ਗੋਨਿਆਣਾ/ਬਠਿੰਡਾ, 12 ਦਸੰਬਰ, 2016 : ਪ੍ਰਧਾਨ ਮੰਤਰੀ ਉਜਵਲਾ ਸਕੀਮ ਤਹਿਤ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਗੋਨਿਆਣਾ ਅਤੇ ਬਠਿੰਡਾ ਵਿੱਚ ਰੱਖੇ ਵੱਖ-ਵੱਖ ਸਮਾਗਮਾਂ ਦੌਰਾਨ ਜ਼ਿਲ੍ਹੇ ਦੀਆਂ ਕਰੀਬ 1200 ਲਾਭਪਾਤਰੀਆਂ ਨੂੰ 'ਸਵੱਛ ਈਧਨ, ਬਿਹਤਰ ਜੀਵਨ' ਦੇ ਨਾਅਰੇ ਹੇਠ ਗੈਸ ਕੁਨੈਕਸ਼ਨ ਅਤੇ ਚੁੱਲ੍ਹੇ ਤਕਸੀਮ ਕੀਤੇ।
ਗੋਨਿਆਣਾ ਮੰਡੀ ਵਿਚ ਰੱਖੇ ਸਮਾਗਮ ਦੌਰਾਨ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦੀ ਮੌਜੂਦਗੀ ਵਿਚ ਸ਼੍ਰੀਮਤੀ ਬਾਦਲ ਨੇ 400 ਤੋਂ ਵੱਧ ਲਾਭਪਾਤਰੀਆਂ ਨੂੰ ਗੈਸ ਚੁੱਲ੍ਹੇ ਵੰਡਦਿਆਂ ਕਿਹਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਲਾਭਪਾਤਰੀਆਂ ਦੀਆਂ ਰਸੋਈਆਂ ਦੀ ਨੁਹਾਰ ਬਦਲ ਜਾਵੇਗੀ ਕਿਉਂਕਿ ਰਸੋਈਆਂ ਵਿਚੋਂ ਧੂੰਆਂ ਖਤਮ ਕਰਕੇ ਸਵੱਛਤਾ ਦਾ ਫੈਲਾਅ ਹੀ ਇਸ ਯੋਜਨਾ ਦਾ ਮੁੱਖ ਮੰਤਵ ਹੈ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਲੋੜਵੰਦਾਂ ਦੀ ਭਲਾਈ ਲਈ ਕੇਂਦਰ ਅਤੇ ਰਾਜ ਸਰਕਾਰ ਰਲ ਕੇ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰ ਰਹੀਆਂ ਹਨ ਜਿਸ ਨਾਲ ਹਰ ਵਰਗ ਦਾ ਚਹੁੰਮੁਖੀ ਵਿਕਾਸ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਉਜਵਲਾ ਸਕੀਮ ਸਬੰਧੀ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਸ ਤਹਿਤ ਜ਼ਿਲ੍ਹਾ ਬਠਿੰਡਾ ਦੇ ਕੁੱਲ 17630 ਤੋਂ ਵੱਧ ਲਾਭਪਾਤਰੀਆਂ ਨੂੰ ਗੈਸ ਚੁੱਲ੍ਹੇ ਵੰਡੇ ਜਾਣਗੇ ਜਿਸ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਗਰੀਬਾਂ ਦੀ ਭਲਾਈ ਲਈ ਆਟਾ ਦਾਲ, ਮੁਫਤ ਦਵਾਈਆਂ, ਪੈਨਸ਼ਨ, ਸਿਹਤ ਬੀਮਾ ਯੋਜਨਾ, ਵਿਦਿਆਰਥਣਾਂ ਨੂੰ ਸਾਈਕਲਾਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਸਕੇ।
ਸ਼੍ਰੀਮਤੀ ਬਾਦਲ ਨੇ ਕਿਹਾ ਕਿ ਦੇਸ਼ ਵਿਚ ਲੰਮਾ ਸਮਾਂ ਰਾਜ ਕਰਨ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਲੋਕਾਂ ਦੀ ਭਲਾਈ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਿਸ ਦਾ ਨਤੀਜਾ ਲੋਕਾਂ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲ ਪਹਿਲਾਂ ਕੇਂਦਰ ਵਿਚ ਆਈ ਐਨ.ਡੀ.ਏ. ਸਰਕਾਰ ਨੇ ਦੇਸ਼ ਭਰ ਵਿਚ ਲੋਕ ਭਲਾਈ ਦੀਆਂ ਕਈ ਸਕੀਮਾਂ ਲਿਆ ਕੇ ਉਨ੍ਹਾਂ ਨੂੰ ਇੰਨ-ਬਿੰਨ ਲਾਗੂ ਕਰਕੇ ਲੋਕ ਭਲਾਈ ਦੇ ਖੇਤਰ 'ਚ ਵੱਡੀ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਭਲਾਈ ਦੇ ਨਾਲ ਨਾਲ ਕੇਂਦਰ ਵਲੋਂ ਕਿਸਾਨਾਂ ਦੀ ਆਮਦਨ ਵਿਚ ਭਾਰੀ ਵਾਧਾ ਕਰਨ ਦਾ ਤਹੱਈਆ ਕੀਤਾ ਗਿਆ ਸੀ ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਉਜਵਲ ਸਕੀਮ ਦੇ ਘੇਰੇ ਵਿਚ ਤਹਿਤ 3 ਲੱਖ ਪਰਿਵਾਰਾਂ ਨੂੰ ਲਿਆਂਦਾ ਜਾ ਰਿਹਾ ਹੈ ਜਿਸ ਲਈ ਪੰਜਾਬ ਸਰਕਾਰ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਰਹਿੰਦੇ ਲਾਭਪਾਤਰੀਆਂ ਨੂੰ ਵੀ ਗੈਸ ਕੁਨੈਕਸ਼ਨ ਮੁਹਈਆ ਕਰਵਾਏ ਜਾਣਗੇ। ਸ਼੍ਰੀਮਤੀ ਬਾਦਲ ਅਤੇ ਵਿਧਾਇਕ ਸ. ਦਰਸ਼ਨ ਸਿੰਘ ਕੋਟਫੱਤਾ ਨੇ ਭੁੱਚੋ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਈਆਂ ਲਾਭਪਾਤਰੀਆਂ ਨੂੰ ਗੈਸ ਚੁੱਲ੍ਹੇ ਵੰਡੇ।
ਇਸ ਉਪਰੰਤ ਬਠਿੰਡਾ ਵਿਖੇ ਰੱਖੇ ਸਮਾਗਮ ਦੌਰਾਨ ਸ਼੍ਰੀਮਤੀ ਬਾਦਲ ਅਤੇ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ ਨੇ 500 ਤੋਂ ਵੱਧ ਲਾਭਪਾਤਰੀਆਂ ਨੂੰ ਚੁੱਲ੍ਹੇ ਤਕਸੀਮ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਆਉਂਦੀਆਂ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਪਾਣੀਆਂ ਦੇ ਮੁੱਦੇ ਸਬੰਧੀ ਆਮ ਆਦਮੀ ਪਾਰਟੀ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਬਿਆਨਾਂ ਬਾਰੇ ਇੱਕ ਸਵਾਲ ਦੇ ਜਵਾਬ 'ਚ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਪਾਣੀਆਂ ਦੇ ਮੁੱਦੇ 'ਤੇ ਦੋਹਰੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਕੇਜਰੀਵਾਲ ਪੰਜਾਬ ਦੇ ਅੰਦਰ ਕੁਝ ਹੋਰ ਬਿਆਨ ਰਹੇ ਹੁੰਦੇ ਹਨ ਅਤੇ ਰਾਜ ਦੀ ਹੱਦ ਪਾਰ ਕਰਦਿਆਂ ਹੀ ਉਨ੍ਹਾਂ ਦਾ ਸਟੈਂਡ ਬਦਲ ਜਾਂਦਾ ਹੈ।
ਇਸ ਉਪਰੰਤ ਸ਼੍ਰੀਮਤੀ ਬਾਦਲ ਨੇ ਤਲਵੰਡੀ ਸਾਬੋ ਰੋਡ 'ਤੇ ਰੱਖੇ ਸਮਾਗਮ ਦੌਰਾਨ 350 ਦੇ ਕਰੀਬ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਤਕਸੀਮ ਕੀਤੇ।
ਇਨ੍ਹਾਂ ਸਮਾਗਮਾਂ ਦੌਰਾਨ ਹੋਰਨਾਂ ਤੋਂ ਇਲਾਵਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ, ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ ਆਦਿ ਮੌਜੂਦ ਸਨ।