ਚੰਡੀਗੜ੍ਹ, 3 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਆਪਣੇ ਵਾਅਦੇ ਪੂਰੇ ਕਰਨ ਪ੍ਰਤੀ ਕਿੰਨੀ ਕੁ ਗੰਭੀਰਤਾ ਵਿਖਾਈ ਜਾ ਰਹੀ ਹੈ ਇਸ ਦੀ ਪੋਲ ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰ ਭਦਰ ਸਿੰਘ ਨੇ 2012 ਦੇ ਚੋਣ ਮੈਨੀਫੈਸਟੋ ਵਿਚਲੇ ਬੇਰੋਜਗਾਰ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਕੇ ਖੋਲ੍ਹ ਦਿੱਤੀ ਹੈ ਅਤੇ ਕਾਂਗਰਸ ਦਾ ਅਸਲੀ ਚਿਹਰਾ ਸੱਭ ਦੇ ਸਾਹਮਣੇ ਲਿਆ ਦਿੱਤਾ ਹੈ।
ਅੱਜ ਇਥੇ ਜਾਰੀ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਵੀਰ ਭਦਰ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਹਿਮਾਚਲ ਦੇ ਬੇਰੋਜਗਾਰ ਨੌਜਵਾਨਾਂ ਨਾਲ ਵੱਡੇ-ਵੱਡੇ ਵਾਅਦੇ ਉਨ੍ਹਾਂ ਕੁੱਝ ਕੁ ਲੋਕਾਂ ਨੇ ਕੀਤੇ ਸਨ ਜਿਨ੍ਹਾਂ ਨੂੰ ਸਰਕਾਰ ਚਲਾਉਣ ਦਾ ਕੋਈ ਵੀ ਤਜ਼ਰਬਾ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ, ''ਹੁਣ ਇਹ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਰਭਰ ਕਰਦਾ ਹੈ ਕਿ ਕੀ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ ਅਜਿਹੇ ਹੀ ਵਾਅਦੇ ਕਿਤੇ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਉੱਤੇ ਤਾਂ ਨਹੀਂ ਕੀਤੇ ਗਏ। ਜੇਕਰ ਅਜਿਹਾ ਹੈ ਤਾਂ ਅਮਰਿੰਦਰ ਵਲੋਂ ਪੰਜਾਬੀਆਂ ਨੂੰ ਜਵਾਬ ਦੇਣਾ ਬਣਦਾ ਹੈ ਕਿ ਕਿਉਂ ਉਹ ਜਾਣਬੁਝ ਕੇ ਉਨ੍ਹਾਂ ਨੂੰ ਧੋਖਾ ਦੇ ਰਿਹਾ ਹੈ ਅਤੇ ਅਜਿਹੇ ਵਾਅਦੇ ਕਰ ਰਿਹਾ ਹੈ ਜਿਨ੍ਹਾਂ ਨੂੰ ਪੂਰਾ ਕਰਨ ਦੀ ਉਸਦੀ ਕੋਈ ਇੱਛਾ ਨਹੀਂ ਹੈ। ''
ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਵੀ ਜਵਾਬਦੇਹੀ ਬਣਦੀ ਹੈ ਕਿ ਉਹ ਇਸ ਬਾਰੇ ਸਥਿਤੀ ਸਪਸ਼ਟ ਕਰਨ ਕਿ ਉਹ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਨ ਵਾਲੀ ਇਸ ਸਾਜ਼ਿਸ਼ ਦਾ ਹਿੱਸਾ ਹਨ ਜਾਂ ਨਹੀਂ। ਅਕਾਲੀ ਆਗੂ ਨੇ ਅੱਗੇ ਕਿਹਾ ਕਿ, '' ਕਿ ਤੁਸੀਂ ਆਪਣੇ ਰਜਵਾੜਾਸ਼ਾਹੀ ਸਾਥੀ ਵੀਰ ਭਦਰ ਦੀ ਨਕਲ ਕਰਦੇ ਹੋਏ ਅਜਿਹੇ ਵਾਅਦੇ ਕੀਤੇ ਹਨ ਜਦੋਂ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਤੁਹਾਡੀ ਪਾਰਟੀ ਨੇ ਹਿਮਾਚਲ ਦੇ ਨੌਜਵਾਨਾਂ ਨੂੰ ਧੋਖਾ ਦਿੱਤਾ ਹੈ ਅਤੇ ਅਜਿਹੇ ਹੀ ਵਾਅਦੇ ਤੁਸੀਂ ਪੰਜਾਬ ਵਿਚ ਵੀ ਦੋਹਰਾਉਣਾ ਚਾਹੁੰਦੇ ਹੋ। ''
ਅਕਾਲੀ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਰਜਵਾੜਾਸ਼ਾਹੀ ਸਾਥੀ ਕੈਪਟਨ ਅਮਰਿੰਦਰ ਸਿੰਘ ਵਾਂਗ ਝੂਠੇ ਵਾਅਦੇ ਕਰਨ ਵਿਚ ਨਿਪੁੰਨ ਹਨ। ਸ. ਢੀਂਡਸਾ ਨੇ ਅੱਗੇ ਕਿਹਾ ਕਿ,'' ਵੀਰ ਭਦਰ ਉਸ ਕਮੇਟੀ ਦਾ ਹਿੱਸਾ ਸੀ ਜਿਸਨੇ ਸਾਲ 2012 ਦਾ ਚੋਣ ਮੈਨੀਫੈਸਟੋ ਬਣਾਇਆ ਸੀ ਪਰ ਹੁਣ ਉਸ ਵਲੋਂ ਇਸ ਤੋਂ ਇਨਕਾਰ ਕਰਦੇ ਹੋਏ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਕਿਸਮ ਦਾ ਬੇਰੋਜਗਾਰੀ ਭੱਤਾ ਦੇਣ ਦੀ ਸਕੀਮ ਭਾਰਤ ਵਿਚ ਸਫਲ ਨਹੀਂ ਹੋ ਸਕਦੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਵਾਅਦਾ ਕੀਤਾ ਸੀ ਕਿ ਮੁਫਤ ਬਿਜਲੀ ਦੀ ਸੁਵਿਧਾ ਅਤੇ ਸ. ਪਰਕਾਸ਼ ਸਿੰਘ ਬਾਦਲ ਦੁਆਰਾ ਸ਼ੁਰੂ ਕੀਤੀਆਂ ਸਮਾਜਿਕ ਭਲਾਈ ਦੀਆਂ ਸਕੀਮਾਂ ਜਾਰੀ ਰੱਖੀਆਂ ਜਾਣਗੀਆਂ ਪਰ ਸੱਤਾ ਵਿਚ ਆਉਂਦਿਆਂ ਹੀ ਉਸਨੇ ਇਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ।''
ਸ. ਢੀਂਡਸਾ ਨੇ ਕਿਹਾ ਕਿ ਸਿਰਫ ਇਨ੍ਹਾਂ ਹੀ ਨਹੀਂ ਕੈਪਟਨ ਅਮਰਿੰਦਰ ਨੇ ਆਪਣੇ ਬਤੌਰ ਮੁੱਖ ਮੰਤਰੀ ਕਾਰਜਕਾਲ ਦੌਰਾਨ ਸਰਕਾਰੀ ਭਰਤੀ ਉੱਤੇ ਪਾਬੰਦੀ ਲਾ ਕੇ ਪੰਜਾਬ ਦੀ ਨੌਜਵਾਨ ਨਸਲ ਦਾ ਭਵਿੱਖ ਬਰਬਾਦ ਕਰ ਦਿੱਤਾ। ਉਨ੍ਹਾਂ ਹੋਰ ਕਿਹਾ ਕਿ, ''ਪੰਜਾਬ ਦੇ ਨੌਜਵਾਨ ਅਜਿਹੇ ਵਿਅਕਤੀ ਵਲੋਂ ਕੀਤੇ ਗਏ ਵਾਅਦਿਆਂ ਉੱਤੇ ਕਿਵੇਂ ਯਕੀਨ ਕਰ ਸਕਦੇ ਹਨ।''
ਅਕਾਲੀ ਆਗੂ ਨੇ ਕਿਹਾ ਕਿ ਜਿਥੋਂ ਤੱਕ ਅਕਾਲੀ-ਭਾਜਪਾ ਸਰਕਾਰ ਦਾ ਸਬੰਧ ਹੈ ਤਾਂ ਅਮਰਿੰਦਰ ਵਾਂਗ ਝੂਠੇ ਵਾਅਦੇ ਕਰਨ ਦੀ ਬਜਾਏ ਇਸ ਸਰਕਾਰ ਨੇ ਤਕਰੀਬਨ 2.25 ਲੱਖ ਨੌਜਵਾਨਾਂ ਨੂੰ ਰੋਜਗਾਰ ਦਿੱਤਾ ਅਤੇ ਠੇਕੇ ਉੱਤੇ ਕੰਮ ਕਰ ਰਹੇ 30 ਹਜਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ। ਸ.ਢੀਂਡਸਾ ਨੇ ਅੱਗੇ ਕਿਹਾ ਕਿ,'' ਇਸ ਤੋਂ ਇਲਾਵਾ ਅਕਾਲੀ ਭਾਜਪਾ ਸਰਕਾਰ ਵਲੋਂ ਲੱਖਾਂ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਉਨ੍ਹਾਂ ਨੂੰ ਰੋਜਗਾਰ ਦੇ ਕਾਬਲ ਬਣਾਇਆ ਗਿਆ ਅਤੇ ਇਹ ਸੱਭ ਤਾਂ ਹੀ ਮੁਮਕਿਨ ਹੋ ਸਕਿਆ ਕਿਉਂ ਜੋ ਬਾਦਲ ਸਾਹਿਬ ਦਾ ਪੱਕਾ ਵਾਅਦਾ ਸੀ ਕਿ ਨੌਜਵਾਨਾਂ ਨੂੰ ਅੱਗੇ ਵਧਣ ਦੇ ਠੋਸ ਮੌਕੇ ਪ੍ਰਦਾਨ ਕਰਨੇ ਹਨ। ਪੰਜਾਬ ਕਾਂਗਰਸ ਤਾਂ ਹਿਮਾਚਲ ਦੀ ਤਰਜ ਉੱਤੇ ਨੌਜਵਾਨਾਂ ਦਾ ਇਸਤੇਮਾਲ ਹੀ ਕਰਨਾ ਚਾਹੁੰਦੀ ਹੈ।''