ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਸਨਮਾਨਿਤ ਕਰਦੇ ਹੋਏ ਅਧਿਆਪਕ ਦਲ ਦੇ ਅਹੁਦੇਦਾਰ।
ਸੰਗਰੂਰ, 10 ਦਸੰਬਰ, 2016 : ਤੁਹਾਡੇ ਪਿਆਰ ਅਤੇ ਵਿਸ਼ਵਾਸ਼ ਤੋਂ ਹੀ ਮੈਨੂੰ ਕੰਮ ਕਰਨ ਦੀ ਊਰਜਾ ਮਿਲਦੀ ਹੈ। ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਹੀ ਹਲਕੇ ਦਾ ਰਿਕਾਰਡਤੋੜ ਵਿਕਾਸ ਸੰਭਵ ਹੋ ਸਕਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਅਧਿਆਪਕ ਦਲ ਪੰਜਾਬ ਵੱਲੋਂ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਦੀ ਅਗਵਾਈ ਹੇਠ ਸਰਕਾਰੀ ਰਾਜ ਸੀਨੀਅਰ ਸੈਕੰਡਰੀ ਸਕੂਲ ਲੜਕੇ (ਨੀਲ ਕੋਠੀ) ਸੰਗਰੂਰ ਵਿਖੇ ਰੱਖੇ ਗਏ ਹਲਕਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਹਾਜਰੀਨ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਅਧਿਆਪਕ ਦਲ ਵੱਲੋਂ ਸ਼੍ਰੀ ਗਰਗ ਨੂੰ ਹਲਕੇ ਦਾ ਰਿਕਾਰਡਤੋੜ ਵਿਕਾਸ ਕਰਵਾਉਣ ਲਈ ਸਨਮਾਨਿਤ ਵੀ ਕੀਤਾ ਗਿਆ।
ਸ਼੍ਰੀ ਗਰਗ ਨੇ ਸੂਬਾ ਪ੍ਰਧਾਨ ਸ. ਸੰਘਰੇੜੀ ਸਮੇਤ ਸਮੂਹ ਅਧਿਆਪਕਾਂ ਦਾ ਸਨਮਾਨ ਕਰਨ ਲਈ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਕਿ ਉਹ ਭਵਿੱਖ ਵਿੱਚ ਵੀ ਹਲਕੇ ਦੇ ਵਿਕਾਸ ਲਈ ਹਮੇਸ਼ਾ ਤੱਤਪਰ ਰਹਿਣਗੇ। ਆਪਣੇ ਸੰਬੋਧਨ ਦੌਰਾਨ ਸ਼੍ਰੀ ਗਰਗ ਨੇ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ, ਜੋ ਆਪਣੇ ਗਿਆਨ ਨਾਲ ਦੇਸ਼ ਦੇ ਭਵਿੱਖ ਬੱਚਿਆਂ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਗੂਰੂ ਤੋਂ ਬਿਨਾਂ ਗਿਆਨ ਹਾਸਲ ਨਹੀਂ ਹੁੰਦਾ ਅਤੇ ਗਿਆਨ ਵਿੱਚ ਜਿੰਦਗੀ ਅਧੂਰੀ ਹੈ। ਇਸ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਵਿੱਦਿਆ ਦੇ ਪਸਾਰ ਲਈ ਸਮੇਂ- ਸਮੇਂ 'ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ, ਉੱਥੇ ਅਧਿਆਪਕ ਵਰਗ ਦੀ ਜਰੂਰਤਾਂ ਦਾ ਵੀ ਹਮੇਸ਼ਾ ਪੂਰਾ ਖਿਆਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹਲਕਾ ਸੰਗਰੂਰ ਹੋਰਨਾਂ ਵਿਕਾਸ ਕਾਰਜਾਂ ਦੀ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਵੀ ਮੋਹਰੀ ਹਲਕਾ ਹੋਵੇਗਾ।
ਸੂਬਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਦੱਸਿਆ ਕਿ ਬਾਬੂ ਪ੍ਰਕਾਸ਼ ਚੰਦ ਗਰਗ ਨੇ ਜਿੱਥੇ ਹਲਕੇ ਦਾ ਰਿਕਾਰਡਤੋੜ ਵਿਕਾਸ ਕਰਵਾਇਆ ਹੈ, ਉੱਥੇ ਸਿੱਖਿਆ ਦੇ ਪਸਾਰ ਲਈ ਅਨੇਕਾਂ ਕੰਮ ਕੀਤੇ ਹਨ। ਸਰਕਾਰੀ ਆਈ.ਟੀ.ਆਈ. ਲੜਕੀਆਂ ਸੰਗਰੂਰ, ਮੈਰੀਟੌਰੀਅਸ ਸਕੂਲ ਘਾਬਦਾਂ, ਰਣਬੀਰ ਕਾਲਜ ਦਾ ਵਿਕਾਸ ਆਦਿ ਸ਼੍ਰੀ ਗਰਗ ਦੀ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਉਪਲੱਬਧੀਆਂ ਹਨ, ਜਿਸ ਕਰਕੇ ਅਧਿਆਪਕ ਵਰਗ ਅੱਜ ਇਨ੍ਹਾਂ ਨੂੰ ਸਨਮਾਨ ਕਰਨ ਲਈ ਫ਼ਕਰ ਮਹਿਸੂਸ ਕਰ ਰਿਹਾ ਹੈ।
ਇਸ ਮੌਕੇ ਸਮਾਰੋਹ ਨੂੰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਬਲਾਕ ਪ੍ਰਧਾਨ ਨਰਿੰਦਰ ਸਿੰਘ ਫੱਗੂਵਾਲਾ, ਗੁਰਜੰਟ ਸਿੰਘ ਬਾਲੀਆ, ਬਲਵਿੰਦਰ ਸਿੰਘ ਬੀਰਕਲਾਂ, ਲੱਖਾ ਸਿੰਘ, ਤੇਜਿੰਦਰ ਸਿੰਘ ਸੰਘਰੇੜੀ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਵਿਸ਼ਾਲ ਸ਼ਰਮਾ, ਹਰਵਿੰਦਰ ਸਿੰਘ ਗਰੇਵਾਲ, ਹਰਜੀਤ ਸਿੰਘ ਜਲਾਣ, ਪ੍ਰਿੰਸੀਪਲ ਨਰੇਸ਼ ਕੁਮਾਰ, ਪ੍ਰਿੰਸੀਪਲ ਮੋਤੀ ਸਿੰਘ, ਮਾਸਟਰ ਰਜਨੀਸ਼ ਕੁਮਾਰ, ਰਾਕੇਸ਼ ਕੁਮਾਰ, ਚਮਕੌਰ ਸਿੰਘ ਕੋਚ, ਰੇਸ਼ਮਪਾਲ ਸਿੰਘ, ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਿਰ ਸਨ।