ਚੰਡੀਗੜ੍ਹ, 4 ਜਨਵਰੀ, 2017 : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਦੇਸ਼-ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਮਹਾਨ 'ਸੰਤ ਸਿਪਾਹੀ' ਦੀਆਂ ਉਚ ਸਿੱਖਿਆਵਾਂ ਤੇ ਸਿਧਾਂਤਾਂ 'ਤੇ ਚੱਲਣ ਦਾ ਸੱਦਾ ਦਿੱਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਜਾਰੀ ਇੱਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਆਪਣੇ ਜੀਵਨ ਵਿਚ ਗੁਰੂ ਸਾਹਿਬ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦਾ ਸੁਭਾਗਾ ਮੌਕਾ ਹਾਸਲ ਹੋਇਆ ਹੈ। ਮੁੱਖ ਮੰਤਰੀ ਨੇ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੁੱਚੇ ਜੀਵਨ ਕਾਲ ਦੌਰਾਨ ਆਪਣੀਆਂ ਸਿੱਖਿਆਵਾਂ ਰਾਹੀਂ ਪਿਆਰ, ਮਾਨਵੀ ਏਕਤਾ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਉਪਦੇਸ਼ ਦਿੱਤਾ। ਸ. ਬਾਦਲ ਨੇ ਆਖਿਆ ਕਿ ਗੁਰੂ ਜੀ ਵੱਲੋਂ ਸਾਲ 1699 ਵਿੱਚ ਖਾਲਸੇ ਦੀ ਕੀਤੀ ਗਈ ਸਿਰਜਣਾ ਦਾ ਵਿਸ਼ਵ ਵਿਆਪੀ ਮਹੱਤਵ ਹੈ ਜਿਸ ਰਾਹੀਂ ਦੁਨੀਆਂ ਵਿੱਚ ਅਜਿਹੀ ਸ਼ਕਤੀ ਦਾ ਆਗਮਨ ਕੀਤਾ ਗਿਆ ਜੋ ਇਨਸਾਫ਼, ਬਰਾਬਰੀ, ਸਮਾਜਿਕ ਭਲਾਈ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਰੇਕ ਤਰ੍ਹਾਂ ਦੀ ਕੁਰਬਾਨੀ ਦੇਣ ਵਾਸਤੇ ਤਿਆਰ-ਬਰ-ਤਿਆਰ ਰਹਿੰਦੀ ਹੈ।
ਸ. ਬਾਦਲ ਨੇ ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਮਾਰਗ 'ਤੇ ਚੱਲ ਕੇ ਇਕ ਆਦਰਸ਼ ਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਵਾਸਤੇ ਇਕਜੁਟਤਾ ਨਾਲ ਹੰਭਲਾ ਮਾਰਨ ਦੀ ਅਪੀਲ ਕਰਦਿਆਂ ਇਸ ਪ੍ਰਕਾਸ਼ ਪੁਰਬ ਨੂੰ ਜਾਤ, ਰੰਗ ਤੇ ਨਸਲ ਤੋਂ ਉਪਰ ਉਠ ਕੇ ਸਾਂਝੇ ਰੂਪ ਵਿੱਚ ਮਨਾਉਣ ਲਈ ਆਖਿਆ।