ਚੰਡੀਗੜ੍ਹ, 31 ਦਸੰਬਰ, 2016 : ਆਮ ਆਦਮੀ ਪਾਰਟੀ ਨੇ ਸ਼ਨਿਵਾਰ ਨੂੰ ਕਾਂਗਰਸੀ ਆਗੂ ਅਤੇ ਪੀਪੀਪੀ ਦੇ ਸਾਬਕਾ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੁਆਰਾ ਕਾਂਗਰਸੀ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ‘ਚਰਿਤੱਰ ਸਰਟੀਫਿਕੇਟ’ ਜਾਰੀ ਕਰਨ ਉਤੇ ਪਲਟਵਾਰ ਕਰਦਿਆਂ ਕਿਹਾ ਕਿ ਅਮਰਿੰਦਰ ਸਿੰਘ ਪੰਜਾਬੀਆਂ ਦੁਆਰਾ ਨਕਾਰਿਆ ਨੇਤਾ ਅਤੇ ਪਤਨੀ ਨਾਲ ਧੋਖਾ ਕਰਨ ਵਾਲਾ ਇਨਸਾਨ ਹੈ।
ਪ੍ਰੈਸ ਨੂੰ ਜਾਰੀ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸਮੂਹ ਪੰਜਾਬੀ ਜਾਣਦੇ ਹਨ ਕਿ ਅਮਰਿੰਦਰ ਕਿੰਨਾ ਕੁ ਦੁੱਧ ਦਾ ਧੋਤਾ ਹੋਇਆ ਹੈ ਅਤੇ ਮਨਪ੍ਰੀਤ ਬਾਦਲ ਦੁਆਰਾ ਆਪਣੇ ਨਿੱਜੀ ਹਿੱਤਾਂ ਲਈ ਉਸਦੀ ਪ੍ਰਸ਼ੰਸਾ ਕਰਨੀ ਕੋਈ ਮਾਈਨੇ ਨਹੀਂ ਰੱਖਦੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਹ ਗੱਲ ਸਿੱਧ ਕਰਨ ਦੀ ਕੋਈ ਲੋੜ ਨਹੀਂ ਹੈ।
ਬਾਦਲ ਨੂੰ ਚੇਤੇ ਕਰਵਾਉਦਿਆ ਵੜੈਚ ਨੇ ਕਿਹਾ ਕਿ ਇਹ ਉਹ ਹੀ ਅਮਰਿੰਦਰ ਸਿੰਘ ਹੈ ਜਿਨਾਂ ਦੇ ਅਗਵਾਈ ਹੇਠ ਕਾਂਗਰਸ ਦੋ ਵਾਰ 2007 ਅਤੇ 2012 ਵਿਚ ਬੁਰੀ ਤਰਾਂ ਹਾਰ ਚੁੱਕੀ ਹੈ ਅਤੇ ਨਿਸਚਿਤ ਤੌਰ ਤੇ ਇਸ ਵਾਰ ਅਮਰਿੰਦਰ ਸਿੰਘ ਹਾਰ ਦੀ ਹੈਟਿ੍ਰਕ ਬਣਾਉਣਗੇ।
ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਦੇ ਵੀ ਅਮਰਿੰਦਰ ਸਿੰਘ ਦੁਆਰਾ ਭਾਰਤੀ ਫੌਜ ਵਿਚ ਕੀਤੀ ਸੇਵਾ ਬਾਰੇ ਟਿੱਪਣੀ ਨਹੀਂ ਕੀਤੀ ਪਰੰਤੂ ਕੈਪਟਨ ਨੂੰ ਆਪਣੀ ਜਿੰਦਗੀ ਦੀਆਂ ਗਲਤੀਆਂ ਨੂੰ ਛੁਪਾਉਣ ਲਈ ਸੈਨਾ ਦੀ ਸਾਖ ਦੀ ਮਦਦ ਲੈਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਆਪ ਆਗੂ ਨੇ ਕਿਹਾ ਕਿ ਅਮਰਿੰਦਰ ਸਿੰਘ 1984 ਵਿਚ ਸਾਖਾ-ਨੀਲਾ-ਤਾਰਾ ਦੇ ਵਿਰੋਧ ਵਿਚ ਕਾਂਗਰਸ ਤੋਂ ਤਿਆਗ ਪੱਤਰ ਦੇਣ ਦਾ ਢਿੰਡੋਰਾ ਪਿੱਟਦਾ ਹੈ ਤਾਂ ਉਸਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਫਿਰ ਅਜਿਹਾ ਕੀ ਹੋ ਗਿਆ ਸੀ ਕਿ ਉਸਨੂੰ ਉਸੇ ਪਾਰਟੀ ਵਿਚ ਵਾਪਿਸ ਜਾਣਾ ਪਿਆ ਅਤੇ ਕਾਂਗਰਸੀ ਲੀਡਰਾਂ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਜਿੰਨਾਂ ਦੇ ਖਿਲਾਫ ਦਿੱਲੀ ਵਿਚ ਸਿੱਖਾਂ ਨੂੰ ਸ਼ਰੇਆਮ ਕਤਲ ਕਰਨ ਦੇ ਕੇਸ ਦਰਜ ਹਨ ਦਾ ਬਚਾਅ ਕਰਨਾ ਪੈ ਰਿਹਾ ਹੈ।
ਆਪ ਆਗੂ ਨੇ ਮਨਪ੍ਰੀਤ ਨੂੰ ਚੇਤੇ ਕਰਵਾਇਆ ਕਿ ਆਪ ਮੁਖੀ ਕੇਜਰੀਵਾਲ ਅਜਿਹੇ ਇਨਸਾਨ ਹਨ ਜਿੰਨਾਂ ਨੇ ਦੇਸ਼ ਵਿਚ ਰਾਜਨੀਤਿਕ ਕ੍ਰਾਂਤੀ ਲਿਆਉਣ ਲਈ ਇਨਕਮ ਟੈਕਸ ਕਮਿਸ਼ਨਰ ਵਰਗੀ ਪੋਸਟ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਭਾਰਤ ਵਿਚ ਲੋਕਤੰਤਰ ਦੀ ਰੱਖਿਆ ਲਈ ਆਪਣੀ ਜਾਨ ਤੱਕ ਦੀ ਪ੍ਰਵਾਹ ਕੀਤੇ ਬਿਨਾ ਕਾਰਜ ਕਰ ਰਹੇ ਹਨ। ਉਨਾਂ ਕਿਹਾ ਕਿ ਕੇਜਰੀਵਾਲ ਆਪਣੇ ਦਮ ‘ਤੇ ਭਾਰਤ ਦੇ ਭਿ੍ਰਸ਼ਟ ਰਾਜਤੰਤਰ ਜਿਸਦਾ ਅਮਰਿੰਦਰ ਸਿੰਘ ਵੀ ਇੱਕ ਹਿੱਸਾ ਹੈ ਦੇ ਖਿਲਾਫ ਲੜਾਈ ਲੜ ਰਿਹਾ ਹੈ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਸੰਪੂਰਨ ਤੌਰ ਤੇ ਅਕਾਲੀ-ਭਾਜਪਾ ਗਠਜੋੜ ਨਾਲ ਮਿਲੀਭੁਗਤ ਦੀ ਰਾਜਨੀਤੀ ਕਰ ਰਿਹਾ ਹੈ ਅਤੇ ਕੇਜਰੀਵਾਲ ਦੀ ਲੋਕਾਂ ਵਿਚ ਲੋਕ ਪਿ੍ਰਯਤਾ ਹੀ ਉਸ ਲਈ ਸਭ ਤੋਂ ਵੱਡਾ ਸਰਟੀਫਿਕੇਟ ਹੈ।
ਕੈਪਟਨ ਅਮਰਿੰਦਰ ਸਿੰਘ ਦੁਆਰਾ ਐਸਵਾਈਐਲ ਨਹਿਰ ਦੇ ਮੁੱਦੇ ‘ਤੇ ਲਏ ਸਟੈਂਡ ਬਾਰੇ ਮਨਪ੍ਰੀਤ ਬਾਦਲ ਦੇ ਬਿਆਨ ਉਤੇ ਅਪਣੀ ਪ੍ਰਤੀਿਆ ਜਾਹਿਰ ਕਰਦਿਆਂ ਵੜੈਚ ਨੇ ਕਿਹਾ ਕਿ 1982 ਵਿਚ ਕਪੂਰੀ ਪਿੰਡ ਵਿਚ ਨਹਿਰ ਦੀ ਖੁਦਾਈ ਸਮੇਂ ਕੈਪਟਨ ਅਮਰਿੰਦਰ ਸਿੰਘ ਖੁਦ ਉਥੇ ਮੌਜੂਦ ਸਨ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨਾਂ ਨੇ ਹੀ ਚਾਂਦੀ ਦੀ ਕਹੀ ਨਾਲ ਟੱਕ ਲਗਾਉਣ ਲਈ ਬੁਲਾਇਆ ਸੀ।
ਮਨਪ੍ਰੀਤ ਬਾਦਲ ਦੁਆਰਾ ਅਮਰਿੰਦਰ ਸਿੰਘ ਦੇ ਲੋਕਾਂ ਲਈ ਹਮੇਸ਼ਾ ਮੌਜੂਦ ਰਹਿਣ ਉਤੇ ਪ੍ਰਤੀਿਆ ਜਾਹਿਰ ਕਰਦਿਆਂ ਵੜੈਚ ਨੇ ਕਿਹਾ ਕਿ ਕੈਪਟਨ ਦੇ 5 ਸਾਲ ਮੁੱਖ ਮੰਤਰੀ ਰਹਿੰਦਿਆਂ ਉਹ ਹਮੇਸ਼ਾ ਆਪਣੇ ਅਮੀਰ ਆਗੂਆਂ ਦੀ ਟੋਲੀ ਵਿਚ ਘਿਰੇ ਰਹਿਣ ਲਈ ਬਦਨਾਮ ਸਨ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਹਮੇਸ਼ਾ ਤੋਂ ਰਾਜਸ਼ਾਹੀ ਜੀਵਨ ਜਿਉਦੇ ਰਹੇ ਹਨ ਅਤੇ ਆਮ ਲੋਕਾਂ ਨੂੰ ਤਾਂ ਕੀ ਉਹ ਕਾਂਗਰਸ ਦੇ ਆਗੂਆਂ ਅਤੇ ਆਪਣੇ ਐਮ.ਐਲ.ਏ ਨੂੰ ਵੀ ਮਿਲਣ ਤੋਂ ਵੀ ਗੁਰਜੇ ਕਰਦੇ ਸਨ। ਉਨਾਂ ਕਿਹਾ ਕਿ 2002 ਵਿਚ ਕੈਪਟਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 2003 ਵਿਚ ਸਾਬਕਾ ਕਾਂਗਰਸੀ ਮੁੱਖੀ ਹਰਜਿੰਦਰ ਕੌਰ ਭੱਠਲ ਅਤੇ ਅਨੇਕਾਂ ਕਾਂਗਰਸੀ ਆਗੂਆਂ ਨੇ ਅਮਰਿੰਦਰ ਸਿੰਘ ਦੇ ਗੈਰ ਹਾਜਰ ਰਹਿਣ ਕਾਰਨ ਉਸਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ।
ਵੈੜਚ ਨੇ ਕਿਹਾ ਕਿ ਮਨਪ੍ਰੀਤ ਬਾਦਲ ਦਾ ਖੁਦ ਦਾ ਕਿਰਦਾਰ ਵੀ ਕੋਈ ਬਹੁਤਾ ਸਾਫ ਨਹੀਂ ਹੈ। ਉਹ ਆਪਣੀ ਪਾਰਟੀ ਵਿਚ ਰਹਿੰਦਿਆਂ ਕਾਂਗਰਸ ਦੀ ਕੇਂਦਰ ਸਰਕਾਰ ਨਾਲ ਸਾਂਝ ਪਾ ਕੇ ਆਪਣੀ ਹੀ ਪਾਰਟੀ ਦੇ ਖਿਲਾਫ ਕਾਰਜ ਕਰਦੇ ਰਹੇ ਹਨ। ਉਨਾਂ ਕਿਹਾ ਕਿ ਅਜਿਹੇ ਨੇਤਾਵਾਂ ਦਾ ਅਕਸ ਰਾਤੋ ਰਾਤ ਠੀਕ ਨਹੀਂ ਹੁੰਦਾ ਅਤੇ ਉਨਾਂ ਦੁਆਰਾ ਕੀਤੇ ਕਾਰਨਾਮਿਆਂ ਨੂੰ ਲੋਕਾਂ ਦੇ ਮਨਾਂ ਵਿਚੋਂ ਭੁਲਾਉਣ ਲਈ ਫੋਕੀ ਬਿਆਨਬਾਜੀ ਕਿਸੇ ਕੰਮ ਨਹੀਂ ਆਵੇਗੀ।