ਗੁਰਦੁਆਰਾ ਨਿੰਮ ਸਾਹਿਬ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਸਨਮਾਨ ਕਰਦੇ ਹੋਏ ਇਲਾਕ ਨਿਵਾਸੀ ਪਤਵੰਤੇ।
ਪਟਿਆਲਾ, 5 ਦਸੰਬਰ, 2016 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ 22 ਦਸੰਬਰ ਨੂੰ ਆ ਰਹੇ ਸ਼ਹੀਦੀ ਦਿਵਸ ਤੋਂ ਪਹਿਲਾਂ-ਪਹਿਲਾਂ ਸ਼੍ਰੋਮਣੀ ਕਮੇਟੀ, ਬੜੂ ਸਾਹਿਬ ਤੇ ਬੁੱਢਾ ਦਲ ਦੇ ਪ੍ਰਬੰਧ ਹੇਠਲੇ ਸਕੂਲਾਂ 'ਚ ਪੜਦੇ ਕਰੀਬ 1 ਲੱਖ ਵਿਦਿਆਰਥੀਆਂ ਨੂੰ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੰਠ ਕਰਵਾਉਣ ਦਾ ਉਪਰਾਲਾ ਕੀਤਾ ਜਾਵੇਗਾ।
ਪ੍ਰੋ. ਬਡੂੰਗਰ ਅੱਜ ਪਿੰਡ ਆਕੜ ਵਿਖੇ ਗੁਰਦੁਆਰਾ ਨਿੰਮ ਸਾਹਿਬ 'ਚ ਕਰਵਾਏ ਸ਼ੁਕਰਾਨਾ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪ੍ਰੋ. ਬਡੂੰਗਰ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਨਣ 'ਤੇ ਗੁਰਦੁਆਰਾ ਨਿੰਮ ਸਾਹਿਬ ਆਕੜ ਤੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫਾਰ ਗ਼ਰਲਜ਼ ਆਕੜ ਸਮੇਤ ਸਮੂਹ ਇਲਾਕਾ ਨਿਵਾਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੂੰ ਵੀ ਅਕਾਲੀ ਦਲ ਵਲੋਂ ਮੁੜ ਤੋਂ ਹਲਕਾ ਘਨੌਰ ਤੋਂ ਮੁੜ ਅਪਣਾ ਉਮੀਦਵਾਰ ਐਲਾਨੇ ਜਾਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।
ਪ੍ਰੋ. ਬਡੂੰਗਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੀਬੀਆਂ ਤੇ ਨੌਜਵਾਨ ਬੱਚੀਆਂ ਨੂੰ ਸੱਦਾ ਦਿਤਾ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਮਾਤਾ ਗੁਜ਼ਰੀ ਜੀ ਅਤੇ ਸੁਪਤਨੀ ਮਾਤਾ ਜੀਤੋ ਜੀ ਨੂੰ ਅਪਣਾ ਰੋਲ ਮਾਡਲ ਬਣਾਉਣ ਤੇ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ, ਕਿਉਂਕਿ ਮਾਤਾ ਗੁਜ਼ਰੀ ਜੀ ਦੀ ਬਹੁਤ ਵੱਡੀ ਕੁਰਬਾਨੀ, ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸਾਹਿਬਜਾਦਿਆਂ ਦੀ ਮਾਂ ਹੋਣ ਦਾ ਸੁਭਾਗ ਪ੍ਰਾਪਤ ਮਾਤਾ ਜੀਤੋ ਜੀ ਅੱਜ ਦੇ ਦਿਨ ਸ੍ਰੀ ਅਨੰਦ ਪੁਰ ਸਾਹਿਬ ਨੇੜੇ ਗੁਰਦੁਆਰਾ ਅਗੰਮਪੁਰਾ ਸਾਹਿਬ ਦੇ ਅਸਥਾਨ 'ਤੇ ਜੰਗ 'ਚ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਜਪੁਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਦਾ ਮੂਲ ਸਿਧਾਂਤ ਹੈ ਇਸ ਲਈ ਸਾਡੇ ਬੱਚਿਆਂ ਨੂੰ ਇਸ ਬਾਣੀ ਦਾ ਪਾਠ ਜੁਬਾਨੀ ਯਾਦ ਕਰਵਾਉਣ ਦਾ ਤਹੱਈਆ ਕੀਤਾ ਹੈ, ਜਿਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਸੰਗਤਾਂ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਅਪਣੇ ਇਤਿਹਾਸ ਤੋਂ ਜਾਣੂ ਹੋਣ ਲਈ ਹੰਭਲੇ ਮਾਰਨ ਤਾਂ ਕਿ ਜਿਸ ਦੇਸ਼ ਤੇ ਧਰਤੀ 'ਤੇ ਉਹ ਵਸ ਰਹੇ ਹਨ, ਉਥੋਂ ਦੇ ਸਿੱਖ ਸੱਭਿਆਚਾਰ, ਵਿਰਾਸਤ, ਇਤਿਹਾਸ ਤੇ ਅਮੀਰ ਵਿਰਸੇ ਬਾਰੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਗੁਰਬਾਣੀ ਕੀਰਤਨ ਗਾਇਨ ਹੋਇਆ।
ਸ਼ੁਕਰਾਨਾ ਸਮਾਗਮ 'ਚ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਹਲਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਣਧੀਰ ਸਿੰਘ ਰੱਖੜਾ, ਮਾਰਕੀਟ ਕਮੇਟੀ ਦੇ ਚੇਅਰਮੈਨ ਨਰਦੇਵ ਸਿੰਘ ਆਕੜੀ, ਬਲਵਿੰਦਰ ਸਿੰਘ ਦੌਣਕਲਾਂ, ਯੂਥ ਆਗੂ ਹੈਰੀ ਮੁਖਮੇਲਪੁਰ, ਗੁਰਦੁਆਰਾ ਨਿੰਮ ਸਾਹਿਬ ਦੇ ਪ੍ਰਧਾਨ ਪਾਲ ਸਿੰਘ, ਗੁਰੂ ਤੇਗ ਬਹਾਦਰ ਖ਼ਾਲਸ ਕਾਲਜ ਫਾਰ ਗਰਲਜ਼ ਦੀ ਪ੍ਰਿੰਸੀਪਲ ਡਾ. ਰਜਿੰਦਰ ਕੌਰ, ਸਰਪੰਚ ਆਕੜ ਸਤਨਾਮ ਸਿੰਘ, ਦਿਆਲ ਸਿੰਘ, ਮੈਨੇਜਰ ਸੁੱਚਾ ਸਿੰਘ, ਕਰਮ ਸਿੰਘ ਸੇਹਰੀ, ਨਰਿੰਦਰਪਾਲ ਸਿੰਘ, ਦੇਵਿੰਦਰ ਸਿੰਘ ਮੱਲੀ, ਤਰਸੇਮ ਸਿੰਘ ਕੌਲੀ, ਗੁਰਚਰਨ ਸਿੰਘ, ਜਗਜੀਤ ਸਿੰਘ ਕੌਲੀ, ਦਰਬਾਰਾ ਸਿੰਘ ਆਕੜ, ਸੁਰਿੰਦਰ ਸਿੰਘ ਆਕੜੀ, ਡਾ. ਪਰਮਜੀਤ ਸਿੰਘ ਸਰੋਆ ਨਿਜੀ ਸਕੱਤਰ, ਸਰਪੰਚ ਬਲਕਾਰ ਸਿੰਘ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਸੁਖਵਿੰਦਰ ਸਿੰਘ ਗਾਗੂ, ਜਥੇਦਾਰ ਗੁਰਤੇਜ ਸਿੰਘ ਅਤਲਾ ਅਤੇ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜਰ ਸਨ।