ਚੰਡੀਗੜ੍ਹ, 13 ਦਸੰਬਰ, 2016 : ਕਾਂਗਰਸ ਪ੍ਰਧਾਨ ਮਹਾਰਾਜਾ ਅਮਰਿੰਦਰ ਸਿੰਘ ਉਹਨਾਂ ਗਿੱਲੇ ਕਾਰਤੂਸਾਂ ਨਾਲ ਸ਼ਿਕਾਰ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ, ਜਿਹਨਾਂ ਨੂੰ ਦੂਜੀਆਂ ਪਾਰਟੀਆਂ ਨਕਾਰਾ ਸਮਝ ਕੇ ਬਾਹਰ ਸੁੱਟ ਚੁੱਕੀਆਂ ਹਨ।
ਇਹ ਸ਼ਬਦ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਸ਼ ਦਲਜੀਤ ਸਿੰਘ ਚੀਮਾ ਨੇ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਅਮਰਿੰਦਰ ਦੂਜੀਆਂ ਪਾਰਟੀਆਂ ਵੱਲੋਂ ਬਾਹਰ ਕੱਢੇ ਨਕਾਰਾ ਆਗੂਆਂ ਨੂੰ ਆਪਣੇ ਫੀਲੇ ਬਣਾ ਕੇ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦਾ ਹੈ ਤਾਂ ਕਿ ਉਹ ਪਾਰਟੀ ਅੰਦਰਲੀ ਬਗਾਵਤ ਨੂੰ ਆਸਾਨੀ ਨਾਲ ਠੱਲ੍ਹ ਸਕੇ।
ਸ਼ ਚੀਮਾ ਨੇ ਕਿਹਾ ਕਿ ਅਮਰਿੰਦਰ ਨੂੰ ਵਹਿਮ ਹੈ ਕਿ ਜਿਹੜੇ ਕਾਰਤੂਸ ਅਕਾਲੀ ਦਲ ਜਾਂ ਦੂਜੀਆਂ ਪਾਰਟੀਆਂ ਵਿਚ ਨਹੀਂ ਚੱਲੇ, ਉਹ ਕਾਂਗਰਸ ਦੀ ਝੋਲੀ ਸੀਟਾਂ ਨਾਲ ਭਰ ਦੇਣਗੇ। ਉਹ ਸ਼ਾਇਦ ਭੁੱਲ ਰਿਹਾ ਹੈ ਕਿ ਜੇਕਰ ਉਹ ਸੱਚਮੁੱਚ ਕੰਮ ਦੇ ਹੁੰਦੇ ਤਾਂ ਆਪਣੀਆਂ ਪਾਰਟੀਆਂ ਵੱਲੋਂ ਹੀ ਚੋਣ ਮੈਦਾਨ ਵਿਚ ਉਤਾਰੇ ਜਾਂਦੇ। ਉਹ ਨਕਾਰਾ ਹਨ, ਇਸੇ ਕਰਕੇ ਤਾਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੈ।
ਉਹਨਾਂ ਦੱਸਿਆ ਕਿ ਕਈ ਸਿਆਣੇ ਕਾਂਗਰਸੀ ਇਸ ਸੱਚਾਈ ਨੂੰ ਜਾਣਦੇ ਹਨ, ਇਸ ਲਈ ਉਹ ਪਰਗਟ ਸਿੰਘ, ਸਰਵਣ ਸਿੰਘ ਫਿਲੌਰ, ਇੰਦਰਬੀਰ ਸਿੰਘ ਬੁਲਾਰੀਆਂ ਜਾਂ ਨਵਜੋਤ ਕੌਰ ਸਿੱਧੂ ਨੂੰ ਟਿਕਟਾਂ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ।
ਅਕਾਲੀ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਸਾਰੇ ਦਲਬਦਲੂਆਂ ਨੂੰ ਇਸ ਲਈ ਪੁਚਕਾਰ ਰਿਹਾ ਹੈ, ਕਿਉਂਕਿ ਇਹ ਸਾਰੀ ਵਣ ਵਣ ਦੀ ਲੱਕੜੀ ਉਸ ਨੇ ਖੁਦ ਇਕੱਠੀ ਕੀਤੀ ਹੈ। ਦੂਜੇ ਕਾਂਗਰਸੀ ਆਗੂ ਤਾਂ ਇਹਨਾਂ ਦਲਬਦਲੂਆਂ ਦੀ ਵਿਰੋਧਤਾ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਕਾਂਗਰਸ ਵੱਲੋਂ ਟਿਕਟਾਂ ਦਾ ਐਲਾਨ ਕਰਨ ਵਿਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ। ਦਰਅਸਲ ਅਮਰਿੰਦਰ ਸਿੰਘ ਜਾਣਦਾ ਹੈ ਕਿ ਜੇਕਰ ਇਹਨਾਂ ਦਲਬਦਲੂਆਂ ਨੂੰ ਟਿਕਟਾਂ ਨਾ ਦਿੱਤੀਆਂ ਤਾਂ ਇਹਨਾਂ ਵਿਚੋਂ ਦੋ-ਤਿਹਾਈ ਉਸੇ ਵਕਤ ਕਾਂਗਰਸ ਦਾ ਪੱਲਾ ਛੱਡ ਦੇਣਗੇ।
ਸ਼ ਚੀਮਾ ਨੇ ਕਿਹਾ ਕਿ ਦਲਬਦਲੂਆਂ ਦਾ ਕੋਈ ਦੀਨ-ਧਰਮ ਨਹੀਂ ਹੁੰਦਾ। ਇਹਨਾਂ ਨੇ ਟਿਕਟ ਨਾ ਮਿਲਣ ਕਰਕੇ ਆਪਣੀਆਂ ਪਾਰਟੀਆਂ ਨਾਲ ਦਹਾਕਿਆਂ ਪੁਰਾਣੀ ਸਾਂਝ ਨੂੰ ਤੋੜਦਿਆਂ ਇਕ ਮਿੰਟ ਨਹੀਂ ਲਾਇਆ। ਕਾਂਗਰਸ ਨਾਲ ਤਾਂ ਇਹਨਾਂ ਦੀ ਯਾਰੀ ਮਸੀਂ ਕੁਝ ਹਫਤੇ ਪੁਰਾਣੀ ਹੈ। ਉਹਨਾਂ ਕਿਹਾ ਕਿ ਇਹ ਸਾਰੇ ਗਿਰਗਿਟ ਇਕ ਪਲ ਵਿਚ ਆਪਣਾ ਅਸਲੀ ਰੰਗ ਵਿਖਾ ਦੇਣਗੇ। ਉਹਨਾਂ ਅਮਰਿੰਦਰ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਮਹਾਰਾਜੇ ਤੋਂ ਆਪਣਾ ਕਾਂਗਰਸੀ ਲਾਣਾ ਤਾਂ ਸਾਂਭ ਨਹੀਂ ਹੁੰਦਾ, ਦੂਜੀਆਂ ਪਾਰਟੀਆਂ ਤੋਂ ਆਏ ਇਹਨਾਂ ਦਲਬਦਲੂਆਂ ਨੂੰ ਉਹ ਕਿਵੇਂ ਕੰਟਰੋਲ ਕਰੇਗਾ?