ਚੰਡੀਗੜ੍ਹ, 2 ਜਨਵਰੀ, 2017 : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਰਦਾਰ ਚਰਨਜੀਤ ਸਿੰਘ ਚੰਨੀ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨਾਲ ਸਬੰਧਤ 41 ਹੋਰ ਐਮ.ਐਲ.ਏਜ਼ ਅਤੇ ਇੱਕ ਆਜ਼ਾਦ ਐਮ.ਐਲ.ਏ. ਵਲੋਂ ਮਿਤੀ 11.11.2016 ਨੂੰ ਐਸ.ਵਾਈ.ਐਲ.ਨਹਿਰ ਦੇ ਮੁੱਦੇ ਤੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫੇ ਦਿੱਤੇ ਗਏ ਸਨ।
ਨਿਯਮਾਂ ਅਨੁਸਾਰ ਮਾਨਯੋਗ ਸਪੀਕਰ ਸਾਹਿਬ ਵੱਲੋਂ ਆਪਣੀ ਸੰਤੁਸ਼ਟੀ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿ ਮਾਨਯੋਗ ਐਮ.ਐਲ.ਏ. ਸਾਹਿਬਾਨ ਵੱਲੋਂ ਅਸਤੀਫੇ ਆਪਣੀ ਮਰਜ਼ੀ ਨਾਲ ਦਿੱਤੇ ਗਏ ਅਤੇ ਉਚਿਤ ਹਨ ਸਬੰਧੀ ਸਰਸਰੀ ਪੁੱਛ ਪੜਤਾਲ ਕਰਨ ਲਈ ਸਬੰਧਤ ਐਮ.ਐਲ.ਏ. ਸਾਹਿਬਾਨ ਨੂੰ ਮਿਤੀ 20, 21 ਅਤੇ 22 ਦਸੰਬਰ, 2016 ਨੂੰ ਬਾਅਦ ਦੁਪਹਿਰ 3.00 ਵਜੇ ਆਪਣੇ ਦਫਤਰ ਵਿੱਚ ਬੁਲਾਇਆ ਗਿਆ ਸੀ। ਪਰ ਪੰਜਾਬ ਕਾਂਗਰਸ ਵਿਧਾਨਕ ਪਾਰਟੀ ਦੇ ਸਕੱਤਰ ਵੱਲੋਂ ਪ੍ਰਾਪਤ ਹੋਏ ਪੱਤਰ ਮਿਤੀ 15.12.2016 ਰਾਹੀਂ ਮਾਨਯੋਗ ਵਿਰੋਧੀ ਧਿਰ ਦੇ ਨੇਤਾ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਕਾਂਗਰਸ ਪਾਰਟੀ ਦੇ ਮਾਨਯੋਗ ਵਿਧਾਇਕ, ਜਿਨ੍ਹਾਂ ਵੱਲੋਂ ਅਸਤੀਫੇ ਦਿੱਤੇ ਗਏ ਹਨ, ਨਵੀਂ ਦਿੱਲੀ ਵਿਖੇ ਮਸ਼ਰੂਫ ਹੋਣ ਕਾਰਨ ਅਜੇ ਮਾਨਯੋਗ ਸਪੀਕਰ ਸਾਹਿਬ ਪਾਸ ਨਹੀਂ ਆ ਸਕਦੇ ਅਤੇ ਇਸ ਸਬੰਧੀ 10 ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਜਾਵੇ। ਇਸ ਤੇ ਮਾਨਯੋਗ ਸਪੀਕਰ ਸਾਹਿਬ ਵੱਲੋਂ ਸਬੰਧਤ ਐਮ.ਐਲ.ਏ. ਸਾਹਿਬਾਨ ਨੂੰ ਮਿਤੀ 03.01.2017 ਨੂੰ ਆਪਣੇ ਦਫਤਰ ਵਿੱਚ ਹਾਜ਼ਰ ਹੋਣ ਲਈ ਬੁਲਾਇਆ ਗਿਆ ਸੀ।
ਅੱਜ ਫਿਰ ਪੰਜਾਬ ਕਾਂਗਰਸ ਵਿਧਾਨਕ ਪਾਰਟੀ ਦੇ ਸਕੱਤਰ ਸ਼੍ਰੀ ਏ.ਸੀ.ਕੌਸ਼ਿਕ ਵੱਲੋਂ ਪ੍ਰਾਪਤ ਹੋਏ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਸਬੰਧਤ ਐਮ.ਐਲ.ਏ. ਸਾਹਿਬਾਨ ਮਿਤੀ 3.1.2017 ਨੂੰ ਮਾਨਯੋਗ ਸਪੀਕਰ ਸਾਹਿਬ ਪਾਸ ਹਾਜ਼ਰ ਨਹੀਂ ਹੋ ਸਕਦੇ ਅਤੇ ਇਸ ਮੰਤਵ ਲਈ ਦਸ ਦਿਨਾਂ ਬਾਅਦ ਕੋਈ ਸਮਾਂ ਦੇ ਦਿੱਤਾ ਜਾਵੇ।
ਇਸ ਤੇ ਮਾਨਯੋਗ ਸਪੀਕਰ ਸਾਹਿਬ ਵੱਲੋਂ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਮੈਂਬਰਾਂ, ਜਿਨ੍ਹਾਂ ਵੱਲੋਂ ਅਸਤੀਫੇ ਦਿੱਤੇ ਗਏ ਹਨ, ਨਾਲ ਮੁਲਾਕਾਤ ਲਈ ਮਿਤੀ 3.1.2017 ਨੂੰ ਬਾਅਦ ਦੁਪਹਿਰ 2.00 ਵਜੇ ਆਪਣੇ ਦਫਤਰ ਵਿੱਚ ਬੁਲਾਈ ਗਈ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਇੱਛਾ ਜ਼ਾਹਿਰ ਕੀਤੀ ਗਈ ਹੈ ਕਿ ਇਸ ਮੰਤਵ ਲਈ ਮਾਨਯੋਗ ਵਿਰੋਧੀ ਧਿਰ ਦੇ ਨੇਤਾ ਵੱਲੋਂ ਨਿੱਜੀ ਤੌਰ 'ਤੇ ਆਪਣੇ ਦਸਤਖਤਾਂ ਹੇਠ ਬੇਨਤੀ ਆਉਣ ਉਪਰੰਤ ਅਗਲੀ ਮੀਟਿੰਗ ਸਬੰਧੀ ਸਮਾਂ ਤੈਅ ਕੀਤਾ ਜਾਵੇਗਾ।