ਬਰਨਾਲਾ, 12 ਨਵੰਬਰ, 2016 : ਡਾ.ਬੀ.ਆਰ.ਅੰਬਦੇਕਰ ਛੇਵਾਂ ਵਿਸ਼ਵ ਕੱਪ ਕਬੱਡੀ-2016 ਦੇ ਨੌਵੇਂ ਦਿਨ ਦੇ ਮੈਚ ਅੱਜ ਬਰਨਾਲਾ ਦੇ ਨਵੇਂ ਬਣੇ ਬਾਬਾ ਕਾਲਾ ਮਹਿਰ ਮਲਟੀਪਰਪਜ਼ ਸਟੇਡੀਅਮ ਵਿਖੇ ਹੋਏ ਜਿੱਥੇ ਕੁੱਲ ਪੰਜ ਮੈਚ ਖੇਡੇ ਗਏ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਵਿਸ਼ਵ ਕੱਪ ਦੇ ਮੈਚਾਂ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਨਵੇਂ ਬਣੇ ਸਟੇਡੀਅਮ ਦਾ ਉਦਘਾਟਨ ਕੀਤਾ। ਸਟੇਡੀਅਮ ਦੇ ਉਦਘਾਟਨ ਤੋਂ ਬਾਅਦ ਸ. ਮਲੂਕਾ ਨੇ ਪਹਿਲੇ ਮੈਚ ਦੀਆਂ ਟੀਮਾਂ ਭਾਰਤ ਤੇ ਕੈਨੇਡਾ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਗੁਬਾਰੇ ਛੱਡ ਕੇ ਮੈਚਾਂ ਦੀ ਵੀ ਸ਼ੁਰੂਆਤ ਕੀਤੀ। ਅੱਜ ਦੇ ਪਹਿਲੇ ਮੈਚ ਦਾ ਟਾਸ ਵਿਸ਼ੇਸ਼ ਤੌਰ 'ਤੇ ਬਰਨਾਲਾ ਆਏ ਹਾਕੀ ਓਲੰਪੀਅਨ ਦੀਪਕ ਠਾਕੁਰ ਨੇ ਕਰਵਾਇਆ।
ਅੱਜ ਖੇਡੇ ਗਏ ਮੈਚਾਂ ਵਿੱਚ ਪੁਰਸ਼ ਵਰਗ ਦੇ ਪੂਲ ਏ ਵਿੱਚ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਨੇ ਲਗਾਤਾਰ ਚੌਥੀ ਜਿੱਤ ਨਾਲ ਇਸ ਪੂਲ ਵਿੱਚੋਂ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। ਭਾਰਤ ਨੇ ਕੈਨੇਡਾ ਨੂੰ 54-35 ਅਤੇ ਇੰਗਲੈਂਡ ਨੇ ਸ੍ਰੀਲੰਕਾ ਨੂੰ 62-21 ਨਾਲ ਹਰਾਇਆ। ਦੋਵੇਂ ਟੀਮਾਂ ਵਿਚਾਲੇ ਖੇਡੇ ਜਾਣ ਵਾਲੇ ਆਖਰੀ ਮੈਚ ਉਪਰੰਤ ਇਸ ਪੂਲ ਦੀ ਸਿਖਰਲੀ ਟੀਮ ਦਾ ਫੈਸਲਾ ਹੋਵੇਗਾ। ਪੂਲ ਏ ਦੇ ਇਕ ਹੋਰ ਮੈਚ ਵਿੱਚ ਸੀਆਰਾ ਲਿਓਨ ਨੇ ਸਵੀਡਨ ਨੂੰ 43-35 ਨਾਲ ਹਰਾ ਕੇ ਲੀਗ ਦੀ ਦੂਜੀ ਜਿੱਤ ਹਾਸਲ ਕੀਤੀ। ਪੁਰਸ਼ ਦੇ ਪੂਲ ਬੀ ਦੇ ਇਕਲੌਤੇ ਮੈਚ ਵਿੱਚ ਕੀਨੀਆ ਨੇ ਤਨਜ਼ਾਨੀਆ ਨੂੰ 62-26 ਨਾਲ ਹਰਾ ਕੇ ਲੀਗ ਵਿੱਚ ਪਲੇਠੀ ਜਿੱਤ ਦਾ ਸਵਾਦ ਚਖਿਆ। ਮਹਿਲਾ ਵਰਗ ਦੇ ਰੌਚਕ ਮੈਚ ਵਿੱਚ ਕੀਨੀਆ ਨੇ ਸ੍ਰੀਲੰਕਾ ਨੂੰ ਫਸਵੇਂ ਮੁਕਾਬਲੇ ਵਿੱਚ 37-24 ਨਾਲ ਹਰਾਇਆ।
ਅੱਜ ਦੇ ਮੈਚਾਂ ਦੌਰਾਨ ਵਿਧਾਇਕ ਸੰਤ ਬਲਬੀਰ ਸਿੰਘ ਘੁੰਨਸ, ਸਾਬਕਾ ਵਿਧਾਇਕ ਸ. ਅਜੀਤ ਸਿੰਘ ਸ਼ਾਂਤ, ਸ. ਦਰਬਾਰਾ ਸਿੰਘ ਗੁਰੂ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਰੁਪਿੰਦਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰ ਸਿੰਘ ਰਾਏ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਪਾਲ ਕੌਰ, ਐਸ.ਐਸ.ਪੀ. ਸ੍ਰੀ ਗੁਰਪ੍ਰੀਤ ਸਿੰਘ ਤੂਰ, ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸੰਜੀਵ ਸ਼ੋਰੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਪਰਮਜੀਤ ਸਿੰਘ ਖਾਲਸਾ ਤੇ ਸ. ਦਲਬਾਰ ਸਿੰਘ ਛੀਨੀਵਾਲ, ਭਾਜਪਾ ਦੇ ਜ਼ਿਲਾ ਪ੍ਰਧਾਨ ਸ. ਗੁਰਮੀਤ ਸਿੰਘ, ਜ਼ਿਲਾ ਕੋਆਰਡੀਨੇਟਰ ਸ. ਗੁਰਮੀਤ ਸਿੰਘ ਬਣਾਵਾਲੀ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ. ਤਜਿੰਦਰ ਸਿੰਘ ਮਿੱਡੂਖੇੜਾ, ਭਾਜਪਾ ਦੀ ਸੂਬਾ ਮੀਤ ਪ੍ਰਧਾਨ ਅਰਚਨਾ ਦੱਤ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਰੁਪਿੰਦਰ ਰਵੀ, ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ, ਜ਼ਿਲਾ ਖੇਡ ਅਫਸਰ ਸ੍ਰੀ ਰਵਿੰਦਰ ਸਿੰਘ, ਓਲੰਪੀਅਨ ਪਲਵਿੰਦਰ ਸਿੰਘ ਚੀਮਾ ਡੀ.ਐਸ.ਪੀ., ਓਲੰਪੀਅਨ ਗੁਰਵਿੰਦਰ ਸਿੰਘ ਸੰਘਾ ਡੀ.ਐਸ.ਪੀ. ਵੀ ਹਾਜ਼ਰ ਸਨ।
ਪਹਿਲਾ ਮੈਚ
ਭਾਰਤ ਨੇ ਕੈਨੇਡਾ ਨੂੰ 54-35 ਨਾਲ ਹਰਾਇਆ
ਦਿਨ ਦੇ ਪਹਿਲੇ ਮੈਚ ਵਿੱਚ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਭਾਰਤ ਨੇ ਕੈਨੇਡਾ ਨੂੰ 54-35 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਲਗਾਤਾਰ ਚੌਥੀ ਜਿੱਤ ਹਾਸਲ ਕਰਦਿਆਂ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ। ਭਾਰਤ ਦੇ ਰੇਡਰਾਂ ਵਿੱਚੋਂ ਸੁਲਤਾਨ ਨੇ 11, ਰਾਜੂ ਤੇ ਸੁਖਜਿੰਦਰ ਕਾਲਾ ਧਨੌਲਾ ਨੇ 10-10 ਤੇ ਸੰਦੀਪ ਨੇ 7 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਲਵਪ੍ਰੀਤ ਨੇ 4 ਅਤੇ ਰਣਜੋਧ ੇ ਖੁਸ਼ਦੀਪ ਸਿੰਘ ਨੇ 2-2 ਜੱਫੇ ਲਾਏ। ਕੈਨੇਡਾ ਵੱਲੋਂ ਮਨਵੀਰ ਨੇ 11, ਮਨਪ੍ਰੀਤ ਨੇ 8 ਤੇ ਰਣਜੋਧ ਨੇ 7 ਅੰਕ ਬਟੋਰੇ ਅਤੇ ਜਾਫੀ ਬਲਜੀਤ ਸਿੰਘ ਸੈਦੋਕੇ ਨੇ 1 ਜੱਫਾ ਲਾਇਆ।
ਦੂਜਾ ਮੈਚ
ਸੀਆਰਾ ਲਿਓਨ ਨੇ ਸਵੀਡਨ ਨੂੰ 43-35 ਨਾਲ ਹਰਾਇਆ
ਦਰਸ਼ਕਾਂ ਦਾ ਖਿੱਚ ਦਾ ਕੇਂਦਰ ਬਣੀ ਅਫਰੀਕ ਟੀਮ ਸੀਆਰਾ ਲਿਓਨ ਨੇ ਸਵੀਡਨ ਨੂੰ ਫਸਵੇਂ ਮੁਕਾਬਲੇ ਵਿੱਚ 43-35 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਪਲੇਠੀ ਜਿੱਤ ਹਾਸਲ ਕੀਤੀ। ਸੀਆਰਾ ਲਿਓਨ ਵੱਲੋਂ ਰੇਡਰ ਜੈਸਿਸ ਨੇ 9 ਤੇ ਸੈਮੂਅਲ ਨੇ 8 ਅੰਕ ਲਏ ਜਦੋਂ ਕਿ ਜਾਫੀ ਮੁਹੰਮਦ ਨੇ 6 ਤੇ ਫੈਲਿਸ ਨੇ 5 ਜੱਫੇ ਲਾਏ। ਸਵੀਡਨ ਵੱਲੋਂ ਰੇਡਰ ਖੁਸ਼ਵਿੰਦਰ ਸਿੰਘ ਨੇ 10 ਤੇ ਰਾਜ ਕੁਮਾਰ ਨੇ 5 ਅੰਕ ਲਏ ਜਦੋਂ ਕਿ ਜਾਫੀ ਹਰਵਿੰਦਰ ਨੇ 7 ਤੇ ਜਪ ਸਿੰਘ ਨੇ 4 ਜੱਫੇ ਲਾਏ।
ਤੀਜਾ ਮੈਚ
ਇੰਗਲੈਂਡ ਨੇ ਸ੍ਰੀਲੰਕਾ ਨੂੰ 62-21 ਨਾਲ ਹਰਾਇਆ
ਪੁਰਸ਼ ਵਰਗ ਦੇ ਪੂਲ ਏ ਵਿੱਚੋਂ ਸੈਮੀ ਫਾਈਨਲ ਵਿੱਚੋਂ ਦਾਖਲਾ ਪਾਉਣ ਵਾਲੀ ਇੰਗਲੈਂਡ ਦੂਜੀ ਟੀਮ ਬਣੀ ਜਿਸ ਨੇ ਸ੍ਰੀਲੰਕਾ ਨੂੰ ਇਕਪਾਸੜ ਮੁਕਾਬਲੇ ਵਿੱਚ 62-21 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ। ਇੰਗਲੈਂਡ ਦੇ ਰੇਡਰ ਗੁਰਦੀਪ ਗੋਪੀ ਤੇ ਗੁਰਦਿੱਤ ਨੇ 9-9 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਅਮਨਦੀਪ ਰਿਆੜ ਨੇ 7 ਤੇ ਕਮਲਦੀਪ ਸਿੰਘ ਨੇ 6 ਜੱਫੇ ਲਾਏ। ਸ੍ਰੀਲੰਕਾ ਵਿੱਚੋਂ ਰੇਡਰ ਇਮ ਨਿਸਿਮ ਤੇ ਪ੍ਰਸੰਨਾ ਨੇ 3-3 ਅੰਕ ਲਏ।
ਚੌਥਾ ਮੈਚ
ਮਹਿਲਾ ਵਰਗ; ਕੀਨੀਆ ਨੇ ਸ੍ਰੀਲੰਕਾ ਨੂੰ 37-24 ਨਾਲ ਹਰਾਇਆ
ਵਿਸ਼ਵ ਕੱਪ ਦੇ ਮਹਿਲਾ ਵਰਗ ਦੇ ਅੱਜ ਇਕਲੌਤੇ ਅਤੇ ਦਿਨ ਦੇ ਚੌਥੇ ਮੈਚ ਵਿੱਚ ਕੀਨੀਆ ਤੇ ਸ੍ਰੀਲੰਕਾ ਵਿਚਾਲੇ ਜਬਰਦਸਤ ਟੱਕਰ ਦੇਖਣ ਨੂੰ ਮਿਲੀ। ਸ਼ੁਰੂਆਤ ਵਿੱਚ ਭਾਵੇਂ ਸ੍ਰੀਲੰਕਾ ਨੂੰ ਲੀਡ ਮਿਲ ਗਈ ਸੀ ਪਰ ਕੀਨੀਆ ਨੇ ਵਾਪਸੀ ਕਰਦਿਆਂ ਮੈਚ ਵਿੱਚ ਪਕੜ ਬਣਾ ਲਈ ਅਤੇ ਅੰਤ 37-24 ਨਾਲ ਜਿੱਤ ਹਾਸਲ ਕੀਤੀ। ਕੀਨੀਆ ਵੱਲੋਂ ਸੋਫੀਆ ਨੇ 14 ਤੇ ਲਿਲੀਅਨ ਨੇ 7 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਨਦੁੰਗ ਨੇ 7 ਦੇ ਮਿਕੀ ਨੇ 4 ਜੱਫੇ ਲਾਏ। ਸ੍ਰੀਲੰਕਾ ਵੱਲੋਂ ਰੇਡਰ ਦਮਿੰਅਤੀ ਨੇ 8 ਤੇ ਪੀ. ਕੁਮਾਰੀ ਨੇ 2 ਅੰਕ ਲਏ ਅਤੇ ਜਾਫ ਲਾਈਨ ਵਿੱਚੋਂ ਐਮ.ਐਮ.ਡੀ. ਨੇ 3 ਜੱਫੇ ਲਾਏ।
ਪੰਜਵਾਂ ਮੈਚ
ਕੀਨੀਆ ਨੇ ਤਨਜ਼ਾਨੀਆ ਨੂੰ 62-26 ਨਾਲ ਹਰਾਇਆ
ਦਿਨ ਦਾ ਆਖਰੀ ਤੇ ਪੰਜਵਾਂ ਮੈਚ ਪੁਰਸ਼ਾਂ ਦੇ ਪੂਲ ਬੀ ਦੀਆਂ ਟੀਮਾਂ ਕੀਨੀਆ ਤੇ ਤਨਜ਼ਾਨੀਆ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਕੀਨੀਆ ਨੇ ਤਨਜ਼ਾਨੀਆ ਨੂੰ 62-26 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ। ਕੀਨੀਆ ਵੱਲੋਂ ਰੇਡਰ ਮੈਸਸ ਰੈਂਬੋ ਨੇ 16 ਤੇ ਹੈਲਿਸ ਨੇ 10 ਅੰਕ ਲਏ ਜਦੋਂ ਕਿ ਜਾਫੀ ਰੌਬਿਨ ਨੇ 9 ਤੇ ਕੈਵਿਨ ਨੇ 5 ਜੱਫੇ ਲਾਏ। ਤਨਜ਼ਾਨੀਆ ਵੱਲੋਂ ਰੇਡਰ ਗੈਸਪਰ ਨੇ 7 ਤੇ ਬੈਂਜਾਮਿਨ ਨੇ 5 ਅੰਕ ਬਟੋਰੇ ਅਤੇ ਜਾਫੀ ਮੂਸਾ ਨੇ 5 ਜੱਫੇ ਲਾਏ।