ਜਲੰਧਰ, 6 ਦਸੰਬਰ, 2016 : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਸੋਮਵਾਰ ਦੁਪਹਿਰ ਚੁਪ-ਚੁਪੀਤੇ ਈ. ਡੀ. ਦਫਤਰ ਪਹੁੰਚੇ। ਈ. ਡੀ. ਅਧਿਕਾਰੀਆਂ ਨੇ ਰਣਇੰਦਰ ਸਿੰਘ ਤੋਂ ਕਰੀਬ 4 ਘੰਟੇ ਤਕ ਪੁੱਛਗਿੱਛ ਕਰ ਕੇ ਸਟੇਟਮੈਂਟ ਰਿਕਾਰਡ ਕੀਤੀ। ਪਤਾ ਲੱਗਾ ਹੈ ਕਿ ਰਣਇੰਦਰ ਸਿੰਘ ਤੋਂ ਉਸ ਦੀ ਕੰਪਨੀ ਦੀ ਡਿਟੇਲ ਤੇ ਪ੍ਰਾਪਰਟੀ ਸਬੰਧੀ ਦਸਤਾਵੇਜ਼ ਮੰਗੇ ਗਏ ਹਨ।
ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਇਨਕਮ ਟੈਕਸ ਵਿਭਾਗ ਵਲੋਂ ਮਾਰਚ 2016 ਵਿਚ ਲੁਧਿਆਣਾ ਦੀ ਅਦਾਲਤ ਵਿਚ ਰਣਇੰਦਰ ਸਿੰਘ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਸੀ। ਆਈ. ਟੀ. ਵਿਭਾਗ ਦੀ ਕਾਰਵਾਈ ਤੋਂ ਬਾਅਦ ਈ. ਡੀ. ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਈ. ਡੀ. ਦੇ ਜੁਆਇੰਟ ਡਾਇਰੈਕਟਰ ਗਿਰਿਸ਼ ਬਾਲੀ ਦੀ ਅਗਵਾਈ ਵਿਚ ਜਾਂਚ ਅਧਿਕਾਰੀ ਅਸਿਸਟੈਂਟ ਡਾਇਰੈਕਟਰ ਅਜਾਏ ਸਿੰਘ ਨੇ ਰਣਇੰਦਰ ਸਿੰਘ ਨੂੰ ਸੰਮਨ ਭੇਜੇ। ਪਹਿਲਾਂ ਰਣਇੰਦਰ ਸਿੰਘ 21 ਜੁਲਾਈ ਨੂੰ ਈ. ਡੀ. ਅਧਿਕਾਰੀ ਦੇ ਸਾਹਮਣੇ ਪੇਸ਼ ਹੋਏ। ਪਤਾ ਲੱਗਾ ਹੈ ਕਿ ਦੁਬਾਰਾ ਸੰਮਨ ਭੇਜੇ ਜਾਣ 'ਤੇ ਸੋਮਵਾਰ ਦੁਪਹਿਰ 2.45 ਵਜੇ ਰਣਇੰਦਰ ਸਿੰਘ ਇਕੱਲੇ ਹੀ ਚੁਪ-ਚੁਪੀਤੇ ਢੰਗ ਨਾਲ ਈ. ਡੀ. ਦਫਤਰ ਪਹੁੰਚੇ।
ਕਰੀਬ 3 ਤੋਂ 7 ਵਜੇ ਤਕ ਅਸਿਸਟੈਂਟ ਡਾਇਰੈਕਟਰ ਵਲੋਂ ਰਣਇੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਗਈ। ਸੂਤਰਾਂ ਅਨੁਸਾਰ ਰਣਇੰਦਰ ਸਿੰਘ ਤੋਂ ਯੂ. ਕੇ. ਦੇ ਜਕਾਰਦ ਟਰੱਸਟ ਵਿਚ ਸ਼ੇਅਰ ਹੋਲਡਰ ਜਾਂ ਹਿੱਸੇਦਾਰੀ ਸਬੰਧੀ ਸਵਾਲ ਪੁੱਛੇ ਗਏ। 4 ਘੰਟਿਆਂ ਦੀ ਪੁੱਛਗਿੱਛ ਦੌਰਾਨ ਪਿਛਲੀ ਪੇਸ਼ੀ 'ਤੇ ਜਾਂਚ ਅਧਿਕਾਰੀ ਵਲੋਂ ਜਕਾਰਦ ਟਰੱਸਟ ਨਾਲ ਸਬੰਧਤ, ਵੱਖ-ਵੱਖ ਕੰਪਨੀਆਂ ਸਬੰਧੀ ਅਕਾਊਂਟ ਸਟੇਟਮੈਂਟਾਂ ਮੰਗੀਆਂ ਗਈਆਂ।