ਮਜੀਠਾ ਵਿਖੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨਾਲ ਸ: ਬਿਕਰਮ ਸਿੰਘ ਮਜੀਠੀਆ ਤੇ ਹੋਰ।
ਮਜੀਠਾ, 4 ਜਨਵਰੀ, 2017 : ਮਜੀਠਾ ਵਿਖੇ ਅੱਜ 50 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਰਹੇ 20 ਪਰਿਵਾਰਾਂ ਨੇ ਕਾਂਗਰਸ ਨੂੰ ਜ਼ੋਰਦਾਰ ਝਟਕਾ ਦਿੰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਝੂਠ ਅਤੇ ਗੱਪਾਂ ਦਾ ਮੁਕਾਬਲਾ ਚਲ ਰਿਹਾ ਹੈ।ਉਹਨਾਂ ਕਿਹਾ ਕਿ ਪੰਜਾਬ 'ਚ ਨਿਯਮਾਂ ਅਨੁਸਾਰ 4.5 ਲਖ ਸਰਕਾਰੀ ਨੌਕਰੀਆਂ ਹਨ ਪਰ ਕੇਜਰੀਵਾਲ ਨੇ 25 ਲੱਖ ਨੂੰ ਨੌਕਰੀਆਂ ਦੇਣ ਦਾ ਸ਼ੋਸ਼ਾ ਛੱਡਿਆ ਤਾਂ ਕੈਪਟਨ ਨੇ ਸੋਚਿਆ ਕਿ ਇਹ ਗੱਪ ਛੋਟੀ ਹੈ ਉਸ ਨੇ ਹੱਦ ਬੰਨੇ ਟਪਾਉਂਦਿਆਂ 60 ਲੱਖ ਨੂੰ ਨੌਕਰੀਆਂ ਦੇਣ ਦੀ ਵੱਡੀ ਗੱਪ ਦੇ ਮਾਰੀ। ਜਦ ਕਿ ਕੇਜਰੀਵਾਲ ਦਿਲੀ ਵਿਖੇ ਹੁਣ ਤਕ 200 ਨੌਕਰੀਆਂ ਵੀ ਨਹੀਂ ਦੇ ਸਕੀ ਅਤੇ ਕੈਪਟਨ ਨੇ ਤਾਂ ਮੁੱਖ ਮੰਤਰੀ ਹੁੰਦਿਆਂ ਸਰਕਾਰੀ ਨੌਕਰੀਆਂ 'ਤੇ ਬੈਨ ਲਾਉਣ ਬਾਰੇ ਵਿਧਾਨ ਸਭਾ ਵਿੱਚ ਵੀ ਦੱਸਿਆ ਸੀ।ਸ: ਮਜੀਠੀਆ ਨੇ ਕਿਹਾ ਕਿ ਦੋਵੇਂ ਝੂਠ ਦੇ ਪੁਲੰਦੇ ਨਾਲ ਕਿਵੇਂ ਵੀ ਆਪਣੀਆਂ ਡੁੱਬਦੀਆਂ ਬੇੜੀਆਂ ਨੂੰ ਪਾਰ ਲਗਾਉਣਾ ਚਾਹੁੰਦੇ ਹਨ । ਪਰ ਝੂਠ ਅਤੇ ਗੱਪਾਂ ਦੀ ਰਾਜਨੀਤੀ ਪੰਜਾਬ ਵਿੱਚ ਨਹੀਂ ਚੱਲੇਗੀ।ਲੋਕ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਫਸਣਗੇ। ਕੇਜਰੀਵਾਲ ਅਤੇ ਕੈਪਟਨ ਦਾ ਬਿਸਤਰਾ ਗੋਲ ਕਰਕੇ ਹੀ ਪੰਜਾਬ ਦੇ ਲੋਕ ਸਾਹ ਲੈਣਗੇ।
ਕੇਜਰੀਵਾਲ ਵੱਲੋਂ ਸੀ ਐਮ ਉਮੀਦਵਾਰ ਐਲਾਨਣ ਤੋਂ ਕਿਨਾਰਾ ਕਰਨ ਬਾਰੇ ਉਹਨਾਂ ਕਿਹਾ ਕਿ ਪੰਜਾਬ 'ਚ ਕਰਾਏ ਗਏ ਵਿਕਾਸ ਕਾਰਨ ਲੋਕਾਂ ਵੱਲੋਂ ਅਕਾਲੀ ਦਲ ਨੂੰ ਮਿਲ ਰਹੇ ਹੁੰਗਾਰੇ ਤੋਂ ਕੇਜਰੀਵਾਲ ਘਬਰਾ ਗਏ ਹਨ । ਉਸ ਦਾ ਕਿਸੇ ਵੀ ਪੰਜਾਬੀ 'ਤੇ ਵਿਸ਼ਵਾਸ ਨਹੀਂ ਹੈ ਜਿਸ ਕਾਰਨ ਉਹ ਸੀ ਐਮ ਐਲਾਨ ਨਹੀਂ ਕਰ ਰਿਹਾ।ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦੀਆਂ ਨਜ਼ਰਾਂ ਵਿੱਚ ਹਿੰਮਤ ਸ਼ੇਰਗਿੱਲ ਸਭ ਤੋਂ ਵਧੀਆ ਉਮੀਦਵਾਰ ਹੈ ਜਿਸ ਦੀ ਕਿ ਮਜੀਠਾ ਦੇ ਵੋਟਰਾਂ ਨੇ ਜ਼ਮਾਨਤ ਜ਼ਬਤ ਕਰਾ ਕੇ ਭੇਜਣਾ ਹੈ। ਜੇ ਸ਼ੇਰਗਿੱਲ ਸਭ ਤੋਂ ਉੱਤਮ ਹਨ ਤਾਂ ਬਾਕੀ ਉਮੀਦਵਾਰ ਕਿਵੇਂ ਦੇ ਹੋਣਗੇ ਇਸ ਬਾਰੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕੇਜਰੀਵਾਲ ਵੱਲੋਂ ਉਪ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਉਣ ਬਾਰੇ ਸ: ਮਜੀਠੀਆ ਨੇ ਕਿਹਾ ਕਿ ਦਿਲੀ 'ਚ ਕਿਹੜਾ ਕਿਸੇ ਨੇ ਉਸ ਦਾ ਹੱਥ ਫੜਿਆ ਸੀ ਜੋ ਉਸ ਨੇ ਦਿਲੀ 'ਚ ਕਿਸੇ ਦਲਿਤ ਨੂੰ ਉਪ ਮੁੱਖ ਮੰਤਰੀ ਨਹੀਂ ਬਣਾਇਆ। ਪੰਜਾਬ ਦੇ ਦਲਿਤ ਐਮ ਪੀ ਨੂੰ ਤਾਂ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਹੀ ਚੁੱਕੇ ਹਨ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਲੋਕਾਂ ਨੂੰ ਲਾਰਿਆਂ ਅਤੇ ਫੋਕੇ ਨਾਅਰਿਆਂ ਨਾਲ ਸਮਾਂ ਖੁੰਝਾ ਚੁੱਕੇ ਅਤੇ ਹੁਣ ਦਬਕਿਆਂ ਅਤੇ ਧਮਕੀਆਂ 'ਤੇ ਉਤਾਰੂ ਵਿਰੋਧੀਆਂ ਦੀ ਪਰਵਾਹ ਨਾ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਜੇ ਕਾਂਗਰਸ ਨੇ ਗਰੀਬਾਂ ਦੇ ਭਲੇ ਲਈ ਸੋਚਿਆ ਹੁੰਦਾ ਤਾਂ ਉਹਨਾਂ ਦੀ ਈ ਦੁਰ ਦਸ਼ਾ ਨਾਂਹ ਹੁੰਦੀ। ਉਹਨਾਂ ਵਿਰੋਧੀਆਂ ਨੂੰ ਕਿਹਾ ਕਿ ਹੁਣ ਬੇਤੁਕੀਆਂ ਗੱਲਾਂ ਅਤੇ ਸ਼ੁਰ੍ਹਲੀਆਂ ਛੱਡਣ ਨਾਲ ਕੋਈ ਫਾਇਦਾ ਨਹੀਂ ਹੋਣ ਲਗਾ। ਉਹਨਾਂ ਕਿਹਾ ਕਿ ਸਰਕਾਰਾਂ ਪਹਿਲਾਂ ਵੀ ਬਣਦੀਆਂ ਰਹੀਆਂ ਪਰ ਮਜੀਠਾ ਹਲਕੇ ਦਾ ਜਾਂ ਪੰਜਾਬ ਦੇ ਵਿਕਾਸ ਦਾ ਕੰਮ ਕਿਸੇ ਨਹੀਂ ਕੀਤਾ। ਜੋ ਸ: ਬਾਦਲ ਦੀ ਸਰਕਾਰ ਨੇ ਕਰ ਵਿਖਾਇਆ।ਉਹਨਾਂ ਕਿਹਾ ਕਿ ਕਾਂਗਰਸ ਗਰੀਬ ਵਰਗ ਨੂੰ ਗੁਮਰਾਹ ਕਰ ਕੇ ਵੋਟ ਬਟੋਰਦੀ ਰਹੀ ਪਰ ਉਹਨਾਂ ਦੇ ਦਰਦ ਨੂੰ ਮਹਿਸੂਸ ਨਹੀਂ ਕੀਤਾ। ਜਿਸ ਕਾਰਨ ਅੱਜ ਦੇਸ਼ ਭਰ ਵਿੱਚੋਂ ਕਾਂਗਰਸ ਦਾ ਤੇਜੀ ਨਾਲ ਸਫਾਇਆ ਹੋਇਆ।
ਇਸ ਮੌਕੇ ਸ: ਮਜੀਠੀਆ ਨੇ ਕਿਹਾ ਕਿ ਜੋਗਿੰਦਰ ਸਿੰਘ ਗੰਗੂ, ਸੋਨੂੰ ਦੀਪ ਸਿੰਘ ਸੋਨੀ, ਚਰਨਜੀਤ ਸਿੰਘ ਪਪੂ, ਬੰਟੀ, ਮੰਗਲ ਸਿੰਘ ਮੰਗੀ, ਗੋਪੀ , ਸੋਨੀ , ਰਾਜੂ, ਤਰਸੇਮ ਗੋਕਲ, ਪ੍ਰੇਮ ਮਸੀਹ ਪਪੂ, ਬਾਊ ਮਸੀਹ ਰਾਜਨ ਸਿੰਘ ਰੋੜੀ, ਅਜੀਤ ਸਿੰਘ ਸਕੱਤਰ ਆਦਿ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਦਲੀਲ ਵਾਲੇ 20 ਪਰਿਵਾਰਾਂ ਦਾ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਉਹਨਾਂ ਨੂੰ ਵੱਡੀ ਸ਼ਕਤੀ ਮਿਲੀ ਹੈ। ਸ: ਮਜੀਠੀਆ ਨੇ ਸਭ ਨੂੰ ਸਨਮਾਨਿਤ ਕਰਦਿਆਂ ਸਵਾਗਤ ਕੀਤਾ।
ਇਸ ਮੌਕੇ ਮੇਜਰ ਸ਼ਿਵੀ,ਰਾਕੇਸ਼ ਪ੍ਰਾਸ਼ਰ, ਪ੍ਰਧਾਨ ਤਰੁਨ ਅਬਰੋਲ, ਯੂਨਸ ਮਸੀਹ ਸਰਪੰਚ, ਅਵਤਾਰ ਗਿੱਲ, ਸੋਨੂੰ ਰੋੜੀ, ਸਰਪੰਚ ਹਰਜਿੰਦਰ ਸਿੰਘ, ਰਾਜੇਸ਼ ਲਾਟੀ, ਕਾਲਾ, ਲੱਖਾ ਸਿੰਘ ਪ੍ਰਧਾਨ, ਅਮੀਰ ਫੌਜੀ, ਬਲਵਿੰਦਰ ਸਿੰਘ, ਜੈਮਸ ਮਸੀਹ, ਲਾਲ ਸਿੰਘ, ਗੁਲਾਬ ਸਿੰਘ, ਕੁਕਾ ਮਸੀਹ, ਸੋਨਾ ਸੁਪਾਰੀਵਿੰਡ, ਸੁਖਜੀਤ ਗਿੱਲ, ਮਹਿੰਦਰ ਸਿੰਘ, ਬਿਕਰਮ ਮਸੀਹ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।