ਅੰਮ੍ਰਿਤਸਰ, 30 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਨਾਂ ਵੱਲੋਂ ਹਰ ਪਾਸੇ ਜਾ ਕੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜਾਂਦੇ ਹਨ। ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਪੰਜ ਸਵਾਲ ਪੁੱਛੇ।
ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਪਰਿਵਾਰ ਦੇ 18 ਤੋਂ 35 ਸਾਲ ਦੇ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉਨਾਂ ਸਵਾਲ ਕੀਤਾ ਕਿ ਕਿ ਪੰਜਾਬ ਦੇ ਅੰਦਰ 60 ਲੱਖ ਪਰਿਵਾਰ ਹਨ ਅਤੇ 60 ਲੱਖ ਨੌਕਰੀਆਂ ਪੰਜਾਬ ਵਿੱਚ ਕਿੱਥੋਂ ਦੇਣਗੇ, ਜਦਕਿ ਪੰਜਾਬ ਵਿੱਚ 4 ਲੱਖ ਸਰਕਾਰੀ ਨੌਕਰੀਆਂ ਹਨ ਅਤੇ ਕੇਂਦਰ ਸਰਕਾਰ ਵਿੱਚ ਕੁੱਲ 50 ਲੱਖ ਨੌਕਰੀਆਂ ਹਨ। ਜਿਸ ਤੋਂ ਸਾਫ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾਂ ਸਰਕਾਰੀ ਨੌਕਰੀਆਂ ਦੇ ਖਿਲਾਫ ਰਹੇ ਹਨ। ਉਨਾਂ ਕਿਹਾ ਕਿ 2002 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਸਰਕਾਰੀ ਨੌਕਰੀਆਂ ਉਤੇ ਪਾਬੰਦੀ ਲਗਾਈ। ਇਸ ਮੌਕੇ ਕੇਜਰੀਵਾਲ ਨੇ ਕੈਪਟਨ ਸਰਕਾਰ ਦਾ ਉਹ ਨਾਦਰਸ਼ਾਹੀ ਫਰਮਾਨ ਵੀ ਪੱਤਰਕਾਰਾਂ ਨੂੰ ਵਿਖਾਇਆ, ਜਿਸ ਵਿੱਚ ਸਰਕਾਰੀ ਨੌਕਰੀਆਂ ਉਤੇ ਰੋਕ ਲਗਾਉਣ ਦੀ ਗੱਲ ਕਹੀ ਗਈ ਸੀ। ਕੇਜਰੀਵਾਲ ਨੇ ਕਿਹਾ ਕਿ ਬਾਅਦ ਵਿੱਚ ਜੋ ਨੌਕਰੀਆਂ ਨਿਕਲੀਆਂ ਵੀ ਸਨ, ਉਨਾਂ ਅਹੁਦਿਆਂ ਨੂੰ ਵੀ ਕੈਪਟਨ ਨੇ ਠੇਕੇ ਉਤੇ ਕਰ ਦਿੱਤਾ ਅਤੇ ਕਰਮਚਾਰੀਆਂ ਨੂੰ ਠੇਕੇ ਉਤੇ ਰੱਖਣ ਦੀ ਪ੍ਰ੍ਕ੍ਰਿਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤੀ ਸੀ। ਉਨਾਂ ਸਵਾਲ ਕੀਤਾ ਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਸੁਪਨਾ ਵਿਖਾ ਕੇ ਸੱਤਾ ਵਿੱਚ ਆਏ ਸਨ ਅਤੇ ਆਉਂਦਿਆਂ ਹੀ ਨੌਕਰੀਆਂ ਬੰਦ ਕਰ ਦਿੱਤੀਆਂ ਸਨ, ਤਾਂ ਹੁਣ ਲੋਕ ਉਨਾਂ ਉਤੇ ਵਿਸ਼ਵਾਸ਼ ਕਿਓਂ ਕਰਨ।
ਦਿੱਲੀ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਪੈਨਸ਼ਨਾਂ ਦੇਣ ਦਾ ਵਾਅਦਾ ਕਰ ਰਹੇ ਹਨ ਅਤੇ ਇਹੋ ਵਾਅਦਾ ਕੈਪਟਨ ਨੇ 2002 ਦੀਆਂ ਚੋਣਾਂ ਵੇਲੇ ਵੀ ਪੰਜਾਬ ਦੀ ਜਨਤਾ ਨਾਲ ਕੀਤਾ ਸੀ। ਪਰ ਸੱਤਾ ਵਿੱਚ ਰਹਿੰਦਿਆਂ ਉਨਾਂ ਨੇ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਬੰਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਕੇਜਰੀਵਾਲ ਨੇ ਸਵਾਲ ਕੀਤਾ ਕਿ ਕਿਹੜੇ ਮੂੰਹ ਨਾਲ ਕੈਪਟਨ ਵੱਲੋਂ ਪੈਨਸ਼ਨਾਂ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਕਰਮਚਾਰੀਆਂ ਦੀ ਪੈਨਸ਼ਨ ਬਹਾਲ ਕੀਤੀ ਜਾਵੇਗੀ।
ਕੇਜਰੀਵਾਲ ਨੇ ਕਿਹਾ ਕਿ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਪਿਛਲੀਆਂ ਚੋਣਾਂ ਵਿੱਚ ਹਾਰ ਦਾ ਕਾਰਨ ਪੁੱਛਿਆ ਗਿਆ, ਤਾਂ ਕੈਪਟਨ ਨੇ ਕਿਹਾ ਕਿ ਉਨਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕੀਤੇ ਸਨ, ਜਿਸ ਕਾਰਨ ਉਹ ਹਾਰ ਗਏ। ਕੇਜਰੀਵਾਲ ਨੇ ਕਿਹਾ ਕਿ ਕੈਪਟਨ ਦੇ ਇਸ ਬਿਆਨ ਤੋਂ ਸਾਫ ਜਾਹਿਰ ਹੈ ਕਿ ਉਹ ਲੋਕਾਂ ਨਾਲ ਇਸ ਵਾਰ ਝੂਠੇ ਵਾਅਦੇ ਕਰਕੇ ਸੱਤਾ ਉਤੇ ਕਾਬਜ ਹੋਣਾ ਚਾਹੁੰਦੇ ਹਨ। ਉਨਾਂ ਕੈਪਟਨ ਨੂੰ ਸਵਾਲ ਕੀਤਾ ਕਿ ਉਹ ਜਨਤਾ ਨੂੰ ਦੱਸਣ ਕਿ ਕਿਹੜੇ-ਕਿਹੜੇ ਝੂਠੇ ਵਾਅਦੇ ਉਹ ਕਰ ਰਹੇ ਹਨ।
ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਸੱਚ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੀ ਉਪ ਮੁੱਖ ਮੰਤਰੀ ਦੀ ਸੀਟ ਛੱਡ ਕੇ ਕਾਂਗਰਸ ਵਿੱਚ ਮੁੱਖ ਮੰਤਰੀ ਅਹੁਦੇ ਲਈ ਗਏ ਹਨ। ਉਨਾਂ ਸਵਾਲ ਕੀਤਾ ਕਿ ਕੀ ਕਾਂਗਰਸ ਦਾ ਮੁੱਖ ਮੰਤਰੀ ਅਹੁਦੇ ਲਈ ਅਣ-ਐਲਾਨਿਆ ਉਮੀਦਵਾਰ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਇਨਾਂ ਝੂਠੇ ਵਾਅਦਿਆਂ ਤੋਂ ਜਾਣੂ ਹੈ, ਕੀ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਸਭ ਦੱਸਿਆ ਹੈ ਅਤੇ ਕੀ ਕੈਪਟਨ ਦੇ ਸਾਰੇ ਝੂਠੇ ਵਾਅਦਿਆਂ ਨੂੰ ਨਵਜੋਤ ਸਿੰਘ ਸਿੱਧੂ ਮੰਨਦੇ ਹਨ।
ਇਸ ਮੌਕੇ ਜਦੋਂ ਪੱਤਰਕਾਰਾਂ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਬਾਰੇ ਪੁੱਛਿਆ ਤਾਂ ਕੇਜਰੀਵਾਲ ਨੇ ਕਿਹਾ ਕਿ ਉਨਾਂ ਦਾ ਉਮੀਦਵਾਰ ਸਾਫ-ਸੁਥਰੇ ਅਕਸ ਵਾਲਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦਿਆਂ ਹੋਇਆ ਉਨਾਂ ਕਿਹਾ ਕਿ ਉਹ ਕੈਪਟਨ ਸਾਹਿਬ ਤੋਂ ਉਲਟ ਸਵੇਰੇ 5 ਵਜੇ ਉਠ ਕੇ ਰਾਤ 10 ਵਜੇ ਤੱਕ ਲੋਕਾਂ ਵਿੱਚ ਵਿਚਰਿਆ ਕਰੇਗਾ। ਚੁਟਕੀ ਲੈਂਦਿਆਂ ਉਨਾਂ ਕਿਹਾ ਕਿ ਆਪ ਦੇ ਮੁੱਖ ਮੰਤਰੀ ਦੇ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੋਣਗੇ ਅਤੇ ਉਹ ਆਪਣੀ ਪਤਨੀ ਪ੍ਰਤੀ ਵਫਾਦਾਰ ਹੋਵੇਗਾ। ਉਨਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਦਾ ਕੈਪਟਨ ਅਮਰਿੰਦਰ ਵਾਂਗ ਸਵਿਸ ਬੈਂਕ ਵਿੱਚ ਕੋਈ ਖਾਤਾ ਨਹੀਂ ਹੋਵੇਗਾ, ਬਲਕਿ ਉਸਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਵਿੱਚ ਹੋਵੇਗਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਤੇ ਹਮਲਾ ਬੋਲਦਿਆਂ ਉਨਾਂ ਦੁਆਰਾ ਪੰਜਾਬ ਵਿੱਚ ਰੇਤਾ-ਬਜਰੀ ਅਤੇ ਟ੍ਰਾਂਸਪੋਰਟ ਉਤੇ ਕਬਜਾ ਕਰਨ ਬਾਰੇ ਕੇਜਰੀਵਾਲ ਨੇ ਕਿਹਾ ਕਿ ਆਪ ਦੇ ਮੁੱਖ ਮੰਤਰੀ ਦਾ ਅਜਿਹੇ ਨਜਾਇਜ ਧੰਦਿਆਂ ਨਾਲ ਕੋਈ ਵਾਸਤਾ ਨਹੀਂ ਹੋਵੇਗਾ।