← ਪਿਛੇ ਪਰਤੋ
ਚੰਡੀਗੜ੍ਹ, 28 ਦਸੰਬਰ, 2016 : ਆਪ ਮੁਖੀ ਕੇਜਰੀਵਾਲ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੂੰ ਵੱਡੇ ਅਕਾਲੀ ਆਗੂਆਂ ਖਿਲਾਫ਼ ਸਾਂਝੇ ਉਮੀਦਵਾਰ ਖੜੇ ਕਰਨ ਦਾ ਸੱਦਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਆਪ ਅਤੇ ਕਾਂਗਰਸ ਅੰਦਰੋਂ ਮਿਲੀਆਂ ਹੋਈਆਂ ਹਨ। ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਕੇਜਰੀਵਾਲ ਵੱਲੋਂ ਬੁੱਧਵਾਰ ਨੂੰ ਲੰਬੀ ਹਲਕੇ ਵਿਚ ਕੀਤੀ ਰੈਲੀ ਦੌਰਾਨ ਕੀਤੀ ਬਿਆਨਬਾਜ਼ੀ ਉਤੇ ਟਿੱਪਣੀ ਕਰ ਰਹੇ ਸਨ। ਉਨ•ਾਂ ਕਿਹਾ ਕਿ ਕੇਜਰੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਂਝਾ ਦੁਸ਼ਮਣ ਗਰਦਾਨਦੇ ਹੋਏ ਕਾਂਗਰਸ ਅਤੇ ਆਪ ਨੂੰ ਇੱਕ ਸਾਂਝੀ ਚੋਣ ਰਣਨੀਤੀ ਬਣਾਉਣ ਦਾ ਸੱਦਾ ਦਿੱਤਾ ਹੈ। ਉਸਨੇ ਕਿਹਾ ਹੈ ਕਿ ਉਹ ਦੋਵੇਂ ਅਕਾਲੀਆਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਕੇਜਰੀਵਾਲ ਨੇ ਕਿਹਾ ਹੈ ਕਿ ਤਿੰਨ ਹਲਕਿਆਂ -ਜਲਾਲਾਬਾਦ, ਲੰਬੀ ਅਤੇ ਮਜੀਠਾ ਵਿਚ ਕਾਂਗਰਸ ਦੇ ਉਮੀਦਵਾਰ ਬਹੁਤ ਜ਼ਿਆਦਾ ਕਮਜ਼ੋਰ ਸਨ ਜਿਨ•ਾਂ ਨੂੰ ਅਕਾਲੀਆਂ ਨੇ ਸੌਖਿਆਂ ਹੀ ਹਰਾ ਦਿੱਤਾ ਸੀ। ਇਨ•ਾਂ ਕਾਂਗਰਸੀ ਉਮੀਦਵਾਰਾਂ ਨੂੰ ਔਸਤਨ 6-7 ਹਜ਼ਾਰ ਵੋਟਾਂ ਹੀ ਪਈਆਂ ਸਨ। ਦੋਬਾਰਾ ਅਜਿਹਾ ਵਾਪਰਨ ਤੋਂ ਰੋਕਣ ਲਈ ਕੇਜਰੀਵਾਲ ਨੇ ਦਲੀਲ ਦਿੱਤੀ ਹੈ ਕਿ ਜੇਕਰ ਦੋਨੋਂ ਪਾਰਟੀਆਂ ਕਾਂਗਰਸ ਤੇ 'ਆਪ' ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਵੱਡੇ ਅਕਾਲੀ ਆਗੂਆਂ ਨੂੰ ਹਰਾਉਣ ਵਾਸਤੇ ਉਹ ਕਿਹੜੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ। ਉਸਨੇ ਸੁਝਾਅ ਦਿੱਤਾ ਹੈ ਕਿ ਕੁਝ ਸੀਟਾਂ ਉਤੇ ਕਾਂਗਰਸ ਆਪਣੇ ਉਮੀਦਵਾਰ ਉਤਾਰੇ ਅਤੇ ਬਾਕੀ 'ਆਪ' ਲਈ ਛੱਡ ਦਿੱਤੀਆਂ ਜਾਣ। ਇਸ ਨਾਲ ਸਾਰੇ ਅਕਾਲੀ ਆਗੂਆਂ ਨੂੰ ਹਰਾਇਆ ਜਾ ਸਕੇਗਾ। ਢੀਂਡਸਾ ਨੇ ਕਿਹਾ ਕਿ 'ਆਪ' ਅਤੇ ਕਾਂਗਰਸ ਚਾਹੇ ਰਲ ਕੇ ਉਮੀਦਵਾਰ ਉਤਾਰਨ ਜਾਂ ਵੱਖ-ਵੱਖ ਫਿਰ ਵੀ ਸਾਰੇ ਵੱਡੇ ਅਕਾਲੀ ਲੀਡਰ ਭਾਰੀ ਗਿਣਤੀ ਨਾਲ ਆਪਣੀਆਂ ਸੀਟਾਂ ਜਿੱਤਣਗੇ। ਪਰ ਕੇਜਰੀਵਾਲ ਦੇ ਸੱਦੇ ਨੇ ਕਾਂਗਰਸ ਅਤੇ 'ਆਪ' ਦੀ ਮਿਲੀ ਭੁਗਤ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ। ਢੀਂਡਸਾ ਨੇ ਕਿਹਾ ਕਿ 'ਆਪ' ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਮਿਲੀ ਭੁਗਤ ਹੋਣ ਦਾ ਦੋਸ਼ ਲਾਉਂਦੀ ਆ ਰਹੀ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਇਹ ਦੋਵੇਂ ਪਾਰਟੀਆਂ ਦਿਨ-ਰਾਤ ਵਾਂਗ ਵੱਖਰੀਆਂ ਹਨ। ਇਸ ਦੇ ਉਲਟ 'ਆਪ' ਨੇ ਦਿੱਲੀ ਵਿਚ ਕਾਂਗਰਸ ਦੇ ਸਮਰਥਨ ਨਾਲ ਸਰਕਾਰ ਬਣਾਈ ਸੀ। ਕੇਜਰੀਵਾਲ ਦਿੱਲੀ ਵਿਚ ਕਾਂਗਰਸੀ ਮੁੱਖ ਮੰਤਰੀ ਸ਼ੀਲਾ ਦਿਕਸ਼ੀਤ ਨੂੰ ਗ੍ਰਿਫਤਾਰ ਕਰਨ ਦਾ ਹੋਕਾ ਦੇ ਕੇ ਜਿੱਤਿਆ ਸੀ ਪਰ ਉਸਨੇ ਕਾਂਗਰਸੀ ਆਗੂ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਉਸ ਖਿਲਾਫ਼ ਕੇਸ ਤੱਕ ਵੀ ਦਰਜ ਨਹੀਂ ਸੀ ਕੀਤਾ। ਸ. ਢੀਂਡਸਾ ਨੇ ਕਿਹਾ ਕਿ ਨੋਟ ਬੰਦੀ ਨੂੰ ਲੈ ਕੇ 'ਆਪ' ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਤਿੰਨਾਂ ਦੀ ਇਕ ਜੁੰਡਲੀ ਹੈ ਅਤੇ ਇਹ ਤਿੰਨੋਂ ਪਾਰਟੀਆਂ ਚੋਣਾਂ ਮਗਰੋਂ ਇਕ ਸਾਂਝਾ ਫਰੰਟ ਵੀ ਬਣਾ ਸਕਦੀਆਂ ਹਨ।
Total Responses : 266