ਚੰਡੀਗੜ੍ਹ, 31 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੋ-ਇੰਚਾਰਜ ਅਤੇ ਹਲਕਾ ਲੰਬੀ ਤੋਂ ਪਾਰਟੀ ਉਮੀਦਵਾਰ ਜਰਨੈਲ ਸਿੰਘ ਨੇ ਬਾਦਲਾਂ ਉਤੇ ਸੂਬੇ ਦੇ ਖਜਾਨੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਚੰਡੀਗੜ੍ਹ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਰਨੈਲ ਸਿੰਘ ਨੇ ਕਿਹਾ ਕਿ ਵੋਟਰਾਂ ਨੂੰ ਭਰਮਾਉਣ ਲਈ ਇਸ ਵੇਲੇ ਬਾਦਲਾਂ ਵੱਲੋਂ ਹਰ ਹੀਲਾ-ਵਸੀਲਾ ਵਰਤਿਆ ਜਾ ਰਿਹਾ ਹੈ।
ਜਰਨੈਲ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਸੂਬੇ ਦਾ ਖਜਾਨਾ ਲਗਭਗ ਖਾਲੀ ਪਿਆ ਹੈ, ਦੂਜੇ ਪਾਸੇ ਸਿਆਸੀ ਫਾਇਦਾ ਲੈਣ ਲਈ ਬਾਦਲਾਂ ਵੱਲੋਂ ਘੋਟਾਲੇ ਕੀਤੇ ਜਾ ਰਹੇ ਹਨ। ਮੀਡੀਆ ਚ ਆਈਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਲੰਬੀ ਦੇ ਪਿੰਡ ਸਿੰਘੇਵਾਲ ਵਿਖੇ ਵੋਟਰ ਸੂਚੀ ਮੁਤਾਬਿਕ 372 ਘਰ ਹਨ, ਜਦਕਿ 564 ਮਕਾਨਾਂ ਨੂੰ ਮੁਰੰਮਤ ਲਈ 15-15 ਹਜਾਰ ਰੁਪਏ ਦਿੱਤੇ ਗਏ ਹਨ।
ਜਰਨੈਲ ਸਿੰਘ ਨੇ ਦੋਸ਼ ਲਗਾਇਆ ਕਿ 192 ਅਜਿਹੇ ਘਰਾਂ ਲਈ ਮੁਰੰਮਤ ਰਾਸ਼ੀ ਦੇ ਚੈਕ ਜਾਰੀ ਕਰਨੇ, ਜਿਨਾਂ ਦੀ ਕੋਈ ਹੋਂਦ ਹੀ ਨਹੀਂ ਹੈ, ਸਾਫ ਇਸ਼ਾਰਾ ਕਰਦਾ ਹੈ ਕਿ ਇਹ ਇੱਕ ਵੱਡਾ ਘੋਟਾਲਾ ਹੈ। ਉਨਾਂ ਕਿਹਾ 15,000 ਰੁਪਏ ਪ੍ਰਤਿ ਘਰ ਦੇ ਹਿਸਾਬ ਨਾਲ 192 ਫਰਜੀ ਘਰਾਂ ਲਈ ਦਿੱਤੀ ਗਈ ਰਾਸ਼ੀ 28,80,000 ਰੁਪਏ ਬਣਦੀ ਹੈ। ਜਰਨੈਲ ਸਿੰਘ ਨੇ ਕਿਹਾ ਕਿ ਇਹ ਤਾਂ ਸਿਰਫ ਇੱਕ ਪਿੰਡ ਦੀ ਗੱਲ ਹੈ। ਜੇਕਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ, ਤਾਂ ਪਤਾ ਨਹੀਂ ਹੋਰ ਕਿੰਨੇ ਕੁ ਪਿੰਡਾਂ ਵਿੱਚ ਅਜਿਹੇ ਘੋਟਾਲੇ ਕੀਤੇ ਗਏ ਹੋਣੇ ਹਨ। ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਾਢੇ ਬਾਰਾਂ ਹਜਾਰ ਦੇ ਲਗਭਗ ਪਿੰਡ ਹਨ ਅਤੇ ਜੇਕਰ ਪੂਰੇ ਪੰਜਾਬ ਦੇ 200 ਪਿੰਡਾਂ ਵਿੱਚ ਵੀ ਅਜਿਹਾ ਘੋਟਾਲਾ ਹੋਇਆ ਹੋਵੇ ਤਾਂ ਇਹ ਰਾਸ਼ੀ 57 ਕਰੋੜ ਤੋਂ ਉਤੇ ਪਹੁੰਚ ਜਾਂਦੀ ਹੈ।
ਜਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ਬਾਦਲਾਂ ਦੀ ਸ਼ਹਿ ਤੋਂ ਬਿਨਾਂ ਅਜਿਹਾ ਹੋਣਾ ਸੰਭਵ ਨਹੀਂ ਹੈ। ਉਨਾਂ ਕਿਹਾ ਕਿ ਯਕੀਨਨ ਇਹ ਰਾਸ਼ੀ ਬਾਦਲਾਂ ਦੀ ਜੇਬ ਵਿੱਚ ਗਈ ਹੋਵੇਗੀ। ਉਨਾਂ ਮੰਗ ਕੀਤੀ ਕਿ ਅਜਿਹੇ ਘੋਟਾਲਿਆਂ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਬਾਦਲਾਂ ਦੀ ਅਸਲੀਅਤ ਸਾਹਮਣੇ ਆ ਸਕੇ।
ਇਸ ਤੋਂ ਇਲਾਵਾ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਬਾਦਲਾਂ ਵੱਲੋਂ ਮਾਫੀਆ ਰਾਜ ਚਲਾਇਆ ਜਾ ਰਿਹਾ ਹੈ ਅਤੇ ਸੂਬੇ ਦੇ ਖਜਾਨੇ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਰੇਤਾ-ਬਜਰੀ, ਟ੍ਰਾਂਸਪੋਰਟ, ਕੇਬਲ ਅਤੇ ਸ਼ਰਾਬ ਦੇ ਕਾਰੋਬਾਰਾਂ ਨੂੰ ਬਾਦਲਾਂ ਨੇ ਕੰਟਰੋਲ ਕੀਤਾ ਹੋਇਆ ਹੈ। ਉਨਾਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਮਗਰੋਂ ਬਾਦਲਾਂ ਵੱਲੋਂ ਕੀਤੇ ਗਏ ਸਭ ਘੋਟਾਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਨਤਾ ਦਾ ਲੁੱਟਿਆ ਹੋਇਆ ਪੈਸਾ ਇਨਾਂ ਕੋਲੋਂ ਵਸੂਲ ਕੇ ਜਨਤਕ ਕੰਮਾਂ ਉਤੇ ਖਰਚ ਕੀਤਾ ਜਾਵੇਗਾ।