ਚੰਡੀਗੜ੍ਹ, 11 ਦਸੰਬਰ, 2016 : ਰਾਜੇ-ਰਜਵਾੜੇ ਕਦੇ ਵੀ ਦਲਿਤਾਂ ਨੂੰ ਬਰਾਬਰੀ ਦਾ ਦਰਜਾ ਨਹੀਂ ਦੇ ਸਕਦੇ। ਉਹ ਸਿਰਫ ਵੋਟਾਂ ਲੈਣ ਵਾਸਤੇ ਦਲਿਤਾਂ ਨੂੰ ਨੇੜੇ ਲਾਉਂਦੇ ਹਨ ਪਰ ਉਹਨਾਂ ਦੇ ਹੱਥ ਵਿਚ ਤਾਕਤ ਦੇਣ ਵੇਲੇ ਰਜਵਾੜਿਆਂ ਨੂੰ ਸੱਪ ਸੁੰਘ ਜਾਂਦਾ ਹੈ।
ਇਹ ਸ਼ਬਦ ਕੈਬਨਿਟ ਮੰਤਰੀ ਸ਼ ਗੁਲਜ਼ਾਰ ਸਿੰਘ ਰਣੀਕੇ ਨੇ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹ ਮਸ਼ਹੂਰ ਸੂਫੀ ਗਾਇਕ ਹੰਸ ਰਾਜ ਹੰਸ ਦੇ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ 'ਤੇ ਟਿੱਪਣੀ ਕਰ ਰਹੇ ਸਨ। ਉਹਨਾਂ ਕਿਹਾ ਕਿ ਹੰਸ ਰਾਜ ਹੰਸ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਸੀ ਕਿ ਕਾਂਗਰਸ ਵਿਚ ਸ਼ਾਮਿਲ ਹੋ ਕੇ ਉਹਨਾਂ ਨੇ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰ ਲਈ ਹੈ। ਉਹਨਾਂ ਕਿਹਾ ਕਿ ਮਹਾਰਾਜਾ ਅਮਰਿੰਦਰ ਸਿੰਘ ਰਜਵਾੜਿਆਂ ਵਾਲੀ ਮਾਨਸਿਕਤਾ ਦੇ ਮਾਲਕ ਹਨ, ਜਿਹੜੇ ਦਲਿਤਾਂ ਨੂੰ ਹਮੇਸ਼ਾਂ ਘਿਰਣਾ ਭਰੀ ਨਜ਼ਰ ਨਾਲ ਵੇਖਦੇ ਹਨ। ਕੋਈ ਵੀ ਦਲਿਤ ਆਗੂ ਮਹਾਰਾਜੇ ਕੋਲੋਂ ਮਾਣ-ਸਨਮਾਨ ਦੀ ਉਮੀਦ ਨਹੀਂ ਰੱਖ ਸਕਦਾ।
ਉਹਨਾਂ ਕਿਹਾ ਕਿ ਸ੍ਰੀ ਹੰਸ ਦਾ ਕੁੱਝ ਹੀ ਮਹੀਨਿਆਂ ਮਗਰੋਂ ਕਾਂਗਰਸ ਤੋਂ ਮੋਹ ਭੰਗ ਹੋ ਜਾਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪਾਰਟੀ ਨੇ ਉਹਨਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਸਿਰਫ ਰਜਾਵਾੜਿਆਂ ਦੀ ਤੂਤੀ ਬੋਲਦੀ ਹੈ। ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਤਾਂ ਇਹ ਵੀ ਜਾਣਕਾਰੀ ਨਹੀਂ ਹੋਣੀ ਕਿ ਦਲਿਤ ਹੁੰਦੇ ਕੀ ਨੇ? ਰਾਹੁਲ ਗਾਂਧੀ ਨੇ ਵੀ ਦਲਿਤਾਂ ਉੱਤੇ ਸਿਆਸਤ ਕਰਨੀ ਹੀ ਸਿੱਖੀ ਹੈ, ਦਲਿਤਾਂ ਦੇ ਦੁੱਖਾਂ ਨੂੰ ਕਦੇ ਨਹੀਂ ਸਮਝਿਆ।
ਉਹਨਾਂ ਕਿਹਾ ਕਿ ਸੂਫੀ ਗਾਇਕ ਦੀ ਅਕਾਲੀ ਦਲ ਨਾਲ ਲੰਬੀ ਸਾਂਝ ਰਹੀ ਹੈ ਅਤੇ ਭਾਜਪਾ ਦੀ ਅਕਾਲੀ ਦਲ ਨਾਲ ਦਹਾਕਿਆਂ ਪੁਰਾਣੀ ਸਾਂਝ ਹੈ। ਇਸ ਲਈ ਹੰਸ ਦਾ ਭਾਜਪਾ ਵਿਚ ਸ਼ਾਮਿਲ ਹੋਣਾ, ਇੱਕ ਤਰ੍ਹਾਂ ਨਾਲ ਅਕਾਲੀ-ਭਾਜਪਾ ਪਰਿਵਾਰ ਵਿਚ ਵਾਪਸ ਆਉਣਾ ਹੀ ਹੈ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਪੰਜਾਬ ਦੇ ਸਾਰੇ ਵਰਗਾਂ ਦੀ ਸੱਚੀ ਪ੍ਰਤੀਨਿਧਤਾ ਕਰਦਾ ਹੈ। ਇਸ ਗਠਜੋੜ ਦੁਆਰਾ ਕਿਸਾਨਾਂ, ਵਪਾਰੀਆਂ, ਦਲਿਤਾਂ, ਪਛੜੀਆਂ ਸ਼੍ਰੇਣੀਆਂ ਅਤੇ ਹਰ ਫਿਰਕੇ ਦੇ ਲੋਕਾਂ ਨੂੰ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਵੱਡੇ ਵੱਡੇ ਆਗੂ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਅਤੇ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ।