ਨਵੀਂ ਦਿੱਲੀ, 28 ਦਸੰਬਰ, 2016 : ਸ੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ ਦਿੰਦੇ ਹੋਏ, ਬੁੱਧਵਾਰ ਨੂੰ ਦੋ ਹੋਰ ਅਕਾਲੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਹੇਠ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ। ਜਿਨ੍ਹਾਂ ਦਾ ਕੈਪਟਨ ਅਮਰਿੰਦਰ ਨੇ ਘਰ ਵਾਪਿਸੀ 'ਤੇ ਸਵਾਗਤ ਕੀਤਾ।
ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਨਾਭਾ ਤੋਂ ਮਜ਼ਬੂਤ ਲੀਡਰ ਤੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਅਤੇ ਇਕ ਅਕਾਲੀ ਆਗੂ ਤੇ ਨਿਗਮ ਕੌਂਸਲਰ ਅਸ਼ੋਕ ਬਿੱਟੂ ਨੂੰ ਪਾਰਟੀ 'ਚ ਸ਼ਾਮਿਲ ਕਰਦਿਆਂ, ਅਕਾਲੀ ਦਲ ਨੂੰ ਇਕ ਹੋਰ ਝਟਕਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ 'ਚ ਇਕ ਡੁੱਬਦਾ ਹੋਇਆ ਜਹਾਜ਼ ਹੈ। ਦੋਵੇਂ ਆਗੂ ਨਾਭਾ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਦੀ ਮੌਜ਼ੂਦਗੀ ਹੇਠ ਬਗੈਰ ਕਿਸੇ ਸ਼ਰਤ ਕਗਰਸ 'ਚ ਸ਼ਾਮਿਲ ਹੋਏ।
ਨਾਭਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਸਾਬਕਾ ਪੰਜਾਬ ਯੂਥ ਕਾਂਗਰਸ ਪ੍ਰਧਾਨ ਰਮੇਸ਼ ਸਿੰਗਲਾ ਸਾਲ 2014 'ਚ ਅਕਾਲੀ ਦਲ 'ਚ ਸ਼ਾਮਿਲ ਹੋਏ ਸਨ। ਇਸੇ ਤਰ੍ਹਾਂ, ਨਾਭਾ ਤੋਂ ਪੰਜ ਵਾਰ ਕੌਂਸਲਰ ਬਣ ਚੁੱਕੇ, ਬਿੱਟੂ ਵੀ 2014 'ਚ ਅਕਾਲੀ ਦਲ 'ਚ ਸ਼ਾਮਿਲ ਹੋਏ ਸਨ।
ਇਸ ਮੌਕੇ ਕੈਪਟਨ ਅਮਰਿੰਦਰ ਦੀ ਅਗਵਾਈ 'ਤੇ ਪੂਰਾ ਭਰੋਸਾ ਪ੍ਰਗਟਾਉਂਦੇ ਹੋਏ, ਸਿੰਗਲਾ ਨੇ ਕਿਹਾ ਕਿ ਅਕਾਲੀ ਦਲ ਦੀਆਂ ਗਲਤ ਨੀਤੀਆਂ ਨੇ ਸੂਬੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਬਾਦਲਾਂ ਉਪਰ ਵਿਕਅਤੀਗਤ ਫਾਇਦਿਆਂ ਖਾਤਿਰ ਸੂਬੇ ਦੇ ਹਿੱਤਾਂ ਨੂੰ ਵੇਚਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਾਦਲ ਸਰਕਾਰ ਘੁਟਾਲਿਆਂ ਦਾ ਦੂਜ਼ਾ ਨਾਂਮ ਹੈ।