ਬਲਾਚੌਰ (ਨਵਾਂਸ਼ਹਿਰ), 10 ਦਸੰਬਰ, 2016 ; ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਨਕਮ ਟੈਕਸ ਵਿਭਾਗ ਦੇ ਦਸਤਾਵੇਜਾਂ ਦਾ ਹਵਾਲਾਂ ਦਿੰਦਿਆਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਮਾਨਦਾਰ ਨਹੀਂ ਹਨ। ਇਸ ਲਈ ਸ਼ੱਕ ਪੈਦਾ ਹੁੰਦਾ ਹੈ ਕਿ ਵਿਜੇ ਮਾਲਿਆ ਨੂੰ ਪੈਸੇ ਲੈ ਕੇ ਦੇਸ਼ ਤੋਂ ਭੱਜਣ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਬਲਾਚੌਰ ਵਿਖੇ ਪੰਜਾਬ ਇਨਕਲਾਬ ਰੈਲੀ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਇਨਕਮ ਟੈਕਸ ਵਿਭਾਗ ਵੱਲੋਂ ਜਬਤ ਦਸਤਾਵੇਜ ਜਨਤਕ ਕੀਤੇ ਅਤੇ ਦੱਸਿਆ 15 ਅਕਤੂਬਰ 2013 ਨੂੰ ਬਿਰਲਾ ਕੰਪਨੀ ਵਿੱਚ ਰੇਡ ਹੋਈ ਅਤੇ ਉਨਾਂ ਦੇ ਦਸਤਾਵੇਜਾਂ ਵਿੱਚ ਮੁੱਖ ਮੰਤਰੀ ਗੁਜਰਾਤ ਦੇ ਨਾਂਅ ਉਤੇ 25 ਕਰੋੜ ਰੁਪਏ ਦੀ ਐਂਟਰੀ ਦਰਜ ਹੋਈ। ਇਸੇ ਤਰਾਂ 22 ਨਵੰਬਰ 2013 ਨੂੰ ਸਹਾਰਾ ਗਰੁੱਪ ਵਿੱਚ ਇਨਕਮ ਟੈਕਸ ਦੀ ਰੇਡ ਹੋਈ ਅਤੇ 30 ਅਕਤੂਬਰ 2013 ਦੀ ਐਂਟਰੀ ਥੱਲੇ ਸਹਾਰਾ ਗਰੁੱਪ ਦੇ ਜੈਸਵਾਲ ਨਾਂਅ ਦੇ ਵਿਅਕਤੀ ਰਾਹੀਂ ਨਰਿੰਦਰ ਮੋਦੀ ਨੂੰ ਢਾਈ ਕਰੋੜ ਰੁਪਏ ਦਿੱਤੇ ਦਿਖਾਏ ਗਏ। ਦੂਸਰੀ ਐਂਟਰੀ 12 ਨਵੰਬਰ 2013 ਦੀ ਹੈ, ਜਿਸ ਵਿੱਚ 5 ਕਰੋੜ 10 ਲੱਖ ਰੁਪਏ ਨਰਿੰਦਰ ਮੋਦੀ ਦੇ ਨਾਂਅ ਉਤੇ ਦਰਜ ਹਨ। ਕੇਜਰੀਵਾਲ ਨੇ ਕਿਹਾ ਕਿ ਕੁੱਝ ਹੋਰ ਐਂਟਰੀਆਂ ਵੀ ਹਨ, ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨਾਂ ਦੀ ਜਾਂਚ ਨਹੀਂ ਹੋਣ ਦੇ ਰਹੇ। ਉਨਾਂ ਕਿਹਾ ਕਿ ਜੇ ਸਹਾਰਾ ਅਤੇ ਬਿਰਲਾ ਵਰਗੀਆਂ ਕੰਪਨੀਆਂ ਤੋਂ ਪੈਸਾ ਲਿਆ ਹੈ ਤਾਂ ਵਿਜੇ ਮਾਲਿਆ ਤੋਂ ਵੀ ਪੈਸੇ ਲਏ ਗਏ ਹੋਣਗੇ।
ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਮੈਂ ਸੋਚਦਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਮਾਨਦਾਰ ਵਿਅਕਤੀ ਹਨ, ਪਰ ਇਨਕਮ ਟੈਕਸ ਵਿਭਾਗ ਦੇ ਇਨਾਂ ਦਸਤਾਵੇਜਾਂ ਦਾ ਸੱਚ ਵੇਖ ਕੇ ਅੱਜ ਕਹਿ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਮਾਨਦਾਰ ਵਿਅਕਤੀ ਨਹੀਂ ਹਨ। ਕੇਜਰੀਵਾਲ ਨੇ ਕਿਹਾ ਕਿ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਨਾਂਅ ਉਤੇ ਕੀਤੀ ਗਈ ਨੋਟਬੰਦੀ ਅਸਲ ਵਿੱਚ 8 ਲੱਖ ਕਰੋੜ ਰੁਪਏ ਦੇ ਘੋਟਾਲਾ ਹੈ। ਉਨਾਂ ਕਿਹਾ ਕਿ ਮੋਦੀ ਆਪਣੇ ਵੱਡੇ-ਵੱਡੇ ਦੋਸਤਾਂ ਦੇ ਬੈਂਕਾਂ ਤੋਂ ਲਏ ਗਏ ਕਰਜ ਨੂੰ ਮਾਫ ਕਰਨ ਲਈ ਨੋਟਬੰਦੀ ਦਾ ਖੇਲ ਖੇਡ ਰਹੇ ਹਨ। 2 ਸਾਲਾਂ ਵਿੱਚ ਇੱਕ ਲੱਖ 14 ਹਜਾਰ ਕਰੋੜ ਰੁਪਏ ਦਾ ਕਰਜ ਪਹਿਲਾਂ ਹੀ ਮਾਫ ਕਰ ਚੁੱਕੇ ਹਨ। 9 ਹਜਾਰ ਕਰੋੜ ਰੁਪਏ ਦਾ ਕਰਜ ਲੈ ਕੇ ਲੰਡਨ ਭੱਜੇ ਵਿਜੇ ਮਾਲਿਆ ਦੇ ਅਜੇ ਪਿਛਲੇ ਹਫਤੇ ਹੀ 1200 ਕਰੋੜ ਰੁਪਏ ਮਾਫ ਕੀਤੇ ਹਨ। ਕੇਜਰੀਵਾਲ ਨੇ ਪੁੱਛਿਆ ਕਿ ਜੇਕਰ ਇਨਾਂ ਧਨ-ਕੁਬੇਰਾਂ ਦਾ ਲੱਖਾਂ ਕਰੋੜ ਰੁਪਏ ਦਾ ਕਰਜ ਮਾਫ ਕੀਤਾ ਜਾ ਸਕਦਾ ਹੈ ਤਾਂ ਕਿਸਾਨਾਂ, ਵਿਦਿਆਰਥੀਆਂ ਅਤੇ ਗਰੀਬ ਲੋਕਾਂ ਦਾ ਕਰਜ ਕਿਓਂ ਮਾਫ ਨਹੀਂ ਕੀਤਾ ਜਾਂਦਾ। ਉਨਾਂ ਕਿਹਾ ਕਿ ਕੁੱਝ ਲੋਕ ਮੋਦੀ ਦੀ ਨੋਟਬੰਦੀ ਨੂੰ ਅੱਛੀ ਸਕੀਮ ਦੱਸ ਰਹੇ ਹਨ। ਉਨਾਂ ਕਿਹਾ ਕਿ ਮੋਦੀ ਦੀ ਨੋਟਬੰਦੀ ਨਾਲ ਨਾ ਤਾਂ ਕਾਲਾ ਧਨ ਬਾਹਰ ਆਇਆ ਹੈ ਅਤੇ ਨਾ ਹੀ ਇਸ ਨਾਲ ਭ੍ਰਿਸ਼ਟਾਚਾਰ ਖਤਮ ਹੋਇਆ ਹੈ। ਉਨਾਂ ਸਵਾਲ ਕੀਤਾ ਕਿ 500-1000 ਦੇ ਨੋਟ ਬੰਦ ਕਰਕੇ 2000 ਰੁਪਏ ਦਾ ਨੋਟ ਜਾਰੀ ਕਰਕੇ ਭ੍ਰਿਸ਼ਟਾਚਾਰ ਕਿਵੇਂ ਬੰਦ ਹੋ ਸਕਦਾ ਹੈ। ਵੱਡੇ ਨੋਟ ਨੇ ਤਾਂ ਭ੍ਰਿਸ਼ਟਾਚਾਰੀਆਂ ਦੀ ਸਹੂਲਤ ਵਧਾ ਦਿੱਤੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਵਾਰ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਰਲ ਮਿਲ ਕੇ ਚੋਣ ਲੜ ਹਨ, ਤਾਂਕਿ ਆਮ ਆਦਮੀ ਪਾਰਟੀ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਬਾਦਲਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਮੀਟਿੰਗ ਕਰਕੇ ਕੈਪਟਨ ਨੂੰ ਅੱਗੇ ਕਰਨ ਦਾ ਸਮਝੌਤਾ ਕਰ ਲਿਆ ਹੈ ਅਤੇ ਜਾਣ-ਬੁੱਝ ਕੇ ਕਮਜੋਰ ਉਮੀਦਵਾਰ ਦਿੱਤੇ ਜਾ ਰਹੇ ਹਨ। ਐਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੋਰਡਿੰਗ ਬੈਨਰ ਵੀ ਬਾਦਲ ਸਪਾਂਸਰ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਦੋਵੇਂ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਅਤੇ ਦੋਵਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜੇਲਾਂ ‘ਚ ਸੁੱਟੇ। ਇਸ ਲਈ ਬਾਦਲਾਂ ਨੇ ਕੈਪਟਨ ਨੂੰ ਅੱਗੇ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਦਿੱਲੀ ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਜਵਾਨਾਂ ਅਤੇ ਕਿਸਾਨਾਂ ਲਈ ਉਠਾਏ ਗਏ ਕਦਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਉਤੇ ਖਰੇ ਉਤਰੇ ਹਨ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀਆਂ ਨਿਕੰਮੀਆਂ ਸਰਕਾਰਾਂ ਨੇ ਪੰਜਾਬ ਦੀ ਜਵਾਨੀ, ਕ੍ਰਿਸਾਨੀ ਅਤੇ ਪਾਣੀ ਬਰਬਾਦ ਕਰ ਦਿੱਤਾ ਹੈ। ਉਨਾਂ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੀ ਪੰਜਾਬ ਦੀ ਖੁਸ਼ਹਾਲੀ ਬਹਾਲ ਕਰ ਸਕਦੀ ਹੈ।
ਇਸ ਮੌਕੇ ਬਲਾਚੌਰ ਤੋਂ ਉਮੀਦਵਾਰ ਬ੍ਰਿਗੇਡੀਅਰ ਰਾਜਕੁਮਾਰ, ਐਸਬੀਐਸ ਨਗਰ ਨਵਾਂਸ਼ਹਿਰ ਤੋਂ ਉਮੀਦਵਾਰ ਚਰਨਜੀਤ ਚੰਨੀ, ਬੰਗਾ ਤੋਂ ਉਮੀਦਵਾਰ ਹਰਜੋਤ ਕੌਰ, ਗੜਸ਼ੰਕਰ ਤੋਂ ਉਮੀਦਵਾਰ ਜੈ ਕ੍ਰਿਸ਼ਨ ਸਿੰਘ, ਚਮਕੌਰ ਸਾਹਿਬ ਤੋਂ ਉਮੀਦਵਾਰ ਡਾ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਜੋਨ ਕੋਆਰਡੀਨੇਟਰ ਦਰਸ਼ਨ ਸਿੰਘ ਧਾਰੀਵਾਲ ਮੰਚ ਉਤੇ ਮੌਜੂਦ ਸਨ।