ਚੰਡੀਗੜ੍ਹ, 20 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫੌਜ਼ ਦੀਆਂ ਰੋਜ਼ਾਨਾ ਦੀਆਂ ਕਾਰਵਾਈਆਂ ਨੂੰ ਸਰਜੀਕਲ ਸਟ੍ਰਾਈਕਾਂ ਦਾ ਨਾਂਮ ਦੇ ਕੇ ਲਗਾਤਾਰ ਸਰਹੱਦ ਦੇ ਮੁੱਦੇ 'ਤੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਨਿੰਦਾ ਕੀਤੀ ਹੈ, ਜਿਹੜੇ ਕਾਂਗਰਸ ਦੇ ਆਗੂਆਂ ਰਾਹੁਲ ਗਾਂਧੀ ਤੇ ਡਾ. ਮਨਮੋਹਨ ਸਿੰਘ ਉਪਰ ਘਟੀਆ ਤੇ ਨਿੰਦਣਯੋਗ ਦੋਸ਼ ਲਗਾ ਰਹੇ ਹਨ।
ਕੈਪਟਨ ਅਮਰਿੰਦਰ ਨੇ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁੱਧ ਅਮਿਤ ਸ਼ਾਹ ਦੀਆਂ ਨੀਚ ਟਿੱਪਣੀਆਂ ਲਈ ਉਨ੍ਹਾਂ 'ਤੇ ਜ਼ੋਰਦਾਰ ਹਮਲਾ ਬੋਲਦਿਆਂ ਕਿਹਾ ਕਿ ਇਹ ਨਿੰਦਣਯੋਗ ਹਰਕਤਾਂ ਪੰਜਾਬ 'ਚ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਨਿਰਾਸ਼ਾ ਨੂੰ ਪੇਸ਼ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂ ਨੇ ਆਪਣੀ ਨਿਰਾਸ਼ਾਪੂਰਨ ਕੋਸ਼ਿਸ਼ਾਂ 'ਚ ਪੰਜਾਬ ਦੇ ਵੋਟਰਾਂ ਨੂੰ ਭਰਮਾਉਣ ਖਾਤਿਰ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਕੈਪਟਲ ਅਮਰਿੰਦਰ ਨੇ ਕੈਪਟਨ ਸਮਾਰਟ ਕੁਨੈਕਟ ਦੀ ਸ਼ੁਰੂਆਤ ਮੌਕੇ ਇਥੇ ਅਯੋਜਿਤ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਵਾਲ ਕੀਤਾ ਕਿ ਉਹ ਕਿਸ ਤਰ੍ਹਾਂ ਡਾ. ਮਨਮੋਹਨ ਸਿੰਘ ਵਰਗੇ ਪ੍ਰਮੁੱਖ ਅਰਥ ਸ਼ਾਸਤਰੀ ਨੂੰ ਪੰਜਾਬ 'ਚ ਅਪਮਾਨਿਤ ਕਰ ਸਕਦੇ ਹਨ, ਜਦਕਿ ਉਹ ਸਾਰੇ ਦੇਸ਼ ਦੀ ਤਰ੍ਹਾਂ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਭਾਜਪਾ ਸਰਕਾਰ ਦੀ ਨੋਟਬੰਦੀ ਸਕੀਮ ਦੇ ਬੁਰੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ?
ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੀ ਪੂਰੀ ਪ੍ਰੀਕ੍ਰਿਆ ਨੇ ਲੋਕਾਂ ਨੂੰ ਬਹੁਤ ਬੁਰੇ ਹਾਲਾਤਾਂ 'ਚ ਧਕੇਲ ਦਿੱਤਾ, ਜਿਹੜੀ ਸਕੀਮ ਸਿਰਫ ਇਕ ਧੋਖਾ ਹੈ, ਕਿਉਂਕਿ ਲੋਕਾਂ ਦਾ 86 ਪ੍ਰਤੀਸ਼ਤ ਧੰਨ ਬਜ਼ਾਰ 'ਚੋਂ ਬਾਹਰ ਕੱਢ ਲਿਆ ਗਿਆ ਹੈ। ਸਹਿਕਾਰੀ ਬੈਂਕਾਂ 'ਤੇ ਪੁਰਾਣੇ ਨੋਟਾਂ ਸਬੰਧੀ ਲਗਾਈ ਪਾਬੰਦੀਆਂ ਕਾਰਨ ਗਰੀਬ ਕਿਸਾਨਾਂ ਨੂੰ ਵੱਡਾ ਧੱਕਾ ਪਹੁੰਚਿਆ ਹੈ।
ਆਪ ਆਗੂ ਅਰਵਿੰਦ ਕੇਜਰੀਵਾਲ ਦੀ ਉਨ੍ਹਾਂ (ਅਮਰਿੰਦਰ) ਤੇ ਉਨ੍ਹਾਂ ਦੇ ਪਰਿਵਾਰ ਦੇ ਵਿਦੇਸ਼ੀ ਬੈਂਕ ਖਾਤਿਆਂ ਸਬੰਧੀ ਦਸਤਾਵੇਜ ਰਿਲੀਜ ਕਰਨ ਸਬੰਧੀ ਧਮਕੀ ਬਾਰੇ ਇਕ ਸਵਾਲ ਦੇ ਜਵਾਬ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ ਅਜਿਹੇ ਕਾਗਜਾਤਾਂ ਨਾਲ ਬਾਹਰ ਆਉਣ ਦੀ ਚੁਣੌਤੀ ਦਿੱਤੀ। ਉਨ੍ਹਾਂ ਨੇ ਇਸ ਧਮਕੀ ਨੂੰ ਆਪ ਦੇ ਕੌਮੀ ਕਨਵੀਨਰ ਦੀ ਇਕ ਹੋਰ ਨੋਟੰਕੀ ਕਰਾਰ ਦਿੱਤਾ।
ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਚੰਡੀਗੜ੍ਹ 'ਚ ਸ਼ਬਦਾਂ ਦੇ ਅਡੰਬਰਾਂ ਨਾਲ ਭਰਪੂਰ ਰੈਲੀ 'ਤੇ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਉਨ੍ਹਾਂ ਉਪਰ ਭਾਰਤੀ ਫੌਜ਼ ਦੀ 29 ਸਤੰਬਰ ਨੂੰ ਪਾਕਿਸਤਾਨ ਵਿਰੁੱਧ ਪਾਕਿ ਕਬਜੇ ਵਾਲੇ ਕਸ਼ਮੀਰ 'ਚ ਕਾਰਵਾਈ ਤੋਂ ਲਗਾਤਾਰ ਸਿਆਸੀ ਫਾਇਦਾ ਹਾਸਲ ਕਰਨ ਦੀ ਕੋਸ਼ਿਸ਼ ਵਾਸਤੇ ਵਰ੍ਹੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਫੌਜ਼ ਵੱਲੋਂ ਅਜਿਹੇ ਆਪ੍ਰੇਸ਼ਨ ਲੰਬੇ ਸਮੇਂ ਤੋਂ ਵਕਤ ਵਕਤ 'ਤੇ ਕੀਤੇ ਜਾਂਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪਹਿਲਾਂ ਰੇਡ ਕਿਹਾ ਜਾਂਦਾ ਸੀ, ਪਰ ਕੇਂਦਰ ਦੀ ਭਾਜਪਾ ਸਕਰਾਰ ਮੁੱਦੇ ਦਾ ਸਿਆਸੀਕਰਨ ਕਰਨ ਖਾਤਿਰ ਅਜਿਹੀਆਂ ਕਾਰਵਾਈਆਂ ਨੂੰ ਸਰਜੀਕਲ ਸਟ੍ਰਾਈਕਾਂ ਦਾ ਨਾਂਮ ਦੇ ਰਹੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਜਪਾ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਜੰਗ ਦੇ ਹਾਲਾਤ ਪੈਦਾ ਕਰਨ ਲਈ ਸਰਗਰਮ ਲੱਗਦੀ ਹੈ।
ਕੈਪਟਨ ਅਮਰਿੰਦਰ ਨੇ ਸ਼ਾਹ ਦੇ ਝੂਠੇ ਦਾਅਵਿਆਂ 'ਤੇ ਦੁੱਖ ਪ੍ਰਗਟਾਇਆ ਕਿ ਯੂ.ਪੀ.ਏ ਸ਼ਾਸਨ ਦੌਰਾਨ ਭਾਰਤੀ ਫੌਜ਼ੀਆਂ ਨੂੰ ਸਰਹੱਦ 'ਤੇ ਮਾਰ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦੇ ਸਿਰ ਕੱਟ ਦਿੱਤੇ ਜਾਂਦੇ ਸਨ, ਪਰ ਹੁਣ ਅਜਿਹਾ ਨਹਂੀਂ ਰਿਹਾ ਹੈ। ਉਨ੍ਹਾਂ ਨੇ ਭਾਜਪਾ ਆਗੂ ਨੂੰ ਆਪਣੇ ਤੱਥਾਂ ਨੂੰ ਠੀਕ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਬੀਤੇ ਹਫਤਿਆਂ ਦੌਰਾਨ ਸਰਹੱਦ 'ਤੇ ਭਾਰਤੀ ਜਵਾਨਾਂ ਉਪਰ ਗੈਰ ਮਨੁੱਖੀ ਹਮਲਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਲੇਕਿਨ ਭਾਜਪਾ ਆਪਣੇ ਸਿਆਸੀ ਹਿੱਤ 'ਚ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸ਼ਾਹ ਲਗਾਤਾਰ ਆਪਣੇ ਸ਼ਰਮਨਾਕ ਘਟੀਆ ਬਿਆਨਾ ਰਾਹੀਂ ਭਾਰਤੀ ਫੌਜ਼ ਦੀ ਹਿੰਮਤ ਤੇ ਕਾਬਿਲਿਅਤ ਨੂੰ ਛੋਟਾ ਦਿਖਾ ਰਹੇ ਹਨ, ਜੋ ਸਪੱਸ਼ਟ ਤੌਰ 'ਤੇ ਸੂਬੇ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਗ ਦੇ ਹਾਲਾਤ ਪੈਦਾ ਕਰਨਾ ਅਤੇ ਭਾਵਨਾਵਾਂ ਨੂੰ ਹਵਾ ਦੇਣਾ ਚਾਹੁੰਦੇ ਹਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਸਮੇਤ ਸ਼ਾਹ ਅਤੇ ਹੋਰ ਭਾਜਪਾ ਆਗੂਆਂ ਨੂੰ ਆਪਣੇ ਸਿਆਸਤ ਤੋਂ ਪ੍ਰੇਰਿਤ ਹਿੱਤਾਂ ਨੂੰ ਪ੍ਰਮੋਟ ਕਰਨ ਲਈ ਭਾਰਤੀ ਫੌਜ਼ ਦਾ ਇਸਤੇਮਾਲ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਜਿਹੇ ਬਿਆਨ ਰੱਖਿਆ ਫੌਜ਼ਾਂ ਤੇ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।