ਚੰਡੀਗੜ੍ਹ, 28 ਦਸੰਬਰ, 2016 : ਪੰਜਾਬ ਕਾਂਗਰਸ ਸੂਬੇ ਅੰਦਰ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ æਲੈ ਕੇ ਦੋਹਰੇ ਮਾਪਦੰਡ ਅਪਣਾ ਰਹੀ ਹੈ। ਇੱਕ ਪਾਸੇ ਕਾਂਗਰਸ ਆਗੂ ਖੁਦ ਹਿੰਸਕ ਝੜਪਾਂ ਵਿਚ ਗਲਤਾਨ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਉੱਤੇ ਸੂਬੇ ਦਾ ਮਾਹੌਲ ਖਰਾਬ ਕਰਨ ਦਾ ਦੋਸ਼ ਮੜ੍ਹ ਰਹੇ ਹਨ।
ਇਹ ਸ਼ਬਦ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਹੇ। ਉਹ ਕਪੂਰਥਲਾ ਵਿਖੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹਾਜ਼ਰੀ ਵਿਚ ਕਾਂਗਰਸੀ ਆਗੂਆਂ ਦੀ ਹੋਈ ਹਿੰਸਕ ਝੜਪ ਬਾਰੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਕਪੂਰਥਲਾ ਵਿਖੇ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਸਮਰਥਕਾਂ ਅਤੇ ਭੁਲੱਥ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਕੁਲਵਿੰਦਰ ਸਿੰਘ ਬੱਬਲ ਦੇ ਸਾਥੀਆਂ ਵਿਚਕਾਰ ਹੋਈ ਹਿੰਸਕ ਝੜਪ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਅੰਦਰਲੀ ਧੜ੍ਹੇਬਾਜ਼ੀ ਸਭ ਤੋਂ ਵੱਧ ਹਿੰਸਕ ਗਤੀਵਿਧੀਆਂ ਨੂੰ ਜਨਮ ਦੇ ਰਹੀ ਹੈ।
ਸ਼ ਸਿਰਸਾ ਨੇ ਕਿਹਾ ਕਿ ਕਾਂਗਰਸ ਆਪਣੀ ਪਾਰਟੀ ਦੇ ਅੰਦਰੂਨੀ ਝਗੜਿਆਂ ਵਿਚ ਅਕਾਲੀ ਦਲ ਨੂੰ ਕਿਉਂ ਖਿੱਚ ਰਹੀ ਹੈ? ਦਰਅਸਲ ਕਾਂਗਰਸ ਪੰਜਾਬ ਭਰ ਵਿਚ ਚੋਣਾਂ ਦੌਰਾਨ ਆਪਣੇ ਵਿਰੋਧੀਆਂ ਨਾਲ ਹਿਸਾਬ ਕਰਨ ਵਾਸਤੇ ਅਪਰਾਧੀ ਤੱਤਾਂ ਦੀ ਪੁਸ਼ਤਪਨਾਹੀ ਕਰਦੀ ਆ ਰਹੀ ਹੈ। ਇਹਨਾਂ ਅਪਰਾਧੀਆਂ ਨੇ ਆਪਣੀ ਝਲਕ ਭੁਲੱਥ ਵਿਚ ਕਾਂਗਰਸ ਦੇ ਬਾਗੀ ਉਮੀਦਵਾਰਾਂ ਦਾ ਕੁਟਾਪਾ ਕਰਕੇ ਵਿਖਾ ਦਿੱਤੀ ਹੈ। ਇਸ ਘਟਨਾ ਵਿਚ ਕੁੱਟਣ ਵਾਲੇ ਅਤੇ ਕੁੱਟ ਖਾਣ ਵਾਲੇ ਸਾਰੇ ਹੀ ਕਾਂਗਰਸੀ ਸਨ।
ਰਾਣਾ ਗੁਰਜੀਤ ਸਿੰਘ ਵੱਲੋਂ ਇਸ ਘਟਨਾ ਦਾ ਦੋਸ਼ ਕੈਬਨਿਟ ਮੰਤਰੀ ਸ਼ ਬਿਕਰਮ ਸਿੰਘ ਮਜੀਠੀਆ ਉੱਤੇ ਲਾਏ ਜਾਣ ਬਾਰੇ ਆਪਣੀ ਟਿੱਪਣੀ ਦਿੰਦਿਆਂ ਸ਼ ਸਿਰਸਾ ਨੇ ਕਿਹਾ ਕਿ ਸਿਰਫ ਰਾਣਾ ਗੁਰਜੀਤ ਹੀ ਨਹੀਂ ਹੋਰ ਵੀ ਬਹੁਤ ਸਾਰੇ ਕਾਂਗਰਸੀ ਆਗੂ ਹਨ, ਜਿਹਨਾਂ ਨੂੰ ਹਰ ਮਾਮਲੇ ਵਿਚ ਮਜੀਠੀਆ ਨੂੰ ਨਿਸ਼ਾਨਾ ਬਣਾਉਣ ਦੀ ਬੀਮਾਰੀ ਹੋ ਗਈ ਹੈ। ਦਰਅਸਲ ਮਜੀਠੀਆ ਦਾ ਸਿਆਸੀ ਵੱਕਾਰ ਇਹਨਾਂ ਆਗੂਆਂ ਦੀ ਨੀਂਦ ਹਰਾਮ ਕਰਦਾ ਹੈ, ਇਸ ਲਈ ਉਹ ਹਰ ਮਾਮਲੇ ਵਿਚ ਅਕਾਲੀ ਆਗੂ ਉੱਤੇ ਵਾਰ ਕਰਨ ਲਈ ਮਜਬੂਰ ਹਨ।