ਨਵੀਂ ਦਿੱਲੀ, 28 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਰਾਖਵਾਂਕਰਨ ਦੇ ਮੁੱਦੇ 'ਤੇ ਮੀਫੀਆ 'ਚ ਲਗਾਈਆ ਜਾ ਰਹੀਆਂ ਅਟਕਲਾਂ ਨੂੰ ਖਾਰਜ ਕਰਦਿਆਂ, ਸਪੱਸ਼ਟ ਕੀਤਾ ਹੈ ਕਿ ਇਸ ਬਾਰੇ ਪਾਰਟੀ ਦੀ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ।
ਇਸ ਲੜੀ ਹੇਠ, ਕੁਝ ਸੋਸ਼ਲ ਮੀਡੀਆ ਪੋਸਟਾਂ 'ਤੇ ਇਕ ਪਾਰਟੀ ਆਗੂ ਵੱਲੋਂ ਰਾਖਵਾਂਕਰਨ ਵਿਵਸਥਾ ਨੂੰ ਖਤਮ ਕੀਤੇ ਜਾਣ ਦੇ ਸੱਦੇ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਸਪੱਸ਼ਟੀਕਰਨ ਮੰਗੇ ਜਾਣ 'ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਕਤ ਮੁੱਦੇ 'ਤੇ ਕਾਂਗਰਸ ਦੇ ਪੱਖ ਨੂੰ ਲੈ ਕੇ ਕੋਈ ਅਸਪੱਸ਼ਟਤਾ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਰਾਖਵਾਂਕਰਨ 'ਤੇ ਕਾਂਗਰਸ ਦੀ ਨੀਤੀ ਅੱਜ ਵੀ ਓਹੀ ਹੈ, ਜਿਹੜੀ ਪਹਿਲਾਂ ਸੀ, ਅਤੇ ਇਸ ਸਬੰਧੀ ਬਦਲਾਅ ਨੂੰ ਲੈ ਕੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੁਝ ਵਿਸ਼ੇਸ਼ ਤਾਕਤਾਂ ਸੂਬੇ ਅੰਦਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਮਾਮਲੇ 'ਚ ਗੈਰ ਜ਼ਰੂਰੀ ਵਿਵਾਦ ਪੈਦਾ ਕਰਨਾ ਚਾਹੁੰਦੀਆਂ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਮੁੱਦੇ 'ਤੇ ਕੌਮੀ ਯੂਥ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਨੂੰ ਗਲਤ ਪੇਸ਼ ਕਰਨ ਵਾਲੀਆਂ ਮੀਡੀਆਂ ਦੀਆਂ ਕੁਝ ਖ਼ਬਰਾਂ ਤੋਂ ਬਾਅਦ ਇਹ ਅਨੁਚਿਤ ਵਿਵਾਦ ਪੈਦਾ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਆਗੂ ਤੇ ਵਰਕਰ ਰਾਖਵਾਂਕਰਨ 'ਤੇ ਪਾਰਟੀ ਦੀ ਨੀਤੀ ਉਪਰ ਭਰੋਸਾ ਰੱਖਦੇ ਹਨ ਤੇ ਇਸਨੂੰ ਲੈ ਕੇ ਕਿਸੇ ਵੀ ਵਰਕਰ ਵੱਲੋਂ ਪਾਰਟੀ ਧਾਰਾ ਤੋਂ ਹੱਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਸਪੱਸ਼ਟ ਤੌਰ 'ਤੇ ਉਕਤ ਵਿਸ਼ੇ ਉਪਰ ਵੜਿੰਗ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।