ਚੰਡੀਗੜ੍ਹ, 15 ਦਸੰਬਰ, 2016 : ਪੰਜਾਬ ਕਾਂਗਰਸ ਨੇ ਬਾਦਲ ਨਾਲ ਸਬੰਧ ਰੱਖਣ ਵਾਲੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਬਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ, ਲੁਧਿਆਣਾ 'ਚ ਇਕ ਮਸ਼ਹੂਰ ਚਿਕਨ ਕਾਰਨਰ ਦੇ ਮਾਲਿਕ ਉਪਰ ਹਮਲੇ ਅਤੇ ਉਨ੍ਹਾਂ ਦੇ ਗਾਇਬ ਹੋਣ 'ਚ ਕਥਿਤ ਤੌਰ 'ਤੇ ਸ਼ਾਮਿਲ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨਾਲ ਇਕ ਵਾਰ ਫਿਰ ਤੋਂ ਸੂਬੇ ਅੰਦਰ ਕਾਨੂੰਨ ਵਿਵਸਥਾ ਦੀ ਬੁਰੀ ਹਾਲਤ ਸਾਹਮਣੇ ਆ ਗਈ ਹੈ।
ਇਸ ਲੜੀ ਹੇਠ ਪੁਲਿਸ ਉਪਰ ਸੱਤਾਧਾਰੀ ਬਾਦਲਾਂ ਦੇ ਰਿਸ਼ਤੇਦਾਰ ਦੱਸੇ ਜਾਂਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦਿਆਂ, ਪੰਜਾਬ ਕਾਂਗਰਸ ਦੇ ਆਗੂਆਂ ਮਲਕੀਅਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਹੈ ਕਿ ਦੋਸ਼ੀਆਂ ਦਾ ਹਾਲੇ ਤੱਕ ਗ੍ਰਿਫਤਾਰ ਨਾ ਹੋਣਾ, ਸਾਫ ਤੌਰ 'ਤੇ ਪੁਲਿਸ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਖਾਣੇ ਦੇ ਆਰਡਰ ਦੀ ਡਿਲਵਰੀ 'ਚ ਦੇਰੀ ਹੋਣ ਕਾਰਨ ਸ਼ਹਿਰ ਦੇ ਪ੍ਰਮੁੱਖ ਦਵਾਈਆ ਦੀਆਂ ਦੁਕਾਨਾਂ ਦੀ ਚੈਨ ਦੇ ਮਾਲਿਕ ਦੇ ਰਿਸ਼ਤੇਦਾਰਾਂ ਵੱਲੋਂ ਅਮਨ ਚਿਕਨ ਦੇ ਮਾਲਿਕ ਗੁਰਜਿੰਦਰ ਸਿੰਘ ਬਿੱਟੂ ਨੂੰ ਉਨ੍ਹਾਂ ਦੇ ਬੇਟਿਆਂ ਤੇ ਕਰਮਚਾਰੀਆਂ ਸਮੇਤ ਕੁੱਟਣ ਤੋਂ ਬਾਅਦ ਗੁਰਜਿੰਦਰ ਦੇ ਗਾਇਬ ਹੋਣ ਨੂੰ ਲੈ ਕੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਭਾਵੇਂ ਪੁਲਿਸ ਨੇ ਗੁਰਜਿੰਦਰ ਦੇ ਬੇਟੇ ਦੀ ਸ਼ਿਕਾਰਿਤ ਉਪਰ ਕੇਸ ਦਰਜ ਕਰ ਲਿਆ ਹੈ, ਲੇਕਿਨ ਪਰਿਵਾਰ ਦਾ ਦੋਸ਼ ਹੈ ਕਿ ਸੱਤਾਧਾਰੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਦੋਸ਼ੀਆਂ ਨੂੰ ਹਾਲੇ ਤੱਕ ਕਾਬੂ ਨਹੀਂ ਕੀਤਾ ਗਿਆ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਹੈ ਕਿ ਐਫ.ਆਈ.ਆਰ 'ਚ ਸ਼ਾਮਿਲ ਦੋਸ਼ੀਆਂ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਭਗਵਾਨ ਸਿੰਘ ਦੇ ਬੇਟੇ ਰਵਿੰਦਰਪਾਲ ਸਿੰਘ ਮਿੰਕੂ, ਉਸਦੇ ਭਰਾ ਸਾਧੂ, ਡੈਨੀ ਅਤੇ ਇਕ ਅਣਪਛਾਤੇ ਵਿਅਕਤੀ ਦਾ ਨਾਂਮ ਹੈ। ਇਥੋਂ ਤੱਕ ਕਿ ਗੁਰਜਿੰਦਰ ਵੱਲੋਂ ਸੋਸ਼ਲ ਮੀਡੀਆ 'ਚ ਇਕ ਸੰਦੇਸ਼ 'ਚ ਦੋਸ਼ੀਆਂ ਦਾ ਨਾਂਮ ਲਏ ਜਾਣ ਦੇ ਬਾਵਜੂਦ ਪੁਲਿਸ ਨਿਰਾਧਾਰ ਬਹਾਨੇ ਬਣਾ ਰਹੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਗੁਰਜਿੰਦਰ ਤੇ ਹੋਰਨਾਂ ਉਪਰ ਉਨ੍ਹਾਂ ਦੇ ਢਾਬੇ ਅੰਦਰ ਹਮਲਾ ਕਰਨ ਵਾਲੇ ਦੋਸ਼ੀਆਂ ਕੋਲ ਲਾਈਸੈਂਸਸ਼ੁਦਾ ਹਥਿਆਰ ਸਨ। ਜਿਸ ਤੋਂ ਸਾਫ ਹੁੰਦਾ ਹੈ ਕਿ ਸਰਕਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਣਬੁਝ ਕੇ ਹਥਿਆਰ ਜਮ੍ਹਾ ਕਰਨ ਅਤੇ ਉਨ੍ਹਾਂ ਦੇ ਪ੍ਰਸਾਰ ਉਪਰ ਰੋਕ ਲਗਾਉਣ 'ਚ ਨਾਕਾਮਯਾਬ ਰਹੀ ਹੈ। ਬਾਵਜੂਦ ਇਸਦੇ ਕਿ ਬੀਤੇ ਦਿਨੀਂ ਬਠਿੰਡਾ ਵਿਖੇ ਇਕ ਗਰਭਵਤੀ ਡਾਂਸਰ ਨੂੰ ਜਸ਼ਨ ਦੌਰਾਨ ਫਾਇਰਿੰਗ 'ਚ ਕਤਲ ਕਰ ਦਿੱਤਾ ਗਿਆ ਸੀ।
ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਖੁਦ ਡੀ.ਜੀ.ਪੀ ਮੁਤਾਬਿਕ 52 ਹਥਿਆਰਬੰਦ ਗਿਰੋਹ ਸਰਗਰਮ ਹਨ ਅਤੇ ਪੰਜਾਬ ਬਾਰੂਦ ਦੇ ਢੇਰ ਉਪਰ ਬੈਠਾ ਹੈ, ਜਿਹੜਾ ਕਿਸੇ ਵੀ ਵਕਤ ਵੱਡੇ ਪੱਧਰ 'ਤੇ ਹਿੰਸਾ ਦਾ ਸ਼ਿਕਾਰ ਹੋ ਸਕਦਾ ਹੈ।
ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਬਠਿੰਡਾ 'ਚ ਇਕ ਡਾਂਸਰ ਦੀ ਮੌਤ ਤੋਂ ਬਾਅਦ, ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿੱਖ ਕੇ ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਦੀ ਪੂਰੀ ਤਰ੍ਹਾਂ ਬਦਹਾਲੀ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਥਿਆਰਾਂ ਦੇ ਪ੍ਰਸਾਰ ਦਾ ਮੁੱਦਾ ਚੁੱਕਿਆ ਸੀ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਚੋਣ ਕਮਿਸ਼ਨ ਨੂੰ ਬਾਦਲ ਸਰਕਾਰ ਦੀ ਸ਼ੈਅ ਪ੍ਰਾਪਤ ਗੁੰਡਿਆਂ ਤੇ ਅਪਰਾਧੀਆਂ ਵੱਲੋਂ ਹਥਿਆਰ ਰੱਖਦ ਅਤੇ ਉਨ੍ਹਾਂ ਨਾਲ ਮਾਸੂਮਾਂ ਨੂੰ ਨਿਸ਼ਾਨਾ ਬਣਾਏ ਜਾਣ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਸੂਬੇ ਦੇ ਸਿਆਸੀ ਵਾਤਾਵਰਨ ਨੂੰ ਹੋਰ ਖ਼ਰਾਬ ਹੋਣ ਤੋਂ ਰੋਕਿਆ ਜਾ ਸਕੇ।