ਬਠਿੰਡਾ, 5 ਦਸੰਬਰ, 2016 : ਬਠਿੰਡਾ ਵਿਖੇ ਘਰੇਲੂ ਹਵਾਈ ਅੱਡਾ 11 ਦਸੰਬਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਬਠਿੰਡਾ ਤੋਂ ਘਰੇਲੂ ਉਡਾਨ ਸ਼ੁਰੂ ਹੋਣਗੀਆਂ ਜਿਸ ਨਾਲ ਯਾਤਰੀਆਂ ਨੂੰ ਆਰਾਮਦੇਹ ਅਤੇ ਜ਼ਲਦ ਸਫ਼ਰ ਕਰਨ ਦਾ ਜ਼ਰੀਆ ਮਿਲੇਗਾ ।
ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ ਹਵਾਈ ਆਵਾਜਾਈ ਦੀ ਵੱਡੀ ਸੰਭਾਵਨਾ ਹੈ ਜਿੱਥੇ ਬਠਿੰਡਾ ਅਤੇ ਨੇੜਲੇ ਇਲਾਕਿਆਂ ਤੋਂ ਸ੍ਰੀ ਨੰਦੇੜ ਸਾਹਿਬ ਜਾਣ ਦੀ ਸ਼ਰਧਾਲੂਆਂ ਦੀ ਮੰਗ ਹੈ ਉਥੇ ਵੀ ਇਹ ਹਵਾਈ ਅੱਡਾ ਜੈਪੂਰ ਜਾਣ ਵਾਲੇ ਫੌਜ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲੋੜ ਨੂੰ ਵੀ ਪੂਰਾ ਕਰੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸ੍ਰੀਨਗਰ ਵਿਖੇ ਵਪਾਰ ਅਤੇ ਮਨੋਰੰਜਨ ਲਈ ਜਾਣ ਵਾਲੇ ਯਾਤਰੀ ਅਤੇ ਮੁੰਬਈ ਵਿਖੇ ਵੱਖ-ਵੱਖ ਵਪਾਰ ਦੇ ਮੌਕੇ ਤਲਾਸ਼ਦੇ ਲੋਕਾਂ ਲਈ ਵੀ ਇਹ ਹਵਾਈ ਅੱਡਾ ਇਕ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ, ਵਪਾਰੀਆਂ, ਫੌਜੀਆਂ ਅਤੇ ਕਾਰਪੋਰੇਟ ਸੈਕਟਰ ਦੇ ਲੋਕਾਂ ਲਈ ਵੀ ਇਹ ਹਵਾਈ ਅੱਡਾ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਹਵਾਈ ਅੱਡਾ 24.6 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਵਿਰਕ ਕਲਾਂ ਵਿਖੇ 40 ਏਕੜ ਰਕਬੇ 'ਚ ਬਣਾਇਆ ਗਿਆ ਹੈ। ਹਵਾਈ ਅੱਡੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੱਥੇ ਯਾਤਰੀਆਂ ਲਈ ਹਰ ਪ੍ਰਕਾਰ ਦੀ ਸੁਵਿਧਾ ਜਿਵੇਂ ਕਿ ਕਨਵੇਅਰ ਬੈਲਟ, ਚੈਕਿੰਗ ਕਾਉਂਟਰ, ਜਨਤਕ ਐਲਾਨ ਦਾ ਸਿਸਟਮ, ਕੁਰਸੀਆਂ ਅਤੇ ਟਰਾਲੀਆਂ, ਪਾਰਕਿੰਗ ਲਈ ਥਾਂ, ਵੀ.ਆਈ.ਪੀ. ਲਈ ਥਾਂ, ਆਰ.ਓ. ਦਾ ਪਾਣੀ ਆਦਿ ਮੁਹੱਈਆ ਕਰਵਾਈ ਗਈਆਂ ਹਨ। ਇਸ ਤੋਂ ਇਲਾਵਾ ਹਵਾਈ ਅੱਡੇ ਨੂੰ 200 ਕਿਲੋਵਾਟ ਦੀ ਸਮਰਪਤ ਬਿਜਲੀ ਸਪਲਾਈ ਵੀ ਦਿੱਤੀ ਗਈ ਹੈ। ਪੂਰੇ ਹਵਾਈ ਅੱਡੇ ਦੇ ਆਲੇ ਦੁਆਲੇ 1626 ਮੀਟਰ ਲੰਬੀ ਕੰਧ ਨਾਲ ਘੇਰਿਆ ਗਿਆ ਹੈ।
ਸ੍ਰੀ ਥੋਰੀ ਨੇ ਦੱਸਿਆ ਕਿ ਯਾਤਰੀਆਂ ਅਤੇ ਹਵਾਈ ਅੱਡੇ ਨੂੰ ਸੁਰੱਖਿਅਤ ਰੱਖਣ ਲਈ ਪੁਖਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਇਸ ਵੇਲੇ ਹਵਾਈ ਅੱਡੇ ਦੀ ਸੁਰੱਖਿਆ ਦੀ ਜਿੰਮੇਦਾਰੀ ਪੰਜਾਬ ਪੁਲਿਸ ਕੋਲ ਹੈ। ਡਿਪਟੀ ਕਮਿਸ਼ਨਰ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐਸ.ਐਫ) ਨੂੰ ਲਿਖਿਆ ਹੈ ਕਿ ਉਹ ਹਵਾਈ ਅੱਡੇ ਵਿਖੇ ਸੁਰੱਖਿਆ ਸੁਵਿਧਾ ਦੇਣ । ਉਨ੍ਹਾਂ ਦੱਸਿਆ ਕਿ ਅਵਾਈ ਅੱਡੇ ਦੇ ਰਨਵੇਅ ਦੀ ਲੰਬਾਈ 2243 ਮੀਟਰ (9000 ਫੁੱਟ) ਹੈ ਅਤੇ ਇਹ ਹਵਾਈ ਅੱਡਾ ਏ-321 ਏਅਰਕਰਾਫਟ ਲਈ ਯੋਗ ਹੈ। ਇਸ ਨਵੇਂ ਬਣੇ ਟਰਮੀਨਲ ਦੀ ਸਮਰਥਾ 100 ਯਾਤਰੀਆਂ ਦੀ ਹੈ, ਇਸ ਤੋਂ ਇਲਾਵਾ 20 ਏਕੜ ਵਾਧੂ ਜ਼ਮੀਨ ਪਾਰਕਿੰਗ ਉਪਲੱਬਧ ਹੈ ।