ਚੰਡੀਗੜ੍ਹ, 28 ਦਸੰਬਰ, 2016 : ਪੰਜਾਬ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ 29 ਤੇ 30 ਦਸੰਬਰ ਨੂੰ ਐਲਾਨ ਹੋਣ ਮਗਰੋਂ ਚੋਣ ਜ਼ਾਬਤਾ ਲਾਗੂ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੀ ਆਪਣੇ ਸਾਰੇ ਅਟਕੇ ਕੰਮ ਦਿਨ-ਰਾਤ ਲਾ ਕੇ ਤੇਜ਼ੀ ਨਾਲ ਨਿਪਟਾ ਰਹੀ ਹੈ। ਜ਼ਿਕਰਯੋਗ ਹੈ ਕਿ ਮੁੱਖ ਚੋਣ ਕਮਿਸ਼ਨ ਵਲੋਂ ਪੰਜਾਬ ਸਮੇਤ 5 ਰਾਜਾਂ ਦੀਆਂ ਚੋਣਾਂ ਦੀਆਂ ਤਰੀਕਾਂ ਦੇ ਫੈਸਲੇ ਲਈ 28 ਦਸੰਬਰ ਨੂੰ ਨਵੀਂ ਦਿੱਲੀ 'ਚ ਫੁਲ ਬੈਂਚ ਦੀ ਬੈਠਕ ਬੁਲਾਈ ਹੈ। ਇਸ ਦਿਨ ਫੈਸਲਾ ਲੈਣ ਦੇ ਬਾਅਦ 28 ਜਾਂ 29 ਦਸੰਬਰ ਨੂੰ ਚੋਣ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਤਰੀਕ ਐਲਾਨ ਹੁੰਦੇ ਹੀ ਤੁਰੰਤ ਕੋਡ ਆਫ ਕੰਡਕਟ ਲਾਗੂ ਹੋ ਜਾਵੇਗਾ, ਜਿਸ ਦੇ ਬਾਅਦ ਰਾਜ ਸਰਕਾਰ ਦਾ ਸਾਰਾ ਪ੍ਰਸ਼ਾਸਕੀ ਕੰਮ ਕਮਿਸ਼ਨ ਅਧੀਨ ਆ ਜਾਵੇਗਾ। ਪੰਜਾਬ 'ਚ ਚੋਣਾਂ 15 ਤੋਂ 20 ਫਰਵਰੀ ਵਿਚਕਾਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਨਿਯਮਾਂ ਮੁਤਾਬਿਕ ਚੋਣ ਪ੍ਰੋਗਰਾਮ ਐਲਾਨੇ ਜਾਣ ਅਤੇ ਚੋਣਾਂ ਦੀ ਤਰੀਕ ਵਿਚਕਾਰ 45 ਦਿਨ ਦਾ ਅੰਤਰ ਹੋਣਾ ਜ਼ਰੂਰੀ ਹੈ। ਚੋਣ ਕੋਡ ਲਾਗੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਵੀ ਸਾਰੇ ਪ੍ਰੋਜੈਕਟਾਂ ਦਾ ਕੰਮ ਤੇਜ਼ੀ ਨਾਲ ਨਿਪਟਾਉਣ ਦੇ ਇਲਾਵਾ ਬੋਰਡਾਂ, ਨਿਗਮਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਤੇ ਹੋਰਨਾਂ ਮੈਂਬਰਾਂ ਦੀ ਵੀ ਤੇਜ਼ੀ ਨਾਲ ਨਿਯੁਕਤੀਆਂ ਕਰ ਰਹੀ ਹੈ। ਵੋਟਰਾਂ ਨੂੰ ਲੁਭਾਉਣ ਵਾਲੇ ਫੈਸਲੇ ਵੀ ਅੰਤਿਮ ਦਿਨਾਂ 'ਚ ਕੀਤੇ ਜਾ ਰਹੇ ਹਨ। ਇਥੇ ਤਕ ਕਿ ਜਲਦਬਾਜ਼ੀ 'ਚ ਮੁੱਖ ਮੰਤਰੀ ਤੇ ਮੰਤਰੀਆਂ ਨੇ ਚੋਣਾਂ 'ਚ ਲਾਭ ਲੈਣ ਲਈ ਕਈ ਅਧੂਰੇ ਪ੍ਰੋਜੈਕਟਾਂ ਤੇ ਇਮਾਰਤਾਂ ਦੇ ਉਦਘਾਟਨ ਵੀ ਕਰ ਦਿੱਤੇ ਹਨ। ਇਸ ਸਮੇਂ ਸਾਰੇ ਉਚ ਅਧਿਕਾਰੀਆਂ ਦੀਆਂ ਨਜ਼ਰਾਂ ਕਮਿਸ਼ਨ ਵਲ ਹੀ ਲੱਗੀਆਂ ਹੋਈਆਂ ਹਨ ਕਿਉਂਕਿ ਉਨ੍ਹਾਂ 'ਤੇ ਵੀ ਕੰਮ ਪੂਰੇ ਕਰਵਾਉਣ ਲਈ ਸਰਕਾਰ ਦਾ ਭਾਰੀ ਦਬਾਅ ਬਣਿਆ ਹੋਇਆ ਹੈ।