ਚੰਡੀਗੜ੍ਹ, 4 ਜਨਵਰੀ, 2017 : ਦੇਸ਼ ਦੇ ਇੱਕ ਵੱਕਾਰੀ ਚੈਨਲ ਦੁਆਰਾ ਕੀਤੇ ਇੱਕ ਤਾਜ਼ਾ ਪੋਲ ਓਪੀਨੀਅਨ ਸਰਵੇ ਵਿਚ ਅਕਾਲੀ-ਭਾਜਪਾ ਨੂੰ ਸਭ ਤੋਂ ਮੋਹਰੀ ਵਿਖਾਇਆ ਗਿਆ ਹੈ, ਜਦਕਿ ਕਾਂਗਰਸ ਦੂਜੇ ਸਥਾਨ 'ਤੇ ਨਜ਼ਰ ਆਈ ਹੈ। ਇਸ ਸਰਵੇ ਵਿਚ ਆਮ ਆਦਮੀ ਪਾਰਟੀ ਤੀਜੇ ਸਥਾਨ 'ਤੇ ਸੰਘਰਸ਼ ਕਰਦੀ ਵਿਖਾਈ ਦਿੱਤੀ ਹੈ।
ਏਬੀਪੀ ਨਿਊਜ਼ ਚੈਨਲ ਦੁਆਰਾ ਕੀਤੇ ਇਸ ਪੋਲ ਓਪੀਨੀਅਨ ਸਰਵੇ ਵਿਚ ਅਕਾਲੀ-ਭਾਜਪਾ ਨੂੰ 50-58 ਸੀਟਾਂ ਜਿੱਤ ਕੇ ਤੀਜੀ ਵਾਰ ਸੱਤਾ ਵੱਲ ਵਧਦਾ ਵਿਖਾਇਆ ਹੈ। ਕਾਂਗਰਸ ਨੂੰ 41-49 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਆਪ ਨੂੰ 12-18 ਸੀਟਾਂ ਤਕ ਸੀਮਤ ਹੁੰਦੀ ਦਰਸਾਇਆ ਗਿਆ ਹੈ। ਇਸ ਤਰ੍ਹਾਂ ਪੰਜਾਬ ਵਿਚ ਮੁੱਖ ਮੁਕਾਬਲਾ ਅਕਾਲੀ-ਭਾਜਪਾ ਅਤੇ ਕਾਂਗਰਸ ਵਿਚਕਾਰ ਵਿਖਾਇਆ ਗਿਆ ਅਤੇ ਆਪ ਲਗਾਤਾਰ ਮੁਕਾਬਲੇ ਵਿਚੋਂ ਬਾਹਰ ਹੁੰਦੀ ਵਿਖਾਈ ਦੇ ਰਹੀ ਹੈ।
ਚੈਨਲ ਦੁਆਰਾ ਤਿੰਨ ਰਾਜਾਂ ਉੱਤਰਪ੍ਰਦੇਸ਼ , ਪੰਜਾਬ ਅਤੇ ਉਤਰਾਖੰਡ ਦੇ ਕੀਤੇ ਗਏ ਇਸ ਪੋਲ ਓਪੀਨੀਅਰਨ ਸਰਵੇ ਵਿਚ ਅਗਲੀ ਗੱਲ ਇਹ ਉੱਭਰ ਕੇ ਸਾਹਮਣੇ ਆਈ ਹੈ ਕਿ ਇਹਨਾਂ ਤਿੰਨਾ ਰਾਜਾਂ ਵਿਚ ਭਾਜਪਾ ਇੱਕ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ। ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ 148-158 ਸੀਟਾਂ ਜਿੱਤਦੇ ਵਿਖਾਇਆ ਗਿਆ ਹੈ ਅਤੇ ਉਤਰਾਖੰਡ ਵਿਚ 35-43 ਸੀਟਾਂ ਭਾਜਪਾ ਦੇ ਖਾਤੇ ਵਿਚ ਜਾਂਦੀਆਂ ਵਿਖਾਈਆਂ ਹਨ। ਪੋਲ ਓਪੀਨੀਅਨ ਸਰਵੇ ਦੀ ਅਗਲੀ ਅਹਿਮ ਗੱਲ ਇਹ ਹੈ ਕਿ ਨੋਟਬੰਦੀ ਨੂੰ ਲੋਕਾਂ ਦੁਆਰਾ ਵੱਡਾ ਮੁੱਦਾ ਨਹੀਂ ਮੰਨਿਆ ਗਿਆ। ਪੰਜਾਬ ਵਿਚ ਸਿਰਫ 2 ਫੀਸਦੀ ਅਤੇ ਉਤਰਾਖੰਡ ਵਿਚ 1 ਫੀਸਦੀ ਅਤੇ ਉੱਤਰ ਪ੍ਰਦੇਸ਼ ਵਿਚ 8 ਫੀਸਦੀ ਲੋਕਾਂ ਨੇ ਨੋਟਬੰਦੀ ਨੂੰ ਮੁੱਦਾ ਮੰਨਿਆ ਹੈ। ਇਹ ਪੁੱਛੇ ਜਾਣ ਤੇ ਕੀ ਨੋਟਬੰਦੀ ਦਾ ਫੈਸਲਾ ਗਲਤ ਹੈ ਜਾਂ ਸਹੀ ਤਾਂ ਪੰਜਾਬ ਵਿਚ 28 ਫੀਸਦੀ ਨੇ ਇਸ ਨੂੰ ਸਹੀ ਅਤੇ 21 ਫੀਸਦੀ ਨੇ ਗਲਤ ਕਿਹਾ ਹੈ। ਜਦਕਿ 45 ਫੀਸਦੀ ਨੇ ਨੋਟਬੰਦੀ ਨੂੰ ਕਮਜ਼ੋਰ ਤਿਆਰੀ ਕਿਹਾ ਹੈ।
ਇਸ ਸਰਵੇ ਬਾਰੇ ਟਿੱਪਣੀ ਕਰਦਿਆਂ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ 75 ਤੋਂ ਵੱਧ ਸੀਟਾਂ ਜਿੱਤ ਕੇ ਤੀਜੀ ਵਾਰ ਸਰਕਾਰ ਬਣਾਏਗਾ। ਉਹਨਾਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਹੋਏ ਸਰਵੇ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਸਭ ਤੋਂ ਪਿੱਛੇ ਵਿਖਾਇਆ ਗਿਆ ਸੀ, ਅੱਜ ਅਸੀਂ ਪਹਿਲੇ ਨੰਬਰ ਤੇ ਹਾਂ। ਆਖਰੀ ਨਤੀਜੇ ਵਿਚ ਅਕਾਲੀ-ਭਾਜਪਾ 75 ਤੋਂ 85 ਸੀਟਾਂ ਜਿੱੱਤੇਗਾ। ਉਹਨਾਂ ਕਿਹਾ ਕਿ ਕਾਂਗਰਸ ਨੂੰ 30-32 ਸੀਟਾਂ ਹਾਸਿਲ ਹੋਣਗੀਆਂ ਜਦ ਕਿ ਆਪ ਨੂੰ 5 ਤੋਂ ਵੀ ਘੱਟ ਸੀਟਾਂ'ਤੇ ਸੰਘਰਸ਼ ਕਰਦੀ ਨਜ਼ਰ ਆਵੇਗੀ।