ਨਵੀਂ ਦਿੱਲੀ, 19 ਦਸੰਬਰ, 2016 : ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਤ੍ਰਿਣਮੂਲ ਕਾਂਗਰਸ ਨੂੰ ਝਟਕਾ ਲੱਗਿਆ ਹੈ, ਜਿਸਦੇ ਕਈ ਮੁੱਖ ਆਗੂ ਪਾਰਟੀ 'ਚ ਸ਼ਾਮਿਲ ਹੋਣ ਤੋਂ ਛੇ ਮਹੀਨਿਆਂ ਤੋਂ ਘੱਟ ਸਮੇਂ ਦੇ ਅੰਦਰ ਸੋਮਵਾਰ ਨੂੰ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ।
ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਰੇਸ਼ ਗੋਗੀਆ ਦਾ ਘਰ ਵਾਪਿਸੀ 'ਤੇ ਸਵਾਗਤ ਕੀਤਾ, ਜਿਨ੍ਹਾਂ ਨੇ ਟੀ.ਐਮ.ਸੀ 'ਚ ਗੰਭੀਰ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ, ਪਟਿਆਲਾ ਤੋਂ ਪਾਰਟੀ 'ਚੋਂ ਅਸਤੀਫਾ ਦੇ ਦਿੱਤਾ। ਇਸ ਲੜੀ ਹੇਠ ਜਗਮੀਤ ਬਰਾੜ ਨਾਲ ਜਾ ਮਿੱਲਣ ਵਾਲੇ ਗੋਗੀਆ, ਜਿਨ੍ਹਾਂ ਨੂੰ ਰਾਜਪੁਰਾ ਲਈ ਟੀ.ਐਮ.ਸੀ ਦਾ ਹਲਕਾ ਇੰਚਾਰਜ਼ ਬਣਾਇਆ ਗਿਆ ਸੀ, ਨੇ ਕਿਹਾ ਕਿ ਬਰਾੜ ਦਿਸ਼ਾਹੀਣ ਮਿਸਾਈਲਾਂ ਦੇ ਸਮੂਹ ਦੇ ਮੁਖੀ ਹਨ, ਜਿਹੜੇ ਪੰਜਾਬ ਤੇ ਇਸਦੇ ਲੋਕਾਂ ਲਹੀ ਕੁਝ ਵੀ ਚੰਗਾ ਨਹੀਂ ਕਰ ਸਕਦੇ। 1988 'ਚ ਯੂਥ ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਗੋਗੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਹੀ ਇਕੋਮਾਤਰ ਪਾਰਟੀ ਹੈ, ਜਿਹੜੇ ਸੂਬੇ ਨੂੰ ਮੌਜ਼ੂਦਾ ਬੁਰੇ ਹਾਲਾਤਾਂ 'ਚੋਂ ਕੱਢ ਸਕਦੀ ਹੈ।
ਗੋਗੀਆ 1995 ਤੋਂ 2000 ਦੌਰਾਨ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਰਹੇ ਹਨ ਅਤੇ ਉਹ ਕਾਂਗਰਸ ਦੀ ਅਨੁਸ਼ਾਸਨਾਤਮਕ ਕਮੇਟੀ ਦੇ ਇਕ ਮੈਂਬਰ ਵੀ ਸਨ। ਕਾਂਗਰਸ ਸਰਕਾਰ ਦੌਰਾਨ ਉਹ ਪੰਜਾਬ ਸਟੇਟ ਟਿਊਬਵੈਲ ਕਾਰਪੋਰੇਸ਼ਨ ਦੇ ਡਾਇਰੈਕਟਰ ਵੀ ਰਹੇ ਤੇ ਪੈਪਸੂ ਟਾਊਨਸ਼ਿਪ ਡਿਵਲਪਮੇਂਟ ਬੋਰਡ ਦੇ ਮੈਂਬਰ ਵੀ ਸਨ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਅੰਦਰ ਹੋਰ ਸਿਆਸੀ ਧਿਰਾਂ 'ਚ ਨਿਰਾਸ਼ਾ ਚਰਮ ਸੀਮਾ 'ਤੇ ਹੈ ਅਤੇ ਸੂਬੇ ਦੇ ਲੋਕ ਉਨ੍ਹਾਂ ਨੂੰ ਵਰਤਮਾਨ ਹਨੇਰੇ ਹਾਲਾਤਾਂ ਤੋਂ ਰਾਹਤ ਦਿਲਾਉਣ ਵਾਸਤੇ ਕਾਂਗਰਸ ਵੱਲ ਵੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਟੀ.ਐਮ.ਸੀ ਦਾ ਪੰਜਾਬ 'ਚ ਕੋਈ ਅਧਾਰ ਨਹੀਂ ਹੈ ਤੇ ਅਜਿਹੇ 'ਚ ਇਮਾਨਦਾਰ ਅਤੇ ਵਚਨਬੱਧ ਸਿਆਸੀ ਵਰਕਰਾਂ ਵੱਲੋਂ ਆਪਣਾ ਤੇ ਪੰਜਾਬ ਦਾ ਭਵਿੱਖ ਕਾਂਗਰਸ 'ਚ ਵੇਖਣਾ ਤੈਅ ਹੈ।