ਨਵੀਂ ਦਿੱਲੀ, 29 ਦਸੰਬਰ, 2016 : ਆਮ ਆਦਮੀ ਪਾਰਟੀ ਦੇ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਪ੍ਰਧਾਨ ਹਰਜੀਤ ਸਿੰਘ ਅਦਾਲਤੀਵਾਲਾ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। ਆਪ ਉੱਤੇ ਸਾਫ ਸੁਥਰੀ ਰਾਜਨੀਤੀ ਤੋਂ ਕਿਨਾਰਾ ਕਰਨ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਧਸਣ ਦੇ ਦੋਸ਼ ਲਾਉਂਦਿਆਂ ਅਦਾਲਤੀਵਾਲਾ ਨੇ ਕਿਹਾ ਕਿ ਉਹਨਾਂ ਦਾ ਪਾਰਟੀ ਅੰਦਰ ਸਾਹ ਘੁਟਣ ਲੱਗਿਆ ਸੀ।
ਇੱਥੇ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੁੰਦਿਆਂ ਅਦਾਲਤੀਵਾਲਾ ਨੇ ਇਸ ਨੂੰ ਆਪਣੀ ਘਰ-ਵਾਪਸੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ 2 ਸਾਲ ਆਮ ਆਦਮੀ ਪਾਰਟੀ ਅੰਦਰ ਭਟਕਣ ਮਗਰੋਂ ਆਪਣੇ ਘਰ ਵਾਪਸ ਆ ਗਏ ਹਨ।
ਦੱਸਣਯੋਗ ਹੈ ਕਿ ਅਦਾਲਤੀਵਾਲਾ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪ ਵਿਚ ਸ਼ਾਮਿਲ ਹੋਏ ਸਨ। ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਪਟਿਆਲਾ ਦੀ ਜ਼ਿਮਨੀ ਚੋਣ ਮੌਕੇ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਸੀ। ਉਹਨਾਂ ਦੇ ਕੰਮ ਅਤੇ ਲਗਨ ਨੂੰ ਵੇਖਦੇ ਹੋਏ ਪਛੜੀਆਂ ਸ਼੍ਰੇਣੀਆਂ ਵਿੰਗ ਦਾ ਪ੍ਰਧਾਨ ਅਤੇ ਪਾਰਟੀ ਦੀ ਵਿੱਤੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ।
ਪਰੰਤੂ ਆਪ ਅੰਦਰ ਥੋੜ੍ਹਾ ਜਿਹਾ ਸਮਾਂ ਰਹਿ ਕੇ ਹੀ ਅਦਾਲਤੀਵਾਲਾ ਨੇ ਪਾਰਟੀ ਆਗੂਆਂ ਦੀ ਕਹਿਣੀ ਅਤੇ ਕਥਨੀ ਵਿਚਲੇ ਫਰਕ ਨੂੰ ਮਹਿਸੂਸ ਕਰ ਲਿਆ ਸੀ। ਉਹ ਸਿਆਸਤ ਵਿਚੋਂ ਭ੍ਰਿਸ਼ਟਾਚਾਰ ਅਤੇ ਪੈਸੇ ਦੀ ਤਾਕਤ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਸਨ, ਪਰ ਉਹਨਾਂ ਨੇ ਸਭ ਤੋਂ ਉੱਚੀ ਬੋਲੀ ਦੇਣ ਵਾਲਿਆਂ ਕੋਲ ਪਾਰਟੀ ਦੀਆਂ ਟਿਕਟਾਂ ਵੇਚੀਆਂ ਸਨ। ਪਾਰਟੀ ਉਮੀਦਵਾਰਾਂ ਤੋਂ ਪੈਸੇ ਇੱਕਠੇ ਕਰਨ ਲਈ ਵਿਸੇਸ਼ ਦਸਤੇ ਬਣਾ ਦਿੱਤੇ ਸਨ। ਇੱਥੋਂ ਤੱਕ ਕਿ ਟਿਕਟ ਦੇ ਚਾਹਵਾਨਾਂ ਦੁਆਰਾ ਦਿੱਤੇ 10 ਲੱਖ ਤੋਂ ਲੈ ਕੇ 50 ਲੱਖ ਤੱਕ ਦੇ ਫੰਡ ਨੂੰ 'ਨਾ-ਮੋੜਣਯੋਗ' ਕਰਾਰ ਦਿੱਤਾ ਗਿਆ ਅਤੇ ਪੈਸੇ ਦੇਣ ਵਾਲੇ ਬਹੁਤ ਸਾਰੇ ਵਿਅਕਤੀਆਂ ਨੂੰ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਅਦਾਲਤੀਵਾਲਾ ਨੇ ਆਪ ਆਗੂਆਂ ਦੁਆਰਾ ਟਿਕਟ ਦੀਆਂ ਚਾਹਵਾਨ ਔਰਤਾਂ ਦੇ ਜਿਸਮਾਨੀ ਸੋਸ਼ਣ ਦੀ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੁੱਝ ਬਾਹਰੋਂ ਆਉਣ ਵਾਲੇ ਆਪ ਆਗੂਆਂ ਨੇ ਔਰਤਾਂ ਦਾ ਸੋਸ਼ਣ ਕੀਤਾ ਹੈ।
ਇਹ ਪੁੱਛੇ ਜਾਣ 'ਤੇ ਕਿ ਆਖਿਰ ਕਿਸ ਗੱਲ ਨੇ ਉਸ ਨੂੰ ਪਾਰਟੀ ਛੱਡਣ ਲਈ ਮਜ਼ਬੂਰ ਕੀਤਾ, ਅਦਾਲਤੀਵਾਲਾ ਨੇ ਦੱਸਿਆ ਕਿ ਪਾਰਟੀ ਅੰਦਰ ਕੋਈ ਵੀ ਆਗੂ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ, ਜਿਸ ਕਰਕੇ ਉਹਨਾਂ ਦਾ ਸਾਹ ਘੁਟਣ ਲੱਗਿਆ ਸੀ।