ਚੰਡੀਗੜ੍ਹ, 29 ਨਵੰਬਰ, 2016 : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਨਵਜੋਤ ਕੌਰ ਸਿੱਧੂ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਨੂੰ ਮੌਕਾਪ੍ਰਸਤੀ ਕਰਾਰ ਦਿੱਤਾ ਹੈ। ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਨਵਜੋਤ ਕੌਰ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਮਿਲਾ ਕੇ ਮੌਕਾਪ੍ਰਸਤੀ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਸ੍ਰੀ ਜੋਸ਼ੀ ਨੇ ਕਿਹਾ, 'ਇਹ ਉਹੀ ਨਵਜੋਤ ਕੌਰ ਹੈ ਜੋ ਕੈਪਟਨ ਅਮਰਿੰਦਰ ਉਤੇ ਸ਼ਬਦੀ ਹਮਲੇ ਕਰਦੀ ਹੁੰਦੀ ਸੀ। ਉਹ ਕਿਹਾ ਕਰਦੀ ਸੀ ਕਿ ਕੈਪਟਨ ਇਕ ਸ਼ਾਹੀ ਜੀਵਨ ਬਤੀਤ ਕਰਦੇ ਹਨ ਅਤੇ ਉਨ੍ਹਾਂ ਦਾ ਆਚਰਣ ਸਮਾਜ 'ਚ ਪ੍ਰਵਾਨ ਕਰਨ ਯੋਗ ਨਹੀਂ ਹੈ। ਲੇਕਿਨ ਅੱਜ ਉਨ੍ਹਾਂ ਨੂੰ ਕੈਪਟਨ ਦਾ ਪੱਲਾ ਫੜਣ ਵਿਚ ਕੋਈ ਸੰਕੋਚ ਨਹੀਂ ਹੋਇਆ।'
ਕੈਪਟਨ ਉਤੇ ਸ਼ਬਦੀ ਹਮਲਾ ਬੋਲਦੀ ਨਵਜੋਤ ਕੌਰ ਦੇ ਬਿਆਨਾਂ ਦੇ ਕੁਝ ਵੀਡੀਓ ਕਲਿੱਪ ਦਾ ਹਵਾਲਾ ਦਿੰਦਿਆਂ ਸ੍ਰੀ ਜੋਸ਼ੀ ਨੇ ਕਿਹਾ, 'ਨਵਜੋਤ ਕੌਰ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸੱਤਾ ਦਾ ਭੁੱਖਾ ਦੱਸ ਚੁੱਕੀ ਹੈ। ਉਨ੍ਹਾਂ ਕਿਹਾ ਸੀ ਕਿ ਕੈਪਟਨ ਆਪਣੀ ਪਾਰਟੀ, ਆਪਣੇ ਵਰਕਰਾਂ ਅਤੇ ਪੰਜਾਬ ਨੂੰ ਛੱਡਕੇ ਚਾਰ ਸਾਲ ਤੱਕ ਸਭ ਦੀਆਂ ਨਜ਼ਰਾਂ ਤੋਂ ਗਾਇਬ ਹੋ ਕੇ ਦੁਬਈ ਵਿਚ ਬੈਠਕੇ ਮੁਨਾਫ਼ਾ ਕਮਾਉਂਦੇ ਰਹੇ ਅਤੇ ਜਿਵੇਂ ਹੀ ਚੋਣਾਂ ਨੇੜੇ ਆਈਆਂ ਤਾਂ ਉਨ੍ਹਾਂ ਨੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਡਾ. ਸਿੱਧੂ ਨੇ ਕੈਪਟਨ ਨੂੰ ਪਾਰਲੀਮੈਂਟ ਵਿਚ ਅੰਮ੍ਰਿਤਸਰ ਦੇ ਨੁਮਾਇੰਦੇ ਵਜੋਂ ਕਾਰਗੁਜ਼ਾਰੀ ਲਈ ਦਸ ਵਿਚੋਂ ਜ਼ੀਰੋ ਨੰਬਰ ਦਿੱਤੇ ਹਨ।
ਸ੍ਰੀ ਜੋਸ਼ੀ ਨੇ ਕਿਹਾ ਕਿ ਵਕਤ ਅਜਿਹਾ ਵੀ ਆਇਆ ਸੀ ਜਦੋਂ ਨਵਜੋਤ ਕੌਰ ਨੇ ਕਿਹਾ ਸੀ ਕਿ ਕੈਪਟਨ ਗੈਰਕਾਨੂੰਨੀ ਰੇਤ ਮਾਫ਼ੀਆ ਤੇ ਹੋਰ ਗੈਰਕਾਨੂੰਨੀ ਧੰਦਿਆਂ ਵਿਰੁਧ ਧਰਨੇ 'ਤੇ ਬੈਠਦੇ ਸਨ, ਲੇਕਿਨ ਉਨ੍ਹਾਂ ਦੇ ਨਜ਼ਦੀਕੀ ਸਰਕਾਰ ਚਲਾਉਣ ਵਾਲਿਆਂ ਨਾਲ ਮਿਲਕੇ ਸ਼ਰਾਬ ਦੇ ਠੇਕੇ ਲੈਂਦੇ ਸਨ ਅਤੇ ਉਹ ਅਜਿਹੇ ਹੀ ਮਾਇਨਿੰਗ ਵਰਗੀਆਂ ਗੈਰ ਕਾਨੂੰਨੀ ਸਰਗਰਮੀਆਂ ਵਿਚ ਸ਼ਾਮਲ ਸਨ। ਜੋਸ਼ੀ ਨੇ ਕਿਹਾ ਕਿ ਸਿੱਧੂ ਜੋੜੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਕੀ ਰਾਏ ਰੱਖਦੇ ਹਨ, ਇਹ ਵੀ ਕਿਸੇ ਤੋਂ ਨਹੀਂ ਲੁਕਿਆ। ਉਨ੍ਹਾਂ ਨੇ ਇਕ ਵਾਰ ਨਵਜੋਤ ਸਿੰਘ ਸਿੱਧੂ ਦਾ ਮਜ਼ਾਕ ਉਡਾਉਂਦਿਆਂ ਕਿਹਾ ਸੀ ਕਿ ਰਾਜਨੀਤੀ ਕਾਮੇਡੀ ਸ਼ੋਅ ਨਹੀਂ, ਬਲਕਿ ਗੰਭੀਰ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਬੜੀ ਮੁਸ਼ਕਿਲ ਨਾਲ ਆਪਣੀ ਪਾਰਟੀ ਵਿਚੋਂ ਜਗਮੀਤ ਬਰਾੜ ਨੂੰ ਕੱਢਿਆ ਹੈ, ਹੁਣ ਆਪਣੀ ਪਾਰਟੀ ਵਿਚ ਕੋਈ ਦੂਸਰਾ 'ਟ੍ਰਬਲਮੇਕਰ' ਨਹੀਂ ਚਾਹੀਂਦਾ।
ਨਵਜੋਤ ਕੌਰ ਅਤੇ ਕੈਪਟਨ ਅਮਰਿੰਦਰ ਉਤੇ ਹਮਲਾ ਬੋਲਦਿਆਂ ਭਾਜਪਾ ਦੇ ਸੂਬਾ ਸਕੱਤਰ ਨੇ ਕਿਹਾ, 'ਡਾ. ਨਵਜੋਤ ਕੌਰ ਸਿੱਧੂ ਇਹ ਵੀ ਕਹਿ ਚੁੱਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹ ਬਦਲ ਨਹੀਂ, ਜਿਸਦੀ ਪੰਜਾਬ ਨੂੰ ਤਲਾਸ਼ ਹੈ। ਹੁਣ ਜਦੋਂ ਦੋਵੇਂ ਪਤੀ-ਪਤਨੀ ਨੂੰ ਕੋਈ ਵੀ ਰਾਜਨੀਤਿਕ ਪਾਰਟੀ ਨਹੀਂ ਪੁੱਛ ਰਹੀ, ਤਾਂ ਉਨ੍ਹਾਂ ਨੂੰ ਬਦਲ ਮਿਲ ਗਿਆ ਹੈ ਅਤੇ ਉਹ ਵੀ ਉਹ ਵਿਅਕਤੀ ਜਿਸਦਾ ਆਚਰਣ ਸਮਾਜ ਨੂੰ ਸਵੀਕਾਰ ਕਰਨ ਯੋਗ ਨਹੀਂ ਹੈ। ਇਸ ਨੂੰ ਮੌਕਾਪ੍ਰਸਤੀ ਨਹੀਂ ਤਾਂ ਹੋਰ ਕੀ ਕਹਾਂਗੇ।
ਸ੍ਰੀ ਜੋਸ਼ੀ ਨੇ ਕਿਹਾ ਕਿ, 'ਡਾ. ਨਵਜੋਤ ਕੌਰ ਦਾਅਵਾ ਕਰਦੀ ਹੈ ਕਿ ਉਨ੍ਹਾਂ ਨੇ ਵਿਚਾਰਧਾਰਾ ਨੂੰ ਵੇਖ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ। ਮੇਰੇ ਹਿਸਾਬ ਨਾਲ ਉਨ੍ਹਾਂ ਨੇ ਆਪਣੀ ਵਿਚਾਰਧਾਰਾ ਅਤੇ ਸਿਧਾਂਤ ਉਸੇ ਦਿਨ ਛੱਡ ਦਿੱਤੇ ਸਨ, ਜਿਸ ਦਿਨ ਉਨ੍ਹਾਂ ਨੇ ਭਾਜਪਾ ਨਾਲੋਂ ਨਾਤਾ ਤੋੜਿਆ ਸੀ।'