ਨਵੀਂ ਦਿੱਲੀ, 31 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਉਪਰ ਨਸ਼ਿਆਂ ਦੇ ਗੰਭੀਰ ਮੁੱਦੇ ਨੂੰ ਮਹੱਤਵਹੀਣ ਬਣਾਉਣ ਦਾ ਦੋਸ਼ ਲਗਾਉਂਦਿਆਂ, ਇਸ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਘਟੀਆ ਤੇ ਬੇਸ਼ਰਮੀਪੂਰਨ ਕਰਾਰ ਦਿੰਦਿਆਂ ਖਾਰਿਜ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਆਪਣੇ ਆਗੂਆਂ ਖਿਲਾਫ ਲੱਗ ਰਹੇ ਨਸ਼ਾਖੋਰੀ ਦੇ ਦੋਸ਼ਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਨਿਰਾਸ਼ਾਪੂਰਨ ਕੋਸ਼ਿਸ਼ ਹੇਠ ਸੱਭ ਤਰ੍ਹਾਂ ਦੇ ਝੂਠਾਂ ਦਾ ਇਸਤੇਮਾਲ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਖੁਦ ਆਪ ਵਰਕਰਾਂ ਤੇ ਵਲੰਟੀਅਰਾਂ ਵੱਲੋਂ ਪਾਰਟੀ ਆਗੂਆਂ ਵਿਰੁੱਧ ਨਸ਼ਾਖੋਰੀ ਦੇ ਦੋਸ਼ ਲਗਾਉਣ ਤੋਂ ਬਾਅਦ, ਕੇਜਰੀਵਾਲ ਸੱਚਾਈ 'ਤੇ ਪਰਦਾ ਪਾਉਣ ਲਈ ਕਾਂਗਰਸ ਖਿਲਾਫ ਪੂਰੀ ਤਰ੍ਹਾਂ ਨਾਲ ਝੂਠੇ ਦੋਸ਼ ਲਗਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ 'ਚੋਂ ਕਈ ਆਗੂਆਂ ਨੂੰ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ 'ਚ ਵੀ ਫੜਿਆ ਜਾ ਚੁੱਕਾ ਹੈ।
ਇਸ ਲੜੀ ਹੇਠ ਉਨ੍ਹਾਂ ਦੀ ਪਾਰਟੀ ਦੀ ਨਸ਼ਾਖੋਰੀ ਖਿਲਾਫ ਲੜਾਈ ਤੇ ਸੱਤਾ 'ਚ ਆਉਣ ਤੋਂ ਹਾਰ ਹਫਤਿਆਂ ਅੰਦਰ ਪੰਜਾਬ ਤੋਂ ਨਸ਼ਿਆਂ ਦਾ ਖਾਤਮਾ ਕਰਨ ਸਬੰਧੀ ਉਨ੍ਹਾਂ ਦੀ ਆਪਣੀ ਵਚਨਬੱਧਤਾ ਨੂੰ ਪ੍ਰਗਟਾਉਂਦਿਆਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕੇਜਰੀਵਾਲ ਦੇ ਕਾਂਗਰਸ ਉਪਰ ਨਸ਼ਾ ਤਸਕਰੀ 'ਚ ਸ਼ਾਮਿਲ ਹੋਣ ਦੇ ਦੋਸ਼ਾਂ ਦੀਆਂ ਖ਼ਬਰਾਂ ਦੇ ਮੱਦੇਨਜ਼ਰੀ, ਕੇਜੀਰੀਵਾਲ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਆਪ ਦੇ ਕੌਮੀ ਕਨਵੀਨਰ ਸੂਬੇ ਦੇ ਲੋਕਾਂ ਤੋਂ ਅਣਜਾਨ ਹੈ, ਜਿਹੜੇ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਜਕੜੇ ਹੋਏ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਐਸ.ਵਾਈ.ਐਲ ਵਰਗੇ ਗੰਭੀਰ ਮੁੱਦੇ ਉਪਰ ਲੋਕਾਂ ਨੂੰ ਧੋਖਾ ਦੇਣ ਵਾਲੇ ਕੇਜਰੀਵਾਲ, ਜਿਸ 'ਤੇ ਉਹ ਸੂਬੇ ਦਾ ਪੱਖ ਲੈਣ 'ਚ ਫੇਲ੍ਹ ਰਹੇ ਹਨ, ਹੁਣ ਨਸ਼ਿਆਂ ਦੇ ਮੁੰਦੇ 'ਤੇ ਗੁੰਮਰਾਹਕੁੰਨ ਬਿਆਨ ਦੇ ਕੇ ਲੋਕਾਂ ਦੇ ਜ਼ਖਮਾਂ 'ਤੇ ਲੂਣ ਰਗੜਨ ਦੀ ਕੋਸ਼ਿਸ਼ ਕਰ ਰਹੇ ਹਨ।
ਜਿਸ 'ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਤੋਂ ਕੇਜਰੀਵਾਲ ਨੂੰ ਨਿਰਾਧਾਰ ਤੇ ਘਟੀਆ ਦੋਸ਼ ਲਗਾਉਣ ਦੀ ਬਜਾਏ, ਨਸ਼ਿਆਂ ਅਤੇ ਐਸ.ਵਾਈ.ਐਲ ਵਰਗੇ ਮਸਲਿਆਂ ਸਮੇਤ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਨਸ਼ਿਆਂ 'ਤੇ ਖੁਲ੍ਹੇਆਮ ਕਾਂਗਰਸ ਦੇ ਵਾਅਦੇ ਦੀ ਕਾਪੀ ਕਰਨਾ ਹੀ ਕਾਫੀ ਨਹੀਂ ਹੈ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਕੇਜਰੀਵਾਲ ਮਾਮਲੇ 'ਚ ਆਪਣੀ ਗੰਭੀਰਤਾ ਤੋਂ ਉਨ੍ਹਾਂ ਨੂੰ ਸਹਿਮਤ ਕਰਨ, ਕਿਉਂਕਿ ਆਪ ਆਗੂ ਦਾ ਇਕ ਦਿਨ 'ਚ ਦੱਸ ਵਾਰ ਆਪਣੀ ਸੋਚ ਬਦਲਣ ਦਾ ਟਰੈਕ ਰਿਕਾਰਡ ਹੈ। ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਨਸ਼ਿਆਂ 'ਤੇ ਆਪਣਾ ਪੱਖ ਸਾਫ ਕਰਨ ਲਈ ਕਿਹਾ ਹੈ, ਕਿਉਂਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਵਰਕਰ ਤੇ ਵਲੰਟੀਅਰ ਸੀਨੀਅਰ ਆਪ ਆਗੂਆਂ 'ਤੇ ਨਸ਼ਿਆਂ ਦੇ ਇਸਤੇਮਾਲ ਦੇ ਦੋਸ਼ ਲਗਾ ਚੁੱਕੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਖੁਦ ਨਸ਼ਿਆਂ ਸਮੇਤ ਹੋਰ ਘੁਟਾਲਿਆਂ ਤੇ ਸਕੈਂਡਲਾਂ 'ਚ ਫੱਸੀ ਹੋਈ ਹੈ ਅਤੇ ਅਜਿਹੇ 'ਚ ਕੇਜਰੀਵਾਲ ਨੂੰ ਦੂਜ਼ਿਆਂ ਖਿਲਾਫ ਨਿਰਾਧਾਰ ਦੋਸ਼ ਲਗਾਉਣ ਦੀ ਬਜਾਏ ਆਪਣਾ ਘਰ ਠੀਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਆਪ ਆਗੂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਤੁਹਾਡੀਆਂ ਲੋਕਾਂ ਨਾਲ ਚਲਾਕੀ ਕਰਨ ਦੀਆਂ ਨਿਰਾਸ਼ਾਪੂਰਨ ਕੋਸ਼ਿਸ਼ਾਂ ਤੁਹਾਡੇ 'ਤੇ ਹੀ ਭਾਰੀ ਪੈਣਗੀਆਂ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੁਸੀਂ ਪੰਜਾਬ 'ਚ ਚੇਹਰਾ ਦਿਖਾਉਣ ਲਾਇਕ ਨਹੀਂ ਰਹੋਗੇ।