ਮਾਨਸਾ, 13 ਦਸੰਬਰ, 2016 : ਇਨਕਲਾਬੀ ਪਾਰਟੀ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਉਮੀਦਵਾਰ ਕਾਮਰੇਡ ਸੁਰਜੀਤ ਸਿੰਘ ਕੋਟ ਧਰਮੂ ਨੇ ਆਪਣੀ ਚੋਣ ਮੁਹਿੰਮ ਦਾ ਆਰੰਭ ਆਪਣੇ ਪਿੰਡ ਕੋਟ ਧਰਮੂ ਤੋਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾ. ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਇਨਕਲਾਬੀ ਲਹਿਰ ਦੇ ਸ਼ਹੀਦਾਂ ਨੂੰ ਇਨਕਲਾਬੀ ਨਾਆਰੇ ਲਗਾ ਕੇ ਕੀਤਾ ਗਿਆ ਅਤੇ ਘਰ-ਘਰ ਪਾਰਟੀ ਦੀ ਨੀਤੀ ਲਿਜਾਣ ਲਈ ਅਤੇ ਮਜ਼ਦੂਰਾਂ ਕਿਸਾਨਾਂ ਦੇ ਸੰਘਰਸ਼ਾਂ ਦੀ ਆਵਾਜ਼ ਵਿਧਾਨ ਸਭਾ ਵਿੱਚ ਪਹੁੰਚਾਉਣ ਲਈ ਆਪਣੀ ਮੁਹਿੰਮ ਦਾ ਆਰੰਭ ਕੀਤਾ।
ਇਸ ਸਮੇਂ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾ. ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਪਾਰਟੀ ਵੱਲੋਂ ਇਸ ਵਾਰ ਪਿਛਲੇ ਸਮੇਂ ਮਜ਼ਦੂਰਾਂ ਕਿਸਾਨਾਂ ਲਈ ਕੀਤੇ ਗਏ ਸੰਘਰਸ਼, ਕਰਜ਼ਾ ਮੁਕਤੀ ਪਲਾਟ ਤੇ ਰੁਜ਼ਗਾਰ ਪ੍ਰਾਪਤੀ ਵਰਗੇ ਮਹੱਤਵਪੂਰਣ ਮੁੱਦਿਆਂ ਅਤੇ ਮਾਨ ਸਨਮਾਨ ਦੀ ਲੜਾਈ ਤੇਜ਼ ਕਰਨ ਲਈ ਚੋਣ ਲੜੀ ਜਾਵੇਗੀ। ਉਹਨਾਂ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਵੱਲੋਂ ਅਕਾਲੀ ਭਾਜਪਾ ਸਰਕਾਰ ਦੇ ਖਿਲਾਫ ਵਿਰੋਧੀ ਧਿਰ ਦਾ ਸਹੀ ਰੋਲ ਅਦਾ ਨਹੀਂ ਕੀਤਾ ਗਿਆ । ਇਹ ਰੋਲ ਪੰਜਾਬ ਦੀਆਂ ਖੱਬੀਆਂ ਧਿਰਾਂ ਵੱਲੋਂ ਆਪਣੇ ਜਨਤਕ ਸੰਘਰਸ਼ਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਇਹਨਾਂ ਪਾਰਟੀਆਂ ਕੋਲ ਕਿਰਤੀ ਲੋਕਾਂ ਲਈ ਕੋਈ ਏਜੰਡਾ ਨਹੀਂ ਹੈ ਅਤੇ ਇਹ ਝੂਠੀ ਅਤੇ ਵਿਅਕਤੀਗਤ ਬਿਆਨਬਾਜ਼ੀ ਕਰਕੇ ਸੱਤਾ ਹੜਪਣਾਂ ਚਾਹੁੰਦੀਆਂ ਹਨ। ਉਹਨਾਂ ਮਿਹਨਤਕਸ਼ ਲੋਕਾਂ ਨੂੰ ਅਪੀਲ ਕੀਤੀ ਕਿ ਇਨਕਲਾਬੀ ਸਿਆਸੀ ਤਬਦੀਲੀ ਲਈ ਅਤੇ ਨਕਸਲਬਾੜੀ ਦੀ ਵਿਰਾਸਤ ਜ਼ਿੰਦਾ ਰੱਖਣ ਲਈ ਮਜ਼ਦੂਰਾਂ ਕਿਸਾਨਾਂ ਦੇ ਸੰਘਰਸ਼ਾਂ ਦੀ ਮੋਹਰੀ ਰਹੀ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਉਮੀਦਵਾਰਾਂ ਨੂੰ ਆਉਂਦੀਆਂ ਚੋਣਾਂ ਦੌਰਾਨ ਜੇਤੂ ਕਰਵਾਇਆ ਜਾਵੇ। ਇਸ ਸਮੇਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਗੁਰਮੀਤ ਕੋਟ ਧਰਮੂ, ਗੁਰਮੀਤ ਨੰਦਗੜ੍ਹ, ਹਰਜਿੰਦਰ ਮਾਨਸ਼ਾਹੀਆ, ਬਲਵਿੰਦਰ ਸਿੰਘ ਪੰਚ, ਗੋਰਾ ਸਿੰਘ ਕੋਟ ਧਰਮੂ, ਦਰਸ਼ਨ ਸਿੰਘ ਕੋਟ, ਦਰਸ਼ਨ ਸਿੰਘ ਦਾਨੇਵਾਲਾ ਹਾਜ਼ਰ ਸਨ ।