← ਪਿਛੇ ਪਰਤੋ
ਲੁਧਿਆਣਾ, 3 ਜਨਵਰੀ 2017 : ਕਾਂਗਰਸ ਵੱਲੋ ਰਹਿੰਦੀਆ ਟਿਕਟਾਂ ਲੇਟ ਹੋਣ ਕਾਰਨ ਕਾਂਗਰਸ ਵਿੱਚ ਬੇਚੈਨੀ ਵਧ ਰਹੀ ਹੈ। ਦੂਜੀਆ ਪਾਰਟੀਆ ਵੱਲੋਂ ਲਗਭਗ ਸਾਰੀਆਂ ਟਿਕਟਾਂ ਦੀ ਵੰਡ ਕਰ ਦਿੱਤੀ ਗਈ ਹੈ, ਜਦਕਿ ਕਾਂਗਰਸ ਦੀਆ 40 ਟਿਕਟਾਂ ਦਾ ਅਜੇ ਤੱਕ ਐਲਾਨ ਨਹੀ ਹੋਇਆ। ਇਨ੍ਹਾਂ ਹਲਕਿਆ ਵਿੱਚ ਅਕਾਲੀ ਅਤੇ ਆਪ ਵਾਲੇ ਉਮੀਦਵਾਰ ਦਗੜ-ਦਗੜ ਕਰਦੇ ਫਿਰਦੇ ਨੇ ਜਦਕਿ ਕਾਂਗਰਸੀ ਵਰਕਰ ਆਪਦੇ ਦਿੱਲੀ ਬੈਠੇ ਉਮੀਦਵਾਰਾਂ ਨੂੰ ਪੁੱਛ-ਪੁੱਛ ਹੰਭੇ ਪਏ ਨੇ ਅਤੇ ਡੂੰਘੀ ਨਿਰਾਸ਼ਾ ਦੇ ਆਲਮ ਵਿੱਚ ਨੇ । ਕਾਂਗਰਸ ਵੱਲੋਂ ਟਿਕਟਾਂ ਦੀ ਵੰਡ ਲੇਟ ਕਰਨਾ ਕੋਈ ਮਾਮੂਲੀ ਗੱਲ ਨਹੀ ਹੈ,ਬਲਕਿ ਇਹ ਲੇਟ ਲਤੀਫੀ ਕਾਂਗਰਸ ਵਰਕਰਾਂ ਦਾ ਇੱਕ ਵਾਰ ਵੇਰ ਮੱਥਾ ਠਣਕਾ ਰਹੀ ਹੈ। ਪਿਛਲੀ ਦਫਾ ਕਾਂਗਰਸ ਦੀ ਹਾਰ ਪਿੱਛੇ ਵੱਡਾ ਕਾਰਨ ਟਿਕਟਾਂ ਦੀ ਲੇਟ ਵੰਡ ਮੰਨਿਆ ਗਿਆ ਸੀ। 2012 ਅਤੇ 2007 ਵਿੱਚ ਕਾਂਗਰਸ ਦੀ ਟਿਕਟਾਂ ਦੀ ਐਲਾਨ ਉਦੋਂ ਹੋਏ ਸੀ ਜਦੋਂ ਕਾਗਜ ਦਾਖਲ ਕਰਨ ਦਾ ਅਮਲ ਸ਼ੁਰੂ ਹੋ ਚੁਕਿਆ ਸੀ । ਉਦੋਂ ਥਾਂਈ ਅਕਾਲੀ ਦਲ ਦੇ ਉਮੀਦਵਾਰਾਂ ਨੇ ਆਪਣੇ ਹਲਕੇ ਦਾ ਦੂਹਰਾ ਦੌਰਾ ਵੀ ਮੁਕੰਮਲ ਕਰ ਲਿਆ ਸੀ। ਕਾਂਗਰਸੀ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਖਾਤਰ ਮਸਾਂ 20 ਦਿਨ ਮਿਲੇ ਸੀ। ਪਿਛਲੀ ਵਾਰ ਕਾਂਗਰਸੀ ਟਿਕਟਾਂ ਦੀ ਲੇਟ ਵੰਡ ਖਾਤਰ ਕਾਂਗਰਸੀ ਵਰਕਰਾਂ ਨੇ ਇਹ ਖਦਸ਼ਾ ਜਾਹਰ ਕੀਤਾ ਸੀ ਕਿ ਅਕਾਲੀ ਦਲ ਨੇ ਆਪਦਾ ਅਸਰ ਵਰਤਕੇ ਕਾਂਗਰਸ ਹਾਈਕਮਾਂਡ ਦੇ ਕੁੱਝ ਬੰਦਿਆ ਨਾਲ ਗੰਢਤੁੱਪ ਕਰਕੇ ਟਿਕਟਾਂ ਲੇਟ ਕਰਵਾਈਆ ਨੇ। ਪਟਿਆਲਾ ਲੋਕ ਸਭਾ ਹਲਕੇ ਵਿੱਚ ਪੈਂਦੇ ਇੱਕ ਉੱਘੇ ਕਾਂਗਰਸੀ ਆਗੂ ਜੀਹਨੂੰ ਵਿਧਾਨ ਸਭਾ ਦੀ ਟਿਕਟ ਨਹੀਂ ਸੀ ਮਿਲੀ ਆਪਣੇ ਵਰਕਰਾਂ ਦੀ ਮੀਟਿੰਗ ਵਿੱਚ ਸ਼ਰੇਆਮ ਇਹ ਦੋਸ਼ ਲਾਇਆ ਸੀ ਕਿ ਕਾਂਗਰਸ ਨੇ ਕਈ ਟਿਕਟਾਂ ਸੁਖਬੀਰ ਸਿੰਘ ਬਾਦਲ ਦੀ ਸਿਫਾਰਸ਼ ਤੇ ਵੰਡੀਆਂ ਨੇ। ਟਿਕਟਾਂ ਦੀ ਲੇਟ ਵੰਡ ਬਾਬਤ ਲੱਗ ਰਹੇ ਇਨ੍ਹਾਂ ਦੋਸ਼ਾਂ ਨੂੰ ਕਾਂਗਰਸ ਆਲਾ ਕਮਾਂਡ ਨੇ ਵੀ ਅਸਿੱਧੇ ਰੂਪ ਵਿੱਚ ਮਨਜੂਰ ਕੀਤਾ ਜਿਸਦੀ ਤਸਦੀਕ ਪ੍ਰਧਾਨ ਬਣਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਕੀਤੀ ਐਤਕੀ ਟਿਕਟਾਂ ਦੀ ਵੰਡ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਕਰ ਦਿੱਤੀ ਜਾਵੇਗੀ। ਪਰ ਹਾਲ ਪਹਿਲਾ ਵਾਲਾ ਹੀ ਹੋਣ ਕਾਰਨ ਕਾਂਗਰਸੀ ਵਰਕਰਾਂ ਦਾ ਮੱਥਾ ਠਣਕਣਾ ਸੁਭਾਵਿਕ ਹੈ ਕਿ ਮਤੇ ਸੂਰਤੇ ਹਾਲ ਪਹਿਲਾ ਵਾਲੀ ਨਾ ਹੋਵੇ।
Total Responses : 266