ਚੰਡੀਗੜ੍ਹ, 19 ਦਸੰਬਰ, 2016 : ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਵਿੱਤ ਤੇ ਯੋਜਨਾ ਭਵਨ ਦਾ ਉਦਘਾਟਨ ਕੀਤਾ। ਇਥੇ ਸੈਕਟਰ 33-ਏ ਵਿੱਚ ਬਣਾਏ ਇਸ ਨਵੇਂ ਵਿੱਤ ਤੇ ਯੋਜਨਾ ਭਵਨ ਵਿੱਚ ਵਿੱਤ ਤੇ ਯੋਜਨਾ ਨਾਲ ਸਬੰਧਤ 11 ਵਿਭਾਗ ਸ਼ਿਫਟ ਹੋਣਗੇ ਜੋ ਇਸ ਵੇਲੇ ਚੰਡੀਗੜ੍ਹ ਤੇ ਮੁਹਾਲੀ ਵਿਖੇ ਵੱਖ-ਵੱਖ ਥਾਵਾਂ 'ਤੇ ਕੰਮ ਕਰ ਰਹੇ ਹਨ।
ਵਿੱਤ ਤੇ ਯੋਜਨਾ ਭਵਨ ਦਾ ਉਦਘਾਟਨ ਕਰਦਿਆਂ ਸ. ਢੀਂਡਸਾ ਨੇ ਦੱਸਿਆ ਕਿ 1.73 ਏਕੜ ਰਕਬੇ ਵਿੱਚ ਬਣੇ ਇਸ ਭਵਨ ਦੀ ਲਾਗਤ ਕੁੱਲ 58.15 ਕਰੋੜ ਰੁਪਏ ਆਈ ਹੈ। ਅਤਿ-ਆਧੁਨਿਕ ਨਾਲ ਲੈਸ ਇਸ ਭਵਨ ਦੀ ਪੂਰੀ ਬਿਲਡਿੰਗ ਵਾਤਾਨਕੂਲ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗ ਇਕੋ ਛੱਤ ਹੇਠ ਸਾਰੇ ਵਿਭਾਗਾਂ ਦੇ ਕੰਮਕਾਰ ਨਾਲ ਹੁਣ ਕਾਰਜਕੁਸ਼ਲਤਾ ਵਿੱਚ ਵੀ ਵਾਧਾ ਹੋਵੇਗਾ ਅਤੇ ਆਮ ਲੋਕਾਂ ਨੂੰ ਵੀ ਸੌਖਿਆ ਸੇਵਾਵਾਂ ਮਿਲਣਗੀਆਂ। ਸ. ਢੀਂਡਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਵਿੱਚ ਬੁਨਿਆਦੀ ਢਾਂਚੇ ਖੇਤਰ ਵਿੱਚ ਇਨਕਲਾਬੀ ਕੰਮ ਕੀਤੇ ਗਏ ਹਨ ਅਤੇ ਅਜਿਹੇ ਭਵਨਾਂ ਦੀ ਉਸਾਰੀ ਨਾਲ ਸੂਬਾ ਵਾਸੀਆਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਸੌਖਿਆ ਹੀ ਸੇਵਾਵਾਂ ਮਿਲਣਗੀਆਂ ਅਤੇ ਸਰਕਾਰੀ ਕੰਮ ਵਿੱਚ ਤੇਜ਼ੀ ਵੀ ਆਵੇਗੀ। ਉਨ੍ਹਾਂ ਦੱਸਿਆ ਕਿ 7 ਜੁਲਾਈ 2014 ਨੂੰ ਮੁੱਖ ਮੰਤਰੀ ਸ. ਬਾਦਲ ਨੇ ਇਸ ਭਵਨ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਅੱਜ ਇਹ ਬਣ ਕੇ ਮੁਕੰਮਲ ਹੋ ਗਿਆ।
ਇਸ ਮੌਕੇ ਮੌਜੂਦ ਪ੍ਰਮੁੱਖ ਸਕੱਤਰ, ਯੋਜਨਾ ਸ੍ਰੀਮਤੀ ਅੰਜਲੀ ਭਾਵੜਾ ਨੇ ਦੱਸਿਆ ਕਿ ਇਸ ਭਵਨ ਵਿੱਚ ਦੋ ਬਲਾਕ ਹਨ। ਏ ਬਲਾਕ ਵਿੱਚ ਛੇ ਮੰਜ਼ਿਲਾਂ ਅਤੇ ਬੀ ਬਲਾਕ ਵਿੱਚ ਦੋ ਮੰਜ਼ਿਲਾਂ ਹਨ। ਇਸ ਵਿਭਾਗ ਵਿੱਚ ਵਿੱਤ ਤੇ ਯੋਜਨਾ ਨਾਲ ਸਬੰਧਤ 11 ਵਿਭਾਗ ਸ਼ਿਫਟ ਹੋਣਗੇ ਜਿਨ੍ਹਾਂ ਵਿੱਚ ਖਜ਼ਾਨਾ, ਅਕਾਊਂਟ, ਯੋਜਨਾ, ਲਾਟਰੀ, ਛੋਟੀਆਂ ਬੱਚਤਾਂ, ਨਵੀਂ ਪੈਨਸ਼ਨ ਸਕੀਮ ਆਦਿ ਪ੍ਰਮੁੱਖ ਹਨ। ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗਾਂ ਦੀ ਬਰਾਚਾਂ ਤੋਂ ਇਲਾਵਾ ਵਿੱਤ ਮੰਤਰੀ, ਪ੍ਰਮੁੱਖ ਸਕੱਤਰ ਵਿੱਤ ਅਤੇ ਯੋਜਨਾ ਦੇ ਦਫਤਰ ਵਿੱਚ ਇਸ ਭਵਨ ਵਿੱਚ ਹਨ। ਇਸ ਤੋਂ ਇਲਾਵਾ ਮੀਟਿੰਗਾਂ ਲਈ ਕਮੇਟੀ ਰੂਮ ਬਣਾਏ ਗਏ ਹਨ। ਇਸ ਭਵਨ ਵਿੱਚ 640 ਅਧਿਕਾਰੀ ਤੇ ਕਰਮਚਾਰੀ ਬੈਠਣਗੇ ਅਤੇ 200 ਕਾਰਾਂ ਦੀ ਪਾਰਕਿੰਗ ਦੀ ਵਿਵਸਥਾ ਬਣਾਈ ਗਈ ਹੈ।
ਇਸ ਮੌਕੇ ਡਾਇਰੈਕਟਰ, ਯੋਜਨਾ ਸ੍ਰੀ ਬਲਵੰਤ ਸਿੰਘ ਨੇ ਵਿੱਤ ਮੰਤਰੀ ਸ. ਢੀਂਡਸਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਕੋਸ਼ਿਸ਼ਾਂ ਸਦਕਾ ਇਹ ਭਵਨ ਥੋੜ੍ਹੇ ਸਮੇਂ ਵਿੱਚ ਬਣ ਕੇ ਤਿਆਰ ਹੋਇਆ ਹੈ।