ਚੰਡੀਗੜ੍ਹ, 30 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਅੱਜ ਕਿਹਾ ਹੈ ਕਿ ਕਾਂਗਰਸ ਦੀਆਂ ਦਹਾਕੇਬੱਧੀ ਨੀਤੀਆਂ ਨੇ ਹੀ ਪੂਰੇ ਦੇਸ਼ ਵਿਚ ਹਰੀ ਕ੍ਰਾਂਤੀ ਲਿਆਉਣ ਵਾਲੇ ਕਿਸਾਨਾਂ ਨੂੰ ਸੰਕਟ ਦੀ ਸਥਿਤੀ ਵਿਚ ਪਹੁੰਚਾਇਆ ਹੈ। ਭਾਜਪਾ ਵਲੋਂ ਸ਼ੁਰੂ ਕੀਤੀ ਵਿਜੇ ਸੰਕਲਪ ਰਥ ਯਾਤਰਾ ਦੇ ਦੂਸਰੇ ਦਿਨ ਅਬੋਹਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਸਾਂਪਲਾ ਨੇ ਕਿਹਾ ਕਿ ਸਾਲ 1992 ਵਿਚ ਬੇਅੰਤ ਸਿੰਘ ਸਰਕਾਰ ਨੇ ਸੂਬੇ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਕਰਕੇ ਗੁੰਮਰਾਹ ਕੀਤਾ ਸੀ, ਪਰੰਤੂ ਕੀਤਾ ਕੁਝ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁੱਖ ਮੰਤਰੀ ਅਹੁਦੇ 'ਤੇ ਹੁੰਦਿਆਂ ਕਿਸੇ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ। ਸ੍ਰੀ ਸਾਂਪਲਾ ਨੇ ਕਿਹਾ ਕਿ ਇਕ ਪਾਸੇ ਅਮਰਿੰਦਰ ਸਿੰਘ ਖੁਦ ਕਰਜੇ ਮੁਆਫ਼ ਕਰਨ ਦਾ ਲਾਲਚ ਦੇ ਰਿਹਾ ਹੈ, ਦੂਜੇ ਪਾਸੇ ਉਹ ਤੇ ਪੂਰੀ ਕਾਂਗਰਸ ਕਰਜੇ ਮੁਆਫ਼ ਕਰਨ ਦੀ ਮੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਕਰ ਰਹੇ ਹਨ। ਸ੍ਰੀ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਨੇ ਦੇਸ਼ ਦੀ ਕਿਸਾਨੀ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਬੱਜਟ ਦਿੱਤਾ ਹੈ ਅਤੇ ਕਿਸਾਨੀ ਸੰਕਟ ਦਾ ਸਥਾਈ ਹੱਲ ਕਰਨਾ ਭਾਰਤੀ ਜਨਤਾ ਪਾਰਟੀ ਦਾ ਮੁੱਖ ਉਦੇਸ਼ ਹੈ।
ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਰੋਜਾਨਾ ਨਵਾਂ ਘੋਟਾਲਾ ਸੁਣਨ ਨੂੰ ਮਿਲਦਾ ਸੀ, ਜਦਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਲੋਂ ਵਿਕਾਸ ਦੀ ਨਿੱਤ ਨਵੀਂ ਯੋਜਨਾ ਲਿਆਂਦੀ ਜਾ ਰਹੀ ਹੈ। ਢਾਈ ਸਾਲ ਦੇ ਕਾਰਜਕਾਲ ਵਿਚ ਕਿਸਾਨਾਂ, ਸਨਅਤਾਂ, ਮਹਿਲਾਵਾਂ, ਗਰੀਬਾਂ, ਮਜ਼ਦੂਰਾਂ, ਪਛੜੇ ਵਰਗਾਂ ਲਈ 90 ਤੋਂ ਵੱਧ ਯੋਜਨਾਵਾਂ ਲਿਆਂਦੀਆਂ ਹਨ, ਜਿੰਨ੍ਹਾਂ ਨੇ ਜਨਤਾ ਦੀ ਜਿੰਦਗੀ ਖੁਸ਼ਨੁਮਾ ਕੀਤੀ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਪਹਿਲਾਂ ਦੇਸ਼ ਦੇ ਨੇਤਾ ਭਾਰਤ ਨੂੰ ਅਮਰੀਕਾ ਵਰਗਾ ਬਣਾਉਣ ਦੇ ਸੁਪਨੇ ਵਿਖਾਉਂਦੇ ਸਨ, ਲੇਕਿਨ ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸ੍ਰੀ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸੇ ਤਰ੍ਹਾਂ ਕੰਮ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਇਕ ਅਖੌਤੀ ਪਾਰਟੀ ਨੇ ਦਿੱਲੀ ਦੀ ਜਨਤਾ ਨਾਲ ਸਕੂਲ, ਕਾਲਜ ਖੋਲ੍ਹਣ, ਔਰਤਾਂ ਦੀ ਸੁਰੱਖਿਆ ਦੇ ਨਾਮ 'ਤੇ ਸੀਸੀਟੀਵੀ ਕੈਮਰੇ ਲਗਾਉਣ, ਵਾਈ. ਫਾਈ. ਕਰਨ ਦੇ ਵਾਅਦੇ ਕੀਤੇ ਪਰੰਤੂ ਇਕ ਵੀ ਪੂਰਾ ਨਹੀਂ ਕੀਤਾ। ਦਿੱਲੀ ਵਿਚ ਰੇਵ ਪਾਰਟੀਆਂ 'ਚ ਸ਼ਰੇਆਮ ਨਸ਼ੇ ਦੀ ਵਰਤੋਂ ਹੁੰਦੀ ਹੈ, ਲੇਕਿਨ ਪੰਜਾਬ ਵਿਚ ਅਜਿਹਾ ਕੁਝ ਵੀ ਨਹੀਂ ਹੁੰਦਾ ਪਰੰਤੂ ਫਿਰ ਵੀ ਕੇਜਰੀਵਾਲ ਤੇ ਰਾਹੁਲ ਗਾਂਧੀ ਸੂਬੇ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰ ਰਹੇ ਹਨ। ਜਿਨ੍ਹਾਂ ਉੱਤੇ ਉਨ੍ਹਾਂ ਦੇ ਆਪਣੇ ਵਰਕਰ ਹੀ ਟਿਕਟਾਂ ਵੇਚਣ, ਧੀਆਂ ਭੈਣਾਂ ਦਾ ਸੋਸ਼ਣ ਕਰਨ ਦੇ ਦੋਸ਼ ਲਗਾ ਰਹੇ ਹਨ ਉਹ ਕਿਸ ਮੂੰਹ ਨਾ ਪੰਜਾਬ ਵਿੱਚ ਵੋਟਾਂ ਮੰਗ ਕਰੇ ਹਨ।
ਸ੍ਰੀ ਸਾਂਪਲਾ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਵਲੋਂ ਕੇਂਦਰ ਦੇ ਸਹਿਯੋਗ ਨਾਲ 30 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਚਹੁੰ ਮਾਰਗੀ ਤੇ ਵੱਡੀਆਂ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਏਮਜ਼ ਤੇ ਆਈਆਈਐਮ ਸਥਾਪਿਤ ਕੀਤੇ ਜਾ ਰਹੇ ਹਨ। ਮੋਹਾਲੀ ਤੇ ਬਠਿੰਡਾ 'ਚ ਨਵੇਂ ਹਵਾਈ ਅੱਡੇ ਬਣਾ ਕੇ ਸ਼ੁਰੂ ਕੀਤੇ ਗਏ ਅਤੇ ਆਦਮਪੁਰ ਵਿਚ ਵੀ ਹਵਾਈ ਅੱਡਾ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬੇ ਵਿਚ ਗੱਠਜੋੜ ਸਰਕਾਰ ਨੇ ਵਿਕਾਸ ਕੰਮ ਹੀ ਏਨਾ ਕੀਤਾ ਹੈ ਕਿ ਜਨਤਾ ਖੁਦ ਸਮਰਥਨ ਦੇ ਰਹੀ ਹੈ, ਜਿਸ ਕਰਕੇ ਵੋਟ ਮੰਗਣ ਦਾ ਅਧਿਕਾਰ ਸਿਰਫ਼ ਅਕਾਲੀ-ਭਾਜਪਾ ਗੱਠਜੋੜ ਨੂੰ ਹੀ ਹੈ।
'ਵਿਜੇ ਸੰਕਲਪ ਰਥ ਯਾਤਰਾ' ਦਾ ਅਬੋਹਰ ਵਿਚ ਭਰਵਾਂ ਸਵਾਗਤ
'ਵਿਜੇ ਸੰਕਲਪ ਰਥ ਯਾਤਰਾ' ਦਾ ਅਬੋਹਰ ਵਿਚ ਜਗ੍ਹਾ-ਜਗ੍ਹਾ ਭਰਵਾਂ ਸਵਾਗਤ ਕੀਤਾ ਗਿਆ। ਸ਼ਹਿਰ ਦੇ ਬਾਲਾ ਜੀ ਮੰਦਿਰ ਵਿਖੇ ਆਸ਼ੀਰਵਾਦ ਲੈਣ ਤੋਂ ਬਾਅਦ ਭਾਜਪਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਦੀ ਅਗਵਾਈ ਵਿਚ ਰਥ ਯਾਤਰਾ ਰਵਾਨਾ ਹੋਈ, ਜਿਸ ਤੋਂ ਬਾਅਦ ਵੱਖ-ਵੱਖ ਚੌਂਕ ਵਿਖੇ ਭਗਤ ਕਬੀਰ ਜੀ, ਮਹਾਰਾਜ ਅੱਗਰਸੈਨ ਜੀ ਤੇ ਸ਼ਹੀਦ ਭਗਤ ਸਿੰਘ ਜੀ ਦੇ ਸਮਾਰਕ ਵਿਖੇ ਨਤਮਸਤਕ ਹੁੰਦਿਆਂ ਸ੍ਰੀ ਵਿਜੇ ਸਾਂਪਲਾ, ਭਾਜਪਾ ਸੂਬਾ ਜਥੇਬੰਦਕ ਜਨਰਲ ਸਕੱਤਰ ਸ੍ਰੀ ਦਿਨੇਸ਼ ਕੁਮਾਰ, ਕੈਬਨਿਟ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ, ਸਾਬਕਾ ਸੂਬਾ ਪ੍ਰਧਾਨ ਸ੍ਰੀ ਬ੍ਰਿਜ ਲਾਲ ਰਿਣਵਾ ਨੇ ਫੁੱਲ ਮਾਲਾਵਾਂ ਭੇਟ ਕੀਤੀਆਂ। ਹਜਾਰਾਂ ਦੀ ਤਾਦਾਦ ਵਿਚ ਭਾਜਪਾ ਵਰਕਰਾਂ ਤੇ ਸਮਰਥਕਾਂ ਨੇ ਰਥ 'ਤੇ ਸਵਾਰ ਪਾਰਟੀ ਆਗੂਆਂ ਉਤੇ ਜਗ੍ਹਾ-ਜਗ੍ਹਾ ਫੁੱਲਾਂ ਦੀ ਵਰਖਾ ਕੀਤੀ ਅਤੇ ਮੋਟਰਸਾਈਕਲਾਂ ਤੇ ਕਾਰਾਂ ਉਤੇ ਸਵਾਰ ਵਰਕਰਾਂ ਦਾ ਕਾਫਲਾ ਜੋਸ਼ੀਲੇ ਨਾਅਰੇ ਮਾਰਦਾ ਹੋਇਆ ਅੱਗੇ ਵਧਿਆ। ਇਸ ਤੋਂ ਇਲਾਵਾ ਠਾਕੁਰ ਆਬਾਦੀ, ਗਾਂਧੀ ਚੌਕ ਤੇ ਸਰਕੂਲਰ ਰੋਡ 'ਤੇ ਜਨਸਭਾਵਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਅਰਚਨਾ ਦੱਤ, ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ, ਕੇਵਲ ਕੁਮਾਰ, ਸੂਬਾ ਸਕੱਤਰ ਵਿਨੀਤ ਜੋਸ਼ੀ, ਵਿਧਾਨ ਸਭਾ ਇੰਚਾਰਜ ਸ੍ਰੀਮਤੀ ਵਿਜੇ ਲਕਸ਼ਮੀ ਭਾਦੂ, ਜਿਲ੍ਹਾ ਪ੍ਰਧਾਨ ਫਾਜ਼ਿਲਕਾ ਵਿਸ਼ਨੂੰ ਭਗਵਾਨ ਡੇਲੂ, ਭਾਜਪਾ ਯੁਵਾ ਮੋਰਚਾ ਦੇ ਸੁੂਬਾ ਪ੍ਰਧਾਨ ਸ਼ਿਵਵੀਰ ਰਾਜਨ ਤੇ ਜਨਰਲ ਸਕੱਤਰ ਅਮਿਤ ਸਾਂਪਲਾ ਵੀ ਮੌਜੂਦ ਸਨ।