ਚੰਡੀਗੜ੍ਹ, 30 ਦਸੰਬਰ, 2016 : ਸੱਤਾ 'ਚ ਆਉਣ ਵਾਸਤੇ ਕਾਂਗਰਸ ਪਾਰਟੀ ਦੇ ਆਗੂ ਲੋਕਤੰਤਰ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਰਹੇ ਹਨ। ਉਹ ਡੰਡੇ ਦੇ ਜ਼ੋਰ ਨਾਲ ਵਿਰੋਧੀਆਂ ਨੂੰ ਚੁੱਪ ਕਰਵਾ ਕੇ ਨਾ ਸਿਰਫ ਲੋਕਤੰਤਰੀ ਕਦਰਾਂ-ਕੀੰਮਤਾਂ ਦੀ ਉਲੰਘਣਾ ਕਰਦੇ ਹਨ ,ਸਗੋਂ ਵਿਰੋਧੀਆਂ ਦੀ ਪੱਗਾਂ ਉਤਾਰ ਕੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਹੁਰਮਤੀ ਵੀ ਕਰਨ ਲੱਗੇ ਹਨ।
ਇਹ ਸ਼ਬਦ ਸ੍ਰæੋਮਣੀ ਅਕਾਲੀ ਦਲ ਬੁਲਾਰੇ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਦਸੂਹਾ ਦੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਬੱਬਲ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਖਿਲਾਫ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਕੋਲ ਕੀਤੀ ਸ਼ਿਕਾਇਤ ਬਾਰੇ ਟਿੱਪਣੀ ਕਰ ਰਹੇ ਸਨ।
ਸ਼ ਸਿਰਸਾ ਨੇ ਖਦਸ਼ਾ ਪ੍ਰਗਟ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸੀ ਆਗੂਆਂ ਵਿਚਕਾਰ ਇਸ ਤੋਂ ਭੈੜੀਆਂ ਖੂਨੀ ਝੜਪਾਂ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸੀਟਾਂ ਐਲਾਨੇ ਜਾਣ ਮਗਰੋਂ ਬਹੁਤ ਸਾਰੇ ਹਲਕਿਆਂ ਵਿਚ ਕਾਂਗਰਸੀ ਧੜ੍ਹੇਬਾਜ਼ੀ ਦਾ ਬਹੁਤ ਹੀ ਕਰੂਪ ਚਿਹਰਾ ਸਾਹਮਣੇ ਆਇਆ ਹੈ। ਬੰਗਾ, ਤਰਨ ਤਾਰਨ, ਜੈਤੋਂ, ਖਰੜ੍ਹ, ਭਦੌੜ ਹਲਕਿਆਂ ਤੋਂ ਬਾਪ-ਪੁੱਤ, ਭਰਾ-ਭਰਾ, ਮਾਂ-ਪੁੱਤ ਅਤੇ ਚਾਚਾ-ਭਤੀਜੇ ਇੱਕ ਦੂਜੇ ਦਾ ਜਬਰਦਸਤ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਹੜੀ ਪਾਰਟੀ ਸੱਤਾ ਲਈ ਆਪਣੇ ਸਕਿਆਂ ਦਾ ਲਿਹਾਜ਼ ਨਹੀਂ ਕਰਦੀ, ਪੰਜਾਬ ਦੇ ਲੋਕਾਂ ਨੂੰ ਉਸ ਤੋਂ ਕੀ ਉਮੀਦ ਹੋ ਸਕਦੀ ਹੈ?
ਉਹਨਾਂ ਕਿਹਾ ਕਿ ਪਿਛਲੇ ਦਿਨੀ ਕਾਂਗਰਸੀ ਆਗੂਆਂ ਵੱਲੋਂ ਕਪੂਰਥਲਾ ਵਿਖੇ ਹੋਈ ਮੀਟਿੰਗ ਦੌਰਾਨ ਆਪਣੇ ਹੀ ਕਾਂਗਰਸੀ ਭਰਾਵਾਂ ਨੂੰ ਕੁੱਟਣਾ ਅਤੇ ਉਹਨਾਂ ਦੇ ਕੇਸਾਂ ਅਤੇ ਦਸਤਾਰ ਦੀ ਬੇਅਦਬੀ ਕਰਨਾ ਸਾਬਿਤ ਕਰਦਾ ਹੈ ਕਿ ਕਾਂਗਰਸ ਪਾਰਟੀ ਹਿੰਸਕ ਕਾਰਵਾਈਆਂ ਰਾਂਹੀ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਜਿਹੜਾ ਵਾਰ ਵਾਰ ਚੋਣਾਂ ਦੌਰਾਨ ਹਿੰਸਾ ਹੋਣ ਦਾ ਖਦਸ਼ਾ ਪ੍ਰਗਟ ਕਰਦੇ ਰਹੇ ਹਨ, ਉਸ ਨੂੰ ਕਾਂਗਰਸੀ ਵਰਕਰ ਹੀ ਸੱਚਾ ਸਾਬਿਤ ਕਰ ਰਹੇ ਹਨ।
ਕਾਂਗਰਸੀ ਆਗੂ ਰਾਣਾ ਗੁਰਜੀਤ ਵੱਲੋਂ ਕਪੂਰਥਲੇ ਦੀ ਘਟਨਾ ਦਾ ਦੋਸ਼ ਕੈਬਨਿਟ ਮੰਤਰੀ ਸ਼ ਬਿਕਰਮ ਸਿੰਘ ਮਜੀਠੀਆ ਉੱਤੇ ਮੜ੍ਹੇ ਜਾਣ ਬਾਰੇ ਟਿੱਪਣੀ ਕਰਦਿਆਂ ਸ਼ ਸਿਰਸਾ ਨੇ ਕਿਹਾ ਕਿ ਇਹ ਲੜਾਈ ਕਾਂਗਰਸੀਆਂ ਦੀ ਪਾਰਟੀ ਮੀਟਿੰਗ ਵਿਚ ਹੋਈ ਸੀ, ਜਿੱਥੇ ਕੁੱਟਣ ਵਾਲੇ ਅਤੇ ਕੁੱਟ ਖਾਣ ਵਾਲੇ ਸਾਰੇ ਹੀ ਕਾਂਗਰਸੀ ਸਨ। ਲੜਾਈ ਮਗਰੋਂ ਮਾਮਲੇ ਨੂੰ ਪੁਲਿਸ ਕੋਲ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਲਿਜਾਣ ਵਾਲੇ ਪੀੜਤ ਵੀ ਕਾਂਗਰਸੀ ਹਨ ਅਤੇ ਜਿਹਨਾਂ ਖਿਲਾਫ ਸ਼ਿਕਾਇਤਾਂ ਦਰਜ ਹੋਈਆਂ ਹਨ, ਉਹ ਵੀ ਕਾਂਗਰਸੀ ਹਨ। ਅਕਾਲੀ ਦਲ ਦੇ ਕਿਸੇ ਵੀ ਆਗੂ ਦਾ ਇਸ ਘਟਨਾ ਨਾਲ ਕੋਈ ਵਾਸਤਾ ਨਹੀਂ ਹੈ। ਰਾਣਾ ਗੁਰਜੀਤ ਸਿੰਘ ਸਿਰਫ ਆਪਣੀ ਗੁੰਡਾਗਰਦੀ ਛੁਪਾਉਣ ਲਈ ਇਸ ਘਟਨਾ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।