ਉਦਘਾਟਨ ਵਾਲੀ ਥਾਂ ਦਾ ਜਾਇਜਾ ਲੈਣ ਸਮੇਂ ਆਗੂ।
ਪਟਿਆਲਾ, 20 ਦਸੰਬਰ, 2016 : ਡਿਪਟੀ ਸੀ ਐੱਮ ਸੁਖਬੀਰ ਸਿੰਘ ਬਾਦਲ ਵਲੋਂ ਪਟਿਆਲਾ ਦਿਹਾਤੀ ਹਲਕੇ ਦੇ ਸੰਗਤ ਦਰਸ਼ਨ ਮੌਕੇ ਕੀਤੇ ਗਏ ਐਲਾਨ ਨੂੰ ਬੂਰ ਪੈ ਗਿਆ ਹੈ। ਉਨ੍ਹਾਂ ਨੇ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸਤਬੀਰ ਸਿੰਘ ਖੱਟੜਾ ਦੀਆਂ ਕੋਸ਼ਿਸ਼ਾਂ ਸਦਕਾ ਤਫ਼ਜੱਲਪੁਰਾ ਨੇੜਿਉਂ ਲੰਘਦੀ ਛੋਟੀ ਨਦੀ, ਜਿਸ ਨੂੰ ਇਸ ਵੇਲੇ ਪਟਿਆਲਾ ਦਾ ਨਰਕ ਕਿਹਾ ਜਾਂਦਾ ਹੈ, ਦੇ ਸੁੰਦਰੀਕਰਨ ਲਈ ਕਰੋੜਾਂ ਰੁਪਏ ਦੇ ਫ਼ੰਡ ਦੇਣ ਦਾ ਐਲਾਨ ਕੀਤਾ ਸੀ ਤੇ ਇਸ ਪ੍ਰਾਜੈਕਟ 'ਤੇ ਕਰੀਬ 3 ਕਰੋੜ ਰੁਪਏ ਦਾ ਖਰਚਾ ਆਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਦਸਿਆ ਕਿ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਵਲੋਂ 21 ਦਸੰਬਰ ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ। ਸ. ਖੱਟੜਾ ਨੀਂਂਹ ਪੱਥਰ ਰੱਖੇ ਜਾਣ ਵਾਲੀ ਥਾਂ ਦਾ ਜਾਇਜਾ ਲੈਣ ਪੁਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਲਾਲਵਾ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਦਿਹਾਤੀ ਸ. ਰਣਧੀਰ ਸਿੰਘ ਰੱਖੜਾ, ਜ਼ਿਲ੍ਹਾ ਮੁੱਖ ਬੁਲਾਰੇ ਚੇਅਰਮੈਨ ਨਰਦੇਵ ਸਿੰਘ ਆਕੜੀ ਤੇ ਹੋਰ ਆਗੂ ਮੌਜੂਦ ਸਨ।
ਸ. ਖੱਟੜਾ ਨੇ ਦਸਿਆ ਕਿ ਇਸ ਛੋਟੀ ਨਦੀ ਦੇ ਨਾਲ-ਨਾਲ ਤਫੱਜਲਪੁਰ ਤੋਂ ਸ਼ੁਰੂ ਹੋ ਕੇ ਰਾਜਪੁਰਾ ਜਾਣ ਵਾਲੀ ਜੀਟੀ ਰੋਡ ਤਕ 100 ਫੁਟੀ ਸੜਕ ਬਣੇਗੀ ਤੇ ਇਸਦੇ ਕਿਨਾਰਿਆਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਸ ਇਲਾਕੇ ਦੀ ਮੁੱਖ ਮੰਗ ਸੀ ਜਿਸ ਨੂੰ ਸਰਕਾਰ ਨੇ ਪੂਰਾ ਕਰ ਦਿਤਾ ਹੈ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਾਜੈਕਟ ਦੇ ਉਦਘਾਟਨ ਸਮੇਂ ਜਰੂਰ ਪੁੱਜਣ।