ਰਾਜਪੁਰਾ, 26 ਦਸੰਬਰ, 2016 : ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਰਾਜ ਖੁਰਾਣਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਤਕਰੀਬਨ 65 ਸਾਲਾਂ ਦੇ ਸ਼੍ਰੀ ਰਾਜ ਖੁਰਾਣਾ ਗੁੜਗਾਵਾਂ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ਼ ਸਨ। ਉਹ ਆਪਣੀ ਪਤਨੀ ਸ਼੍ਰੀਮਤੀ ਰਾਜ ਕੁਮਾਰੀ, ਦੋ ਬੇਟੀਆਂ ਅਤੇ ਬੇਟੇ ਤਰੁਣ ਖੁਰਾਣਾ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਰਾਜਪੁਰਾ ਦੀ ਆਨੰਦ ਕਲੌਨੀ ਵਿਖੇ ਸਥਿਤ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਵਰਗੀਆ ਸ਼੍ਰੀ ਖੁਰਾਣਾ ਨੂੰ ਸਲਾਮੀ ਦਿੱਤੀ ਗਈ ਅਤੇ ਸ਼੍ਰੀ ਖੁਰਾਣਾ ਦੇ ਸਪੁੱਤਰ ਸ਼੍ਰੀ ਤਰੁਣ ਖੁਰਾਣਾ ਨੇ ਚਿਤਾ ਨੂੰ ਅਗਨੀ ਵਿਖਾਈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਤਰਫੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਤਰਫ਼ੋਂ ਜ਼ਿਲ੍ਹੇ ਦੇ ਐਸ.ਐਸ.ਪੀ. ਸ਼੍ਰੀ ਗੁਰਮੀਤ ਸਿੰਘ ਚੌਹਾਨ ਨੇ ਰੀਥ ਰੱਖ ਕੇ ਸਵਰਗੀਆ ਸ਼੍ਰੀ ਖੁਰਾਣਾ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਪੰਜਾਬ ਭਾਜਪਾ ਦੇ ਸਕੱਤਰ ਸੁਭਾਸ਼ ਸ਼ਰਮਾ, ਵਿਧਾਇਕ ਸ਼੍ਰੀ ਹਰਦਿਆਲ ਸਿੰਘ ਕੰਬੋਜ, ਐਸ.ਜੀ.ਪੀ.ਸੀ. ਦੇ ਮੈਂਬਰ ਸ਼੍ਰੀ ਸੁਰਜੀਤ ਸਿੰਘ ਗੜ੍ਹੀ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਛਾਬੜਾ, ਸਾਬਕਾ ਚੇਅਰਮੈਨ ਸ: ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ, ਵਾਇਸ ਚੇਅਰਮੈਨ ਸ: ਹਰਵਿੰਦਰ ਸਿੰਘ ਹਰਪਾਲਪੁਰ, ਐਸ.ਡੀ.ਐਮ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਯੂਥ ਅਕਾਲੀ ਦਲ ਪਟਿਆਲਾ ਦਿਹਾਤੀ (ਉੱਤਰੀ ਜੋਨ) ਦੇ ਪ੍ਰਧਾਨ ਸ਼੍ਰੀ ਰਣਜੀਤ ਸਿੰਘ ਰਾਣਾ, ਐਮ.ਸੀ. ਸ਼੍ਰੀ ਅਰਵਿੰਦਰਪਾਲ ਸਿੰਘ ਰਾਜੂ ਸਮੇਤ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਹੋਰ ਕਈ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਰਾਜਪੁਰਾ ਨਿਵਾਸੀਆਂ ਨੇ ਆਪਣੇ ਵਿਛੜੇ ਮਹਿਬੂਬ ਨੇਤਾ ਨੂੰ ਨਮ ਅੱਖਾਂ ਨਾਲ ਵਿਧਾਇਗੀ ਦਿੱਤੀ।