ਚੰਡੀਗੜ੍ਹ, 7 ਦਸੰਬਰ, 2016 : ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਜੱਜ ਰਹੇ 64 ਸਾਲਾ ਜਗਦੀਸ਼ ਸਿੰਘ ਖੇਹਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ 'ਸੁਪਰੀਮ ਕੋਰਟ' 'ਚ ਪਹਿਲੇ ਸਿੱਖ ਮੁੱਖ ਜੱਜ ਬਣਨ ਜਾ ਰਹੇ ਹਨ। ਜਗਦੀਸ਼ ਸਿੰਘ ਖੇਹਰ ਆਪਣੇ ਸਖਤ ਫੈਸਲਿਆਂ ਕਾਰਨ ਜਾਣੇ ਜਾਂਦੇ ਹਨ। 4 ਜਨਵਰੀ ਨੂੰ ਉਹ ਚੀਫ ਜਸਟਿਸ ਆਫ ਇੰਡੀਆ (ਸੀ. ਜੇ. ਆਈ.) ਦੀ ਸਹੁੰ ਚੁੱਕਣਗੇ। ਸੁਪਰੀਮ ਕੋਰਟ ਦੇ ਮੌਜੂਦਾ ਮੁੱਖ ਜੱਜ ਟੀ. ਐੱਸ. ਠਾਕੁਰ ਨੇ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਦੱਸਣਯੋਗ ਹੈ ਕਿ ਜਸਟਿਸ ਠਾਕੁਰ 4 ਜਨਵਰੀ ਨੂੰ ਰਿਟਾਇਰਡ ਹੋਣ ਜਾ ਰਹੇ ਹਨ। ਜਸਟਿਸ ਖੇਹਰ ਸੁਪਰੀਮ ਕੋਰਟ ਦੇ 44ਵੇਂ ਅਤੇ ਸਿੱਖ ਭਾਈਚਾਰੇ ਦੇ ਪਹਿਲੇ ਚੀਫ ਜਸਟਿਸ ਹੋਣਗੇ। 27, ਅਗਸਤ 2017 ਤੱਕ ਉਹ ਸੰਬੰਧਿਤ ਪੋਸਟ ਸੰਭਾਲਣਗੇ। ਜਸਟਿਸ ਖੇਹਰ ਸਭ ਤੋਂ ਪਹਿਲਾਂ ਹਾਈਕੋਰਟ 'ਚ ਜੱਜ ਬਣੇ ਸਨ। ਇਸ ਤੋਂ ਬਾਅਦ ਨੰਵਬਰ 2009 'ਚ ਉਨ੍ਹਾਂ ਦਾ ਉਤਰਾਖੰਡ ਹਾਈਕੋਰਟ 'ਚ ਟ੍ਰਾਂਸਫਰ ਹੋਇਆ, ਜਿਥੋਂ ਉਹ ਅਗਸਤ, 2010 'ਚ ਕਰਨਾਟਕ ਹਾਈਕੋਰਟ 'ਚ ਚੀਫ ਜਸਟਿਸ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ 13 ਸਤੰਬਰ, 2011 ਨੂੰ ਸੁਪਰੀਮ ਕੋਰਟ 'ਚ ਜੱਜ ਵਜੋਂ ਅਹੁਦਾ ਸੰਭਾਲਿਆ। 2ਜੀ ਸਪੈਕਟਰਮ ਮਾਮਲੇ 'ਚ ਜਸਟਿਸ ਖੇਹਰ ਨੇ ਵੀ ਆਪਣੀ ਰਾਏ ਦਿੱਤੀ ਸੀ।
ਜਸਟਿਸ ਖੇਹਰ ਦੇ ਅੱਗੇ 2009 'ਚ ਹਾਈਕੋਰਟ ਦੇ ਜੱਜ ਰਹਿੰਦੇ ਹੋਏ 'ਸਿੱਖ' ਨੂੰ ਪਰਿਭਾਸ਼ਤ ਕਰਨ ਵਾਲਾ ਇਕ ਕੇਸ ਵੀ ਲੱਗ ਗਿਆ ਸੀ। ਜਸਟਿਸ ਖੇਹਰ ਸਣੇ ਪੂਰੀ ਬੈਂਚ ਨੇ ਇਸ ਵਿਸ਼ੇ 'ਚ ਕਈਆਂ ਦੀ ਰਾਏ ਸੁਣੀ ਸੀ। ਉਨ੍ਹਾਂ ਨੇ ਮਾਮਲੇ ਨਾਲ ਜੁੜਿਆ ਰਿਕਾਰਡ ਤੇ ਜਾਣਕਾਰੀ ਵੀ ਮੰਗੀ ਸੀ ਤਾਂ ਕਿ ਵਿਸ਼ੇ 'ਤੇ ਰੌਸ਼ਨੀ ਪਾਈ ਜਾ ਸਕੇ। ਬੇਹੱਦ ਚਰਚਿੱਤ ਮਾਮਲੇ ਦੀ ਸੁਣਵਾਈ 'ਚ ਦਿੱਲੀ ਤੱਕ ਤੋਂ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਪੁੱਜੇ ਸਨ। ਜਸਟਿਸ ਖੇਹਰ ਨੇ ਟਿਪਣੀ ਕੀਤੀ ਸੀ ਕਿ ਧਰਮ ਨੂੰ ਉਸ ਢੰਗ ਨਾਲ ਸਮਝਣਾ ਚਾਹੀਦਾ ਹੈ, ਜਿਵੇਂ ਉਹ ਹੈ ਨਾ ਕਿ ਜਿਵੇਂ ਕੋਈ ਦੂਜਾ ਇਸ ਨੂੰ ਚਾਹੁੰਦਾ ਹੈ। ਐੱਲ. ਐੱਲ. ਐੱਮ. ਕਰ ਕੇ ਬਣੇ ਸਨ ਵਕੀਲ-ਚੰਡੀਗੜ੍ਹ ਦੇ ਸਰਕਾਰੀ ਕਾਲਜ ਤੋਂ 1974 'ਚ ਜਸਟਿਸ ਖੇਹਰ ਨੇ ਸਾਇੰਸ ਵਿਸ਼ੇ 'ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ 1977 'ਚ ਪੰਜਾਬ ਯੂਨੀਵਰਸਿਟੀ ਤੋਂ ਐੱਲ. ਐੱਲ. ਬੀ. ਅਤੇ 1979 'ਚ ਐੱਲ. ਐੱਲ. ਐੱਮ. ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਵਕੀਲ ਦੇ ਤੌਰ 'ਤੇ ਪ੍ਰੈਕਟਿਸ ਸ਼ੁਰੂ ਕੀਤੀ ਸੀ।