ਚੰਡੀਗੜ੍ਹ, 30 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਵਾਸਤੇ ਰਾਜ਼ੀ ਕਰਕੇ ਆਪਣੇ ਜਾਲ ਵਿਚ ਲੈ ਲਿਆ ਹੈ, ਜਦਕਿ ਅਸਲੀਅਤ ਇਹ ਹੈ ਕਿ ਚੋਣ ਮੈਨੀਫੈਸਟੋ ਦੇ ਮੁੱਖ ਏਜੰਡਿਆਂ ਨੂੰ ਅਮਰਿੰਦਰ ਇੱਕ ਹਫਤਾ ਪਹਿਲਾਂ ਹੀ '9 ਸੂਤਰੀ ਏਜੰਡੇ' ਰਾਹੀਂ ਜਾਰੀ ਕਰ ਚੁੱਕਿਆ ਹੈ।
ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪਾਰਟੀ ਦੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਪਾਰਟੀ ਮੈਨੀਫੈਸਟੋ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ ਅਤੇ ਇਸ ਦੀ ਘੋਸ਼ਣਾ ਸੀਨੀਅਰ ਆਗੂਆਂ ਦੁਆਰਾ ਕੀਤੀ ਜਾਂਦੀ ਹੈ।
ਸ਼ ਢੀਂਡਸਾ ਨੇ ਕਿਹਾ ਕਿ ਅਮਰਿੰਦਰ ਨੇ ਸਾਰੀਆਂ ਗੱਲਾਂ ਦਾ ਸਿਹਰਾ ਆਪਣੇ ਸਿਰ ਲੈਣ ਲਈ ਪਾਰਟੀ ਦੇ ਨਿਯਮਾਂ ਨੂੰ ਭਗ ਕਰਦਿਆਂ ' 9 ਸੂਤਰੀ ਏਜੰਡੇ' ਦਾ ਐਲਾਨ ਕਰ ਦਿੱਤਾ ਸੀ। ਇਸ ਨਾਲ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਨੂੰ ਤਿਆਰ ਕਰਨ ਦੀ ਸਾਰੀ ਕਾਰਵਾਈ ਹੀ ਖੂਹ ਵਿਚ ਪੈ ਗਈ ਹੈ।
ਦੱਸਣਯੋਗ ਹੈ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਸਾਬਕਾ ਵਿੱਤ ਮੰਤਰੀ ਸ਼ ਮਨਪ੍ਰੀਤ ਸਿੰਘ ਬਾਦਲ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਮੈਨੀਫੈਸਟੋ ਨੂੰ ਤਿਆਰ ਕਰਨ ਅਤੇ ਇੱਕ ਵੱਡੇ ਕਾਂਗਰਸੀ ਆਗੂ ਤੋਂ ਜਾਰੀ ਕਰਾਉਣ ਦਾ ਕੀ ਮਤਲਬ ਰਹਿ ਜਾਂਦਾ ਹੈ, ਜਿਸ ਦੇ ਸਾਰੇ ਏਜੰਡੇ ਪਹਿਲਾਂ ਹੀ ਲੋਕਾਂ ਤੱਕ ਪੁੱਜ ਚੁੱਕੇ ਹੋਣ? ਇਸ ਨੂੰ ਲੈ ਕੇ ਕਾਂਗਰਸੀ ਆਗੂਆਂ ਵਿਚਕਾਰ ਕਾਨਾਫੂਸੀ ਚੱਲ ਰਹੀ ਹੈ।
ਅਮਰਿੰਦਰ ਵੱਲੋਂ 9 ਸੂਤਰੀ ਏਜੰਡੇ ਨੂੰ ਪਵਿੱਤਰ ਐਲਾਨੇ ਜਾਣ 'ਤੇ ਢੀਂਡਸਾ ਨੇ ਕਿਹਾ ਕਿ ਜੇਕਰ ਪਾਰਟੀ ਚੋਣਾਂ ਦਾ ਏਜੰਡਾ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ ਤਾਂ ਮਨਮੋਹਨ ਸਿੰਘ ਦਾ ਅਪਮਾਨ ਕਿਉਂ ਕੀਤਾ ਜਾ ਰਿਹਾ ਹੈ?
ਪਰ ਜੇਕਰ 9 ਸੂਤਰੀ ਏਜੰਡਾ ਪਾਰਟੀ ਮੈਨੀਫੈਸਟੋ ਤੋਂ ਵੱਖਰਾ ਹੈ ਤਾਂ ਮੈਨੀਫੈਸਟੋ ਦੀ ਕੀ ਪਵਿੱਤਰਤਾ ਰਹਿ ਜਾਵੇਗੀ? ਭੱਠਲ ਅਤੇ ਮਨਪ੍ਰੀਤ ਦੀ ਕਿਰਕਿਰੀ ਕਰਨ ਵਾਸਤੇ ਅਮਰਿੰਦਰ ਆਪਣਾ ਏਜੰਡਾ ਲਾਗੂ ਕਰੇਗਾ, ਕਿਉਕਿ ਉਹ ਤਾਂ ਪਹਿਲਾਂ ਹੀ ਉਹਨਾਂ ਦੇ ਅਧਿਕਾਰ ਖੇਤਰ ਵਿਚ ਘੁਸਪੈਠ ਕਰ ਚੁੱਕਿਆ ਹੈ।
ਸ਼ ਢੀੰਡਸਾ ਨੇ ਕਿਹਾ ਕਿ ਅਮਰਿੰਦਰ ਵੱਲੋਂ ਪਾਰਟੀ ਪ੍ਰੋਗਰਾਮ ਘੋਸ਼ਿਤ ਕਰਨ ਵਾਸਤੇ ਵਿਖਾਈ ਕਾਹਲੀ ਨੇ ਕਾਂਗਰਸ ਨੂੰ ਉਸ ਮੋੜ 'ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਪਾਰਟੀ ਦੇ ਹੱਥ ਵਿਚ ਏਜੰਡਿਆਂ ਦੇ ਦੋ ਖਰੜੇ ਆ ਗਏ ਹਨ। ਪਹਿਲਾ 9 ਸੂਤਰੀ ਏਜੰਡਾ ਅਤੇ ਦੂਜਾ ਪਾਰਟੀ ਦਾ ਚੋਣ ਮਨੋਰਥ ਪੱਤਰ, ਜਿਸ ਨੂੰ ਮਨਮੋਹਨ ਸਿੰਘ ਵੱਲੋਂ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।