ਚੰਡੀਗੜ੍ਹ, 28 ਦਸੰਬਰ, 2016 : ਪੰਜਾਬ ਵਿਧਾਨ ਸਭਾ ਚੋਣਾਂ 2017 ਦੀਆਂ ਵੋਟਾਂ ਵਾਲੇ ਦਿਨ ਤੋਂ 72 ਘੰਟੇ ਪਹਿਲਾਂ ਲਾਗੂ ਕੀਤੇ ਜਾਣ ਵਾਲੇ ਐਕਸ਼ਨ ਪਲਾਨ ਨੂੰ ਇਨ ਬਿਨ ਲਾਗੂ ਕਰਨ ਲਈ ਸਬੰਧਤ ਅਧਿਕਾਰੀ ਪੂਰੀ ਤਰ੍ਹਾਂ ਜਿੰਮੇਵਾਰ ਹੋਣਗੇ। ਉਕਤ ਪ੍ਰਗਟਾਵਾ ਅੱਜ ਇੱਥੇ ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਵਿਖੇ ਚੋਣ ਤਿਆਰੀਆਂ ਸਬੰਧੀ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਫਿਰੋਜਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਅਤੇ ਬਠਿੰਡਾ ਦੇ ਜਿਲ੍ਹਾਂ ਪ੍ਰਸ਼ਾਸਨ, ਪੁਲਿਸ, ਕਰ ਤੇ ਅਬਕਾਰੀ ਅਤੇ ਇਨਕਮ ਟੈਕਸ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਦੀ ਇੱਕ ਅਹਿਮ ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਵੀ ਕੇ ਸਿੰਘ ਮੁੱਖ ਚੋਣ ਅਫ਼ਸਰ ਪੰਜਾਬ ਨੇ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਚੋਣਾਂ ਦੋਰਾਨ ਤੈਨਾਤ ਕੀਤਾ ਜਾਣ ਵਾਲਾ ਅਮਲਾ ਪੂਰੀ ਤਰ੍ਹਾਂ ਟ੍ਰੇਡ ਹੋਣਾ ਚਾਹੀਦਾ ਹੈ ਅਤੇ ਜਦੋਂ ਵੀ ਕੋਈ ਸ਼ੀਜਰ ਜਾ ਕੋਈ ਛਾਪੇਮਾਰੀ ਕਰਨੀ ਹੈ ਤਾਂ ਇਸ ਦੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਵੀ ਦੇਣੀ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਨਾਲ ਸੰਬੰਧਤ ਪ੍ਰਾਪਤ ਖੁਫੀਆ ਜਾਣਕਾਰੀ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਬਿਨ੍ਹਾਂ ਸਮਾਂ ਗਵਾਏ ਕਰਨੀ ਹੈ ਤਾਂ ਜੋ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਵੋਟਰਾਂ ਨੂੰ ਭਰਮਾਉਣ ਲਈ ਵੰਡੇ ਜਾਂਦੇ ਪੈਸੇ, ਤੋਹਫੇ,ਸ਼ਰਾਬ ਅਤੇ ਨਸ਼ੀਲੇ ਪਦਾਰਥ ਤੇ ਰੋਕ ਲਗਾਈ ਜਾ ਸਕਦੀ ਹੈ।
ਸ੍ਰੀ ਸਿੰਘ ਨੇ ਜ਼ਿਲ੍ਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਚੋਣਾਂ ਦੋਰਾਨ ਉਮੀਦਵਾਰਾਂ ਵੱਲੋਂ ਵਰਤੇ ਜਾਣ ਵਾਲੇ ਵੱਖ ਵੱਖ ਵਸਤਾਂ ਦੇ ਭਾਅ ਵੀ ਸਮਾਂ ਰਹਿੰਦਿਆਂ ਨਿਸ਼ਚਿਤ ਕਰ ਦਿੱਤੇ ਜਾਣ ਤਾਂ ਜੋ ਚੋਣ ਲੜ ਰਹੇ ਉਮੀਦਵਾਰ ਆਪਣੇ ਚੋਣ ਖਰਚਿਆਂ ਸਬੰਧੀ ਆਪਣੇ ਦਸ਼ਤਾਵੇਜ਼ ਪੇਸ਼ ਕਰ ਸਕਣ।
ਉਨ੍ਹਾਂ ਕਿਹਾ ਕਿ ਨਾਕਿਆਂ ਤੇ ਤੈਨਾਤ ਕਰਮਚਾਰੀਆਂ ਨੂੰ ਸਿਫ਼ਟ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਅਜਿਹੇ ਪਿੰਡਾਂ ਅਤੇ ਇਲਾਕਿਆਂ ਦੀ ਵੀ ਪਛਾਣ ਕੀਤੀ ਜਾਵੇ ਜਿੱਥੇ ਦੇਸ਼ੀ ਦਾਰੂ ਵਿਕਣ ਜਾਂ ਬਣਾਉਣ ਦਾ ਕੰਮ ਹੁੰਦਾ ਹੋਵੇ।ਉਨ੍ਹਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਵੱਲੋਂ ਚੋਣ ਡਿਊਟੀ ਸਬੰਧੀ ਦਿਖਾਈ ਗਈ ਲਾਪਰਵਾਹੀ ਲਈ ਸੀਨੀਅਰ ਅਧਿਕਾਰੀ ਜਿੰਮੇਵਾਰ ਹੋਵੇਗਾ।ਇਸ ਤੋਂ ਇਲਾਵਾ ਇੱਕ ਵਿਅਕਤੀ ਦੀ ਇੱਕ ਥਾਂ ਹੀ ਡਿਊਟੀ ਲਗਾਈ ਜਾਵੇ। ਇਸ ਮੀਟਿੰਗ ਵਿੱਚ ਸਟੇਟ ਪੁਲਿਸ ਨੋਡਲ ਅਫ਼ਸਰ ਵੀ ਕੇ ਬਾਵਰਾ (ਆਈ ਪੀ ਐਸ ) ਏ ਡੀ ਜੀ ਪੀ ਪੰਜਾਬ ਪੁਲਿਸ , ਇਨਕਮ ਟੈਕਸ ਵਿਭਾਗ ਦੇ ਨੋਡਲ ਅਫ਼ਸਰ ਰੋਹਿਤ ਮਹਿਰਾ ਅਤੇ ਕਰ ਤੇ ਅਬਕਾਰੀ ਵਿਭਾਗ ਦੇ ਨੋਡਲ ਅਫ਼ਸਰ ਗੁਰਤੇਜ਼ ਸਿੰਘ ਹਾਜਰ ਸਨ।