ਚੰਡੀਗੜ੍ਹ, 3 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਸਾਬਕਾ ਫੌਜੀਆਂ ਨੂੰ ਕਰੀਬ 15000 ਨੌਕਰੀਆਂ ਦੇਣ ਦਾ ਵਾਅਦਾ ਕਰਕੇ ਆਪਣੇ ਜਾਲ ਵਿਚ ਫਸਾ ਰਿਹਾ ਹੈ। ਉਹ ਆਪਣੀਆਂ ਲੋਕ ਭਲਾਈ ਸਕੀਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਬਣਾਏ ਪ੍ਰਾਜੈਕਟ 'ਪ੍ਰਸਾਸ਼ਨਿਕ ਨਿਗਰਾਨ' (ਗਾਰਡੀਅਨ ਆਫ ਗਵਰਨੈਂਸ) ਅਧੀਨ ਸਾਬਕਾ ਫੌਜੀਆਂ ਨੂੰ ਵੱਡੇ ਅਹੁਦੇ ਦੇਣ ਦਾ ਚੋਗਾ ਪਾ ਰਿਹਾ ਹੈ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਅਮਰਿੰਦਰ ਦਾ ਇਹ ਪ੍ਰਾਜੈਕਟ ਪੰਜਾਬ ਦੇ ਸਾਬਕਾ ਫੌਜੀਆਂ ਅਤੇ ਮੌਜੂਦਾ ਫੌਜੀਆਂ ਦੀ ਵੋਟਾਂ ਹਾਸਿਲ ਕਰਨ ਲਈ ਸੁੱਟੇ ਗਏ ਜਾਲ ਤੋਂ ਵੱਧ ਕੁੱਝ ਨਹੀਂ।
ਉਹਨਾਂ ਕਿਹਾ ਕਿ ਜੇਕਰ ਅਮਰਿੰਦਰ ਨੂੰ ਸਾਬਕਾ ਫੌਜੀਆਂ ਦੀ ਇੰਨੀ ਚਿੰਤਾ ਹੈ ਤਾਂ ਉਹਨਾਂ ਨੂੰ ਆਪਣੀ ਪਾਰਟੀ ਵਿਚ ਭਰਤੀ ਕਰਨਾ ਚਾਹੀਦਾ ਸੀ ਅਤੇ ਪੰਜਾਬ ਵਿਚ ਤਿੰਨ ਜਾਂ ਚਾਰ ਸੀਟਾਂ ਸਾਬਕਾ ਫੌਜੀਆਂ ਨੂੰ ਦੇਣੀਆਂ ਚਾਹੀਦੀਆਂ ਸਨ। ਪਰੰਤੂ ਅਜੇ ਤੱਕ ਕਾਂਗਰਸ ਨੇ ਕਿਸੇ ਇੱਕ ਵੀ ਸਾਬਕਾ ਫੌਜੀ ਨੂੰ ਉਮੀਦਵਾਰ ਨਹੀਂ ਐਲਾਨਿਆ। ਇਹ ਗੱਲ ਵੀ ਪੱਕੀ ਹੈ ਕਿ ਬਾਕੀ ਬਚਦੀਆਂ 40 ਸੀਟਾਂ ਉੱਤੇ ਵੀ ਕਿਸੇ ਵੀ ਸਾਬਕਾ ਫੌਜੀ ਨੂੰ ਉਮੀਦਵਾਰ ਨਹੀਂ ਬਣਾਇਆ ਜਾਵੇਗਾ। ਅਮਰਿੰਦਰ ਖੁਦ ਵੀ ਇੱਕ ਸਾਬਕਾ ਫੌਜੀ ਹੈ, ਭਾਂਵੇਕਿ ਉਸ ਨੇ ਫੌਜ ਵਿਚ ਬਹੁਤ ਮਾਮੂਲੀ ਸੇਵਾ ਨਿਭਾਈ ਹੈ।
ਉਹਨਾਂ ਕਿਹਾ ਕਿ ਅਮਰਿੰਦਰ ਨੇ ਸਾਬਕਾ ਫੌਜੀਆਂ ਨੂੰ ਆਪਣੇ ਨਾਲ ਜੋੜਣ ਲਈ ਕਿਹਾ ਹੈ ਕਿ ਉਹ ਪਿੰਡ ਪੱਧਰ ਤੱਕ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਾਉਣ ਲਈ ਕਾਬਿਲ ਸਾਬਕਾ ਸੈਨਿਕਾਂ ਨੂੰ ਵੱਡੇ ਅਹੁਦਿਆਂ ਉੱਤੇ ਨਿਯੁਕਤ ਕਰੇਗਾ। ਉਸ ਨੇ ਇਹ ਵੀ ਕਿਹਾ ਹੈ ਕਿ ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੋਂ ਇਲਾਵਾ ਉਹ ਪੰਜਾਬ ਦੇ ਸਾਰੇ 12,700 ਪਿੰਡਾਂ ਵਿਚ ਘੱਟੋ ਘੱਟ ਇੱਕ ਸਾਬਕਾ ਸੈਨਿਕ ਨੂੰ ਨਿਯੁਕਤ ਕਰੇਗਾ।
ਸ਼ ਚੰਦੂਮਾਜਰਾ ਨੇ ਕਿਹਾ ਕਿ ਅਮਰਿੰਦਰ ਦੁਆਰਾ ਕੀਤਾ ਜਾ ਰਿਹਾ ਇਹ ਸਭ ਤੋਂ ਵੱਡਾ ਫਰਾਡ ਹੈ, ਕਿਉਂਕਿ ਕੋਈ ਵੀ ਵਿਅਕਤੀ ਸਾਰੀਆਂ ਸਰਕਾਰੀ ਨੌਕਰੀਆਂ ਸਾਬਕਾ ਸੈਨਿਕਾਂ ਲਈ ਰਾਂਖਵੀਆਂ ਨਹੀਂ ਕਰ ਸਕਦਾ।
ਉਹਨਾਂ ਕਿਹਾ ਕਿ ਜੇਕਰ ਸੱਤਾ ਵਿਚ ਆਉਣ ਮਗਰੋਂ ਅਮਰਿੰਦਰ ਆਪਣੀ ਆਦਤ ਮੁਤਾਬਕ ਸਰਕਾਰੀ ਨੌਕਰੀਆਂ ਦੀ ਭਰਤੀ ਉਤੇ ਮੁਕੰਮਲ ਪਾਬੰਦੀ ਨਾ ਲਾਵੇ ਤਾਂ ਸਾਬਕਾ ਸੈਨਿਕਾਂ ਸਮੇਤ ਸਾਰੇ ਹੀ ਲੋਕ ਵੱਧ ਖੁਸ਼ ਹੋਣਗੇ। ਉੱਝ ਕਾਂਗਰਸ ਦੀ ਸੱਤਾ ਵਿਚ ਆਉਣ ਦੀ ਕੋਈ ਸੰਭਾਵਨਾ ਨਹੀ ਹੈ, ਇਸ ਲਈ ਸਰਕਾਰੀ ਨੌਕਰੀਆਂ ਦੀ ਭਰਤੀ ਉੱਤੇ ਪਾਬੰਦੀ ਨਹੀਂ ਲੱਗੇਗੀ।
ਸ਼ ਚੰਦੂਮਾਜਰਾ ਨੇ ਕਿਹਾ ਕਿ ਅਮਰਿੰਦਰ ਹੁਣੇ ਤੋਂ ਹੀ ਮੁੱਖ ਮੰਤਰੀ ਵਾਂਗ ਵਿਵਹਾਰ ਕਰ ਰਿਹਾ ਹੈ, ਜਦਕਿ ਕਾਂਗਰਸ ਨੇ ਉਸ ਨੇ ਅਜੇ ਮੁੱਖ ਮੰਤਰੀ ਉਮੀਦਵਾਰ ਵੀ ਨਹੀਂ ਐਲਾਨਿਆ ਹੈ। ਉਸ ਨੂੰ ਹਵਾਈ ਕਿਲ੍ਹੇ ਬਣਾਉਣ ਦੀ ਪੁਰਾਣੀ ਆਦਤ ਹੈ। 1992 ਵਿਚ ਅਮਰਿੰਦਰ ਨੇ ਆਪਣੇ ਚਹੇਤਿਆਂ ਨੂੰ ਅਹੁਦੇ ਅਤੇ ਵਿਭਾਗ ਵੀ ਵੰਡ ਦਿੱਤੇ ਸਨ ਜਦਕਿ ਉਸ ਦੀ ਪਾਰਟੀ ਨੇ ਸਿਰਫ 4 ਸੀਟਾਂ ਜਿੱਤੀਆਂ ਸਨ। ਦਿਲਚਸਪ ਗੱਲ ਤਾਂ ਇਹ ਸੀ ਕਿ ਉਸ ਨੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਆਪਣੇ ਮੋਤੀ ਮਹਿਲ ਵਿਚ ਇੱਕ ਡਿਨਰ ਵੀ ਰੱਖ ਲਿਆ ਸੀ, ਜਿਸ ਵਿਚ ਵੱਡੇ ਵੱਡੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਸੀ। ਪਰੰਤੂ ਅਗਲੇ ਦਿਨ ਜਦੋਂ ਨਤੀਜੇ ਆਏ ਤਾਂ ਅਮਰਿੰਦਰ ਨੂੰ ਲੁਕਣ ਵਾਸਤੇ ਥਾਂ ਨਹੀਂ ਸੀ ਲੱਭ ਰਹੀ।