ਬਟਾਲਾ , 16 ਦਸੰਬਰ 2016 : ਵਿਧਾਨ ਸਭਾ ਹਲਕਾ ਬਟਾਲਾ ਵਲੋਂ ਆਮ ਆਦਮੀ ਪਾਰਟੀ ( ਆਪ ) ਦੇ ਉਮੀਦਵਾਰ ਅਤੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ( ਘੁੱਗੀ ) ਨੇ ਆਪਣੇ ਹਲਕੇ ਵਿੱਚ ਸ਼ੁੱਕਰਵਾਰ ਨੂੰ ਧਮਾਕੇਦਾਰ ਐਂਟਰੀ ਕਰਦੇ ਹੋਏ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢਿਆ । ਅਮਿ੍ਰਤਸਰ ਰੋਡ ਸਥਿਤ ਜੈਮਸ ਕੈਂਬਰਿਜ ਸਕੂਲ ਦੇ ਬਾਹਰ ਤੋਂ ਰੋਡ ਸ਼ੌਅ ਦੇ ਦੌਰਾਨ ਵੜੈਚ ਦੇ ਨਾਲ ਕਮੇਡੀ ਕਲਾਕਾਰ ਚਾਚਾ ਰੌਣਕੀ ਰਾਮ , ਪੀਸੀ ਪਿਆਸਾ , ਗੁਰਵਿੰਦਰ ਸਿੰਘ ਸ਼ਾਮਪੁਰਾ , ਧੀਰਜ ਵਰਮਾ ਸਮੇਤ ਹੋਰ ਨੇਤਾ ਮੌਜੂਦ ਸਨ । ਕਾਫਿਲੇ ਦੌਰਾਨ ਸੜਕ ਦੇ ਦੋਨਾਂ ਪਾਸੇ ਖੜੇ ਲੋਕਾਂ ਨੇ ਵੜੈਚ ਦਾ ਜੋਰਦਾਰ ਸਵਾਗਤ ਕੀਤਾ । ਗੱਡੀ ਦੇ ਅੱਗੇ ਮੋਟਰਸਾਇਕਿਲ ਸਵਾਰ ਨੌਜਵਾਨ ਗੁਰਪ੍ਰੀਤ ਘੁੱਗੀ ਜਿੰਦਾਬਾਦ ਅਤੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਹਰੇ ਲਗਾ ਰਹੇ ਸਨ, ਘੁੱਗੀ ਦੀ ਗੱਡੀ ਦੇ ਪਿੱਛੇ ਦਰਜਨਾਂ ਦੀ ਗਿਣਤੀ ਵਿੱਚ ਚਾਰ ਪਹਿਆ ਵਾਹਨ ਸਨ ਜਿਨਾਂ ਵਿੱਚ ਉਨਾਂ ਦੇ ਸਮਰਥਕ ਸਵਾਰ ਸਨ, ਹੌਲੀ - ਹੌਲੀ ਇਹ ਕਾਫਿਲਾ ਗਾਂਧੀ ਚੌਂਕ ਪਹੁੰਚਿਆ ਜਿੱਥੇ ਗੁਰਪ੍ਰੀਤ ਸਿੰਘ ਵੜੈਚ ਲੋਕਾਂ ਨਾਲ ਰੂ - ਬ - ਰੂ ਹੋਏ । ਗਾਂਧੀ ਚੌਂਕ ਵਿੱਚ ਟਕਸਾਲੀ ਕਾਂਗਰਸੀ ਨੇਤਾ ਰਵੀ ਭੂਸ਼ਣ ਦੱਤਾ ਨੇ ਆਪਣੇ ਸਾਥੀਆਂ ਸਹਿਤ ਘੁੱਗੀ ਨੂੰ ਫੂਲਾਂ ਦੀ ਮਾਲਾ ਪਾਈ ਅਤੇ ਨਾਅਰਾ ਲਗਾਇਆ ਨੋਟ ਵੀ ਘੁੱਗੀ ਦੇ ਤੇ ਵੋਟ ਵੀ ਘੁੱਗੀ ਦੇ । ਗਾਂਧੀ ਚੌਂਕ ਵਿੱਚ ਆਪਣੇ ਸੰਬੋਧਨ ਵਿੱਚ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ , ‘ ਮੈਂ ਬਟਾਲਾ ਦੀ ਪਵਿੱਤਰ ਧਰਤੀ ਨੂੰ ਨਤਮਸਤਕ ਹਾਂ ਅਤੇ ਇੱਥੇ ਦੇ ਲੋਕਾਂ ਦੇ ਚਰਨਾਂ ਵਿੱਚ ਅਰਦਾਸ ਕਰਨ ਆਇਆ ਹਾਂ ਕਿ ਤੁਸੀ ਅਕਾਲੀ - ਭਾਜਪਾ ਅਤੇ ਕਾਂਗਰਸ ਨੂੰ ਪਹਿਲਾਂ ਤੋਂ ਹੀ ਅਜਮਾ ਚੁੱਕੇ ਹੋ ਇੱਕ ਵਾਰ ਇਸ ਆਮ ਆਦਮੀ ਪਾਰਟੀ ਨੂੰ ਮੌਕਾ ਦੇਕੇ ਵੇਖੋ ਕਿ ‘ਦਾਸ’ ਤੁਹਾਡੀ ਕਿਵੇਂ ਸੇਵਾ ਕਰਦਾ ਹੈ । ਮੈਂ ਰੁਪਏ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ ਰਾਜਨੀਤੀ ਵਿੱਚ ਆਉਣ ਦਾ ਮੇਰਾ ਇੱਕ ਹੀ ਮਕਸਦ ਹੈ ਕਿ ਮੈਂ ਆਪਣੇ ਖੇਤਰ ਬਟਾਲਾ ਜਿੱਥੇ ਦਾ ਮੈਂ ਰਹਿਣ ਵਾਲਾ ਹਾਂ , ਜਿੱਥੇ ਮੇਰਾ ਜਨਮ ਹੋਇਆ ਮੈਂ ਉਸ ਧਰਤੀ ਨੂੰ ਪ੍ਰਨਾਮ ਕਰਣ ਅਤੇ ਇੱਥੇ ਦੇ ਲੋਕਾਂ ਦੀ ਸੇਵਾ ਕਰਣ ਲਈ ਰਾਜਨੀਤੀ ਵਿੱਚ ਆਇਆ ਹਾਂ । ’
ਵੜੈਚ ਨੇ ਕਿਹਾ ਕਿ ਇੱਥੇ ਦੇ ਲੋਕਾਂ ਨੇ ਜਿਸ ਤਰਾਂ ਪ੍ਰੇਮ ਪਿਆਰ ਦਿੱਤਾ ਹੈ ਉਸਦੇ ਲਈ ਉਹ ਸਮੁੱਚੇ ਬਟਾਲੇ ਦੇ ਅਹਿਸਾਨਮੰਦ ਹਨ। ਉਨਾਂ ਨੇ ਵਿਸ਼ਵਾਸ ਦਵਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਉਮੀਦਾਂ ਉੱਤੇ ਖਰੀ ਉਤਰੇਗੀ । ਗਾਂਧੀ ਚੌਂਕ ਤੋਂ ਰੋਡ ਸ਼ੋਅ ਜਲੰਧਰ ਰੋਡ ਦੇ ਵੱਲ ਰਵਾਨਾ ਹੋਇਆ ਅਤੇ ਜਲੰਧਰ ਰੋਡ , ਕਾਦਿਆਂ ਚੁੰਗੀ, ਉਮਰਪੁਰਾ ਤੋਂ ਹੁੰਦੇ ਹੋਏ ਸ਼੍ਰੀ ਅੱਚਲ ਮੰਦਿਰ ਪਹੁੰਚਿਆ ਜਿੱਥੇ ਸ਼੍ਰੀ ਅੱਚਲੇਸ਼ਵਰ ਮੰਦਿਰ ਅਤੇ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਵਿੱਚ ਗੁਰਪ੍ਰੀਤ ਵੜੈਚ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ।