਰੀ ਸ਼ਰਮਾ ਨੇ ਇਸ ਮੌਕੇ ਮੀਡੀਆ ਤੋ ਸਹਿਯੋਗ ਦੀ ਮੰਗ ਕਰਦਿਆ ਕਿਹਾ ਕਿ ਜਿੱਥੇ ਵੀ ਕੋਈ ਖਾਮੀ ਰਹਿ ਗਈ ਹੋਵੇ ਜਾ ਫਿਰ ਕਿਤੇ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੋ ਰਹੀ ਹੋਵੇ ਤਾ ਉਹ ਜਿਲ੍ਹਾਂ ਪ੍ਰਸ਼ਾਸ਼ਨ/ਸੰਬੰਧਤ ਰਿਟਨਿੰਗ ਅਫਸਰ ਦੇ ਧਿਆਨ ਵਿੱਚ ਲਿਆਦੀ ਜਾਵੇ। ਡਿਪਟੀ ਕਮਿਸ਼ਨਰ ਜਿਲ੍ਹੇ ਦੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਜ਼ਰੂਰ ਬਣਾਉਣ ਅਤੇ ਇਸ ਦੇ ਨਾਲ ਨਾਲ ਵੋਟ ਦਾ ਇਸਤੇਮਾਲ ਵੀ ਕਰਦੇ ਹੋਏ ਆਪਣੇ ਮਨਪਸੰਦ ਦੀ ਸਰਕਾਰ ਬਣਾਉਣ ।