ਨਵੀਂ ਦਿੱਲੀ, 28 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਤੇ ਅਰਵਿੰਦ ਕੇਜਰੀਵਾਲ ਉਪਰ ਆਉਂਦੀਆਂ ਸੂਬਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਦਰਖਾਤੇ ਮਿਲੀਭੁਗਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਲੰਬੀ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਆਮ ਆਦਮੀ ਪਾਰਟੀ ਵੱਲੌਂ ਜਰਨੈਲ ਸਿੰਘ ਦੀ ਨਾਮਜ਼ਦਗੀ ਬਾਦਲ ਦੀ ਜਿੱਤ ਪੁਖਤਾ ਕਰਨ ਲਈ ਇਕ ਚਾਲ ਦਾ ਰੂਪ ਪ੍ਰਤੀਤ ਹੁੰਦੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਜਰਨੈਲ ਸਿੰਘ ਦੀ ਕੋਈ ਪਛਾਣ ਨਹੀਂ ਹੈ ਤੇ ਉਸਦਾ ਪੰਜਾਬ 'ਚ ਕੋਈ ਅਧਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਬਾਦਲਾਂ ਦੀ ਕੇਜਰੀਵਾਲ ਨਾਲ ਅੰਦਰਖਾਤੇ ਮਿਲੀਭੁਗਤ ਹੋ ਚੁੱਕੀ ਹੈ, ਤਾਂ ਜੋ ਆਉਂਦੀਆਂ ਚੋਣਾਂ 'ਚ ਸੀਨੀਅਰ ਬਾਦਲ ਨੂੰ ਨਿਸ਼ਚਿਤ ਹਾਰ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਨੇ ਕਿਹਾ ਹੈ ਕਿ ਇਹ ਸਪੱਸ਼ਟ ਤੌਰ 'ਤੇ ਸ੍ਰੋਮਣੀ ਅਕਾਲੀ ਦਲ ਤੇ ਆਪ ਵਿਚਾਲੇ ਮਿਲੀਭੁਗਤ ਹੋਣ ਦਾ ਇਕ ਮਾਮਲਾ ਹੈ, ਜਿਹੜੇ ਜਰਨੈਲ ਸਿੰਘ ਪੂਰੀ ਤਰ੍ਹਾਂ ਨਾਲ ਪ੍ਰਭਾਵਹੀਣ ਹਨ ਤੇ ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਹਾਈ ਪ੍ਰੋਫਾਈਲ ਲੰਬੀ ਵਿਧਾਨ ਸਭਾ ਹਲਕੇ ਤੋਂ ਬਾਦਲ ਖਿਲਾਫ ਖੜ੍ਹਾ ਕੀਤਾ ਗਿਆ ਹੈ, ਤਾਂ ਜੋ ਮੁੱਖ ਮੰਤਰੀ ਲਈ ਇਹ ਇਕ ਸੁਰੱਖਿਅਤ ਸੀਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।
ਉਨ੍ਹਾਂ ਨੇ ਕਿਹਾ ਹੈ ਕਿ ਦੋਵੇਂ ਸ੍ਰੋਅਦ ਤੇ ਆਪ ਵਿਧਾਨ ਸਭਾ ਚੋਣਾਂ 'ਚ ਆਪਣੀ ਹਾਰ ਹੁੰਦੀ ਦੇਖ ਕੇ ਨਿਰਾਸ਼ ਹੋ ਚੁੱਕੇ ਹਨ ਤੇ ਇਸ ਦਿਸ਼ਾ 'ਚ, ਸਪੱਸ਼ਟ ਤੌਰ 'ਤੇ ਕਾਂਗਰਸ ਨੂੰ ਸੱਤਾ 'ਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਹੇਠ ਇਨ੍ਹਾਂ ਨੇ ਇਕ ਦੂਜੇ ਦੀ ਸਹਾਇਤਾ ਕਰਨ ਵਾਸਤੇ ਸਮਝੌਤਾ ਕਰ ਲਿਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਵੇਗੀ, ਜੇ ਦੋਨਾਂ 'ਚ ਪੈਸਿਆਂ ਨੂੰ ਲੈ ਕੇ ਸਮਝੌਤਾ ਹੋਇਆ ਹੈ ਅਤੇ ਖਾਸ ਕਰਕੇ ਪਾਰਟੀ ਦੇ ਪੁਰਾਣੇ ਇਤਿਹਾਸ ਦੇ ਮੱਦੇਨਜ਼ਰ, ਆਪ ਨਗਦੀ ਜਾਂ ਹੋਰ ਫਾਇਦਿਆਂ ਬਦਲੇ ਬਾਦਲਾਂ ਸਮਰਥਨ ਕਰਨ ਲਈ ਮੰਨ ਗਈ ਹੈ। ਇਸ ਦਿਸ਼ਾ 'ਚ ਉਨ੍ਹਾਂ ਨੇ ਆਪ ਅਗਵਾਈ ਖਿਲਾਫ ਵੱਡੇ ਪੱਧਰ 'ਤੇ ਲੱਗੇ ਭ੍ਰਿਸ਼ਟਾਚਾਰ ਤੇ ਟਿਕਟਾਂ ਦੀ ਵਿਕ੍ਰੀ ਦੇ ਦੇਸ਼ਾਂ ਦਾ ਜ਼ਿਕਰ ਕਰਦਿਆਂ, ਕਿਹਾ ਹੈ ਕਿ ਇਹ ਇਸ ਤੱਥ 'ਤੇ ਵਿਸ਼ਵਾਸ ਕਰਨ ਲਈ ਕਾਫੀ ਹੈ ਕਿ ਪਾਰਟੀ ਦੇ ਆਗੂ ਆਪਣੇ ਵਿਸ਼ੇਸ਼ ਹਿੱਤਾਂ ਦੀ ਪੂਰਤੀ ਖਾਤਿਰ ਆਪਣੀਆਂ ਆਤਮਾਵਾਂ ਨੂੰ ਵੀ ਵੇਚਣ ਲਈ ਤਿਆਰ ਹੋਣਗੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਬੀਤੇ ਕੁਝ ਹਫਤਿਆਂ 'ਚ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਨੇ ਇਹ ਪੂਰੀ ਤਰ੍ਹਾਂ ਨਾਲ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਦਿਲ ਅੰਦਰ ਪੰਜਾਬ ਜਾਂ ਇਸਦੇ ਲੋਕਾਂ ਪ੍ਰਤੀ ਕੋਈ ਲਗਾਅ ਨਹੀਂ ਹੈ, ਸਗੋਂ ਉਹ ਸਿਰਫ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਨੂੰ ਲੈ ਕੇ ਚਿੰਤਤ ਹਨ। ਅਜਿਹੇ 'ਚ ਇਨ੍ਹਾਂ ਦਾ, ਇਕ ਛੋਟੇ-ਮੋਟੇ ਪੱਤਰਕਾਰ ਰਹੇ ਤੇ ਸਿਰਫ ਹਾਲੇ 'ਚ ਪੰਜਾਬ 'ਚ ਆਪ ਦੇ ਕੋ-ਇੰਚਾਰਜ਼ ਤੇ ਬੁਲਾਰੇ ਬਣਾਏ ਗਏ ਜਰਨੈਲ ਨੂੰ ਬਾਦਲ ਖਿਲਾਫ ਚੋਣ ਲੜਾਉਣ ਦੇ ਫੈਸਲੇ ਨੇ ਇਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਨੂੰ ਨਾ ਪੰਜਾਬ ਤੇ ਨਾ ਹੀ ਇਸਦੇ ਲੋਕਾਂ ਦੀ ਚਿੰਤਾ ਹੈ।
ਕੈਪਟਨ ਅਮਰਿੰਦਰ ਨੇ ਆਪ ਨੂੰ ਲਾਲਚੀ ਤੇ ਭ੍ਰਿਸ਼ਟ ਲੋਕਾਂ ਦਾ ਇਕ ਸਮੂਹ ਕਰਾਰ ਦਿੰਦਿਆਂ ਕਿਹਾ ਹੈ ਕਿ ਕੇਜਰੀਵਾਲ ਦਾ ਐਸ.ਵਾਈ.ਐਲ ਉਪਰ ਸੂਬੇ ਦੇ ਹਿੱਤ 'ਚ ਪੱਖ ਲੈਣ ਤੋਂ ਇਨਕਾਰ, ਉਨ੍ਹਾਂ ਅੰਦਰ ਪੰਜਾਬ ਤੇ ਇਸਦੇ ਲੋਕਾਂ ਦੇ ਹੱਕਾਂ ਪ੍ਰਤੀ ਚਿੰਤਾ ਦੀ ਗੈਰ ਮੌਜ਼ੂਦਗੀ ਦਾ ਸਾਫ ਸਬੂਤ ਹੈ।