ਪਿੰਡ ਡੱਡੀਆਂ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਉਪਲ ਤੇ ਹੋਰ।
ਮਜੀਠਾ/ ਕੱਥੂਨੰਗਲ, 25, ਦਸੰਬਰ, 2016 : ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਚੋਣਾਂ 'ਚ ਗਲਤ ਫੈਸਲਾ ਲਿਆ ਗਿਆ ਤਾਂ ਪੰਜਾਬ'ਚ ਚਲ ਰਿਹਾ ਵਿਕਾਸ ਰੁਕ ਜਾਵੇਗਾ ਅਤੇ ਰਾਜ ਦਾ ਵੱਡਾ ਨੁਕਸਾਨ ਹੋ ਜਾਵੇਗਾ। ਮਜੀਠੀਆ ਅੱਜ ਪਿੰਡ ਡੱਡੀਆਂ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਸਨ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੀ ਵਿਅਕਤੀ ਸਹੀ ਅਰਥਾਂ ਵਿੱਚ ਚਲ ਰਹੇ ਵਿਕਾਸ ਨੂੰ ਵੇਖੇਗਾ ਉਹ ਧੜੇਬੰਦੀ ਤੋਂ ਉੱਪਰ ਉੱਠ ਕੇ ਵੀ ਅਕਾਲੀ ਦਲ ਤੋਂ ਬਾਹਰ ਵੋਟ ਪਾਉਣ ਬਾਰੇ ਨਹੀਂ ਸੋਚੇਗਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਦੀ ਵੀ ਲੋਕ ਸਮੱਸਿਆਵਾਂ ਪ੍ਰਤੀ ਗੰਭੀਰਤਾ ਨਹੀਂ ਵਿਖਾਈ। ਉਸ ਦੇ ਕਿੱਸਿਆਂ ਨੂੰ ਲੈ ਕੇ ਕਾਂਗਰਸ ਦੇ ਹੀ ਆਗੂ ਸੋਨੀਆ ਗਾਂਧੀ ਦੇ ਦਰਬਾਰ 'ਚ ਪੇਸ਼ ਹੁੰਦੇ ਰਹੇ। ਕੈਪਟਨ ਨਾ ਪਹਿਲਾਂ ਕਿਸੇ ਨੂੰ ਲਭਾ ਤੇ ਨਾਹੀ ਆਉਣ ਵਾਲੇ ਸਮੇਂ 'ਚ ਕਿਸੇ ਨੂੰ ਲੱਭੇਗਾ। ਨਾ ਉਸ ਦੀਆਂ ਨੀਤੀਆਂ ਬਦਲ ਸਕਦੀਆਂ ਹਨ ਤੇ ਨਾ ਹੀ ਆਦਤਾਂ 'ਚ ਬਦਲਾਅ ਆਉਣਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਕਰਾਏ ਗਏ ਵਿਕਾਸ ਦੇ ਦਮ 'ਤੇ ਪੰਜਾਬ 'ਚ ਤੀਜੀ ਵਾਰ ਸਰਕਾਰ ਬਣਾਏਗਾ। ਅਕਾਲੀ ਦਲ ਨੂੰ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਨੂੰ ਵੇਖ ਕੇ ਤਜਰਬੇਕਾਰ ਕੈਪਟਨ ਅਮਰਿੰਦਰ ਨੂੰ ਅਸਲੀਅਤ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਇਹ ਗੱਲ ਚਿੱਟੇ ਦਿਨ ਵਾਂਗ ਸਪਸ਼ਟ ਹੋ ਗਈ ਹੈ ਕਿ ਆਪਣੇ ਸਿਆਸੀ ਕੈਰੀਅਰ ਦੇ ਆਖਰੀ ਪੜਾਅ ਉੱਤੇ ਕੈਪਟਨ ਅਮਰਿੰਦਰ ਦਾ ਪੰਜਾਬ ਵਿੱਚ ਹਕੂਮਤ ਕਰਨ ਦਾ ਸੁਫ਼ਨਾ ਕਦੇ ਪੂਰਾ ਨਹੀਂ ਹੋਵੇਗਾ। ਕੈਪਟਨ ਨੂੰ ਆਪਣਾ ਬੁਢਾਪਾ ਮੋਤੀ ਬਾਗ ਵਿੱਚ ਬੈਠ ਕੇ ਗੁਜ਼ਾਰਨ ਦੀ ਸਲਾਹ ਦਿੰਦਿਆਂ ਸ: ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਅਕਾਲੀ-ਭਾਜਪਾ ਗੱਠਜੋੜ ਤੋਂ 2007 ਵਿੱਚ ਅਤੇ 2012 ਵਿੱਚ ਲਗਾਤਾਰ ਦੋ ਵਾਰ ਬੁਰੀ ਤਰ੍ਹਾਂ ਹਾਰ ਚੁੱਕਿਆ ਹੈ ਅਤੇ 2017 ਦੀਆਂ ਚੋਣਾਂ ਵਿੱਚ ਮਹਾਰਾਜਾ ਹਾਰ ਦੀ ਹੈਟ੍ਰਿਕ ਕਿਉਂ ਮਾਰਨ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਨੂੰ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਮਨਪ੍ਰੀਤ ਉਪਲ, ਸਰਪੰਚ ਕੁਲਵਿੰਦਰ ਸਿੰਘ, ਸੱਜਣ ਸਿੰਘ, ਜਗੀਰ ਸਿੰਘ ਸਾਬਕਾ ਸਰਪੰਚ, ਗਗਨਦੀਪ ਸਿੰਘ ਭਕਨਾ, ਬਖਸ਼ੀਸ ਸਿੰਘ ਨੰਬਰਦਾਰ, ਅਜੀਤ ਸਿੰਘ, ਡਾ: ਰੁਪਿੰਦਰ ਸਿੰਘ, ਅਮਰੀਕ ਸਿੰਘ ਪ੍ਰਧਾਨ, ਸੁਰਜੀਤ ਸਿੰਘ, ਨਾਨਕ ਸਿੰਘ ਮਜੀਠਾ, ਦੁਰਗਾ ਦਾਸ, ਬਲਬੀਰ ਚੰਦੀ, ਦਿਲਜੋਤ ਸਿੰਘ, ਬੂਟਾ ਸਿੰਘ, ਸਤਨਾਮ ਸਿੰਘ, ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।